ਸਿਡਨੀ ਦੇ ਵੋਲੋਨਗੋਂਗ ਵਿਖੇ, ਵਾਰੀਲਾ ਦੇ ਬਾਰਾਕ ਪੁਆਇੰਟ -ਨਜ਼ਦੀਕ ਸ਼ੈਲਹਾਰਬਰ ਵਿਖੇ ਇੱਕ 8 ਸਾਲਾਂ ਦੇ ਬੱਚੇ ਉਪਰ ਆਕਾਸ਼ੀ ਬਿਜਲੀ ਗਿਰਨ ਕਾਰਨ, ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲਾਈਫ਼ ਗਾਰਡਾਂ ਨੇ ਜਦੋਂ ਜ਼ਖ਼ਮੀ ਬੱਚੇ ਨੂੰ ਪਾਣੀ ਵਿੱਚੋਂ ਬੇਹੋਸ਼ੀ ਦੀ ਹਾਲਤ ਵਿੱਚੋਂ ਕੱਢਿਆ ਤਾਂ ਉਸਦੀ ਛਾਤੀ ਉਪਰ ਜਲਣ ਦੇ ਜ਼ਖ਼ਮ ਸਨ ਅਤੇ ਉਹ ਸਾਹ ਨਹੀਂ ਲੈ ਰਿਹਾ ਸੀ।
ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਦੇ ਤੁਰੰਤ ਬਾਅਦ ਵੈਸਟਮੀਡ ਹਸਪਤਾਲ (ਪੱਛਮੀ ਸਿਡਨੀ) ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਬੱਚੇ ਦੀ ਹਾਲਤ ਨਾਜ਼ੁਕ ਪਰੰਤੂ ਸਥਿਰ ਹੈ ਅਤੇ ਇਲਾਜ ਜਾਰੀ ਹੈ।
ਬੀਤੇ ਕੱਲ੍ਹ, ਸ਼ਾਮ ਨੂੰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਆਸਟ੍ਰੇਲੀਆ ਡੇਅ ਮਨਾਉਣ ਖਾਤਰ ਨਿਊ ਸਾਊਥ ਵੇਲਜ਼ ਦੇ ਵੱਖਰੇ ਵੱਖਰੇ ਬੀਚਾਂ ਉਪਰ ਜਮਾਂ ਹੋਏ ਸਨ ਅਤੇ ਇਸੇ ਦੌਰਾਨ ਸਿਡਨੀ ਵਿੱਚ ਇਹ ਹਾਦਸਾ ਵਾਪਰ ਗਿਆ।
ਸਰਫ਼ ਲਾਈਫ਼ ਸੇਵਿੰਗ ਵਿਭਾਗ ਦੇ ਦੱਸਣ ਅਨੂਸਾਰ, ਬੀਤੇ ਕੱਲ੍ਹ ਦੌਰਾਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਐਕਸ਼ਨ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਮੁਸੀਬਤ ਆਦਿ ਵਿੱਚੋਂ ਬਚਾਇਆ ਗਿਆ ਹੈ। ਇਸ ਵਿੱਚ ਅਜਿਹੇ 20 ਐਕਸ਼ਨ ਅਜਿਹੇ ਵੀ ਸ਼ਾਮਿਲ ਹਨ ਜਿਨ੍ਹਾਂ ਰਾਹੀਂ ਲੋਕਾਂ ਨੂੰ ਪੂਰਬੀ ਸਿਡਨੀ ਖੇਤਰ ਵਿਚਲੇ ਮਾਰੂਬਰਾ ਵਿਖੇ ਸਮੁੰਦਰ ਦੇ ਪਾਣੀਆਂ ਵਿੱਚ ਡੁੱਬਣ ਤੋਂ ਵੀ ਬਚਾਇਆ ਗਿਆ ਹੈ ਅਤੇ ਵੋਨੂਨਾ (ਵੋਲੋਨਗੋਂਗ) ਵਿਖੇ ਵੀ 12 ਲੋਕਾਂ ਨੂੰ ਡੁੱਬਣ ਤੋਂ ਬਚਾਇਆ ਗਿਆ ਹੈ।
ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਤੂਫ਼ਾਨਾਂ ਅਤੇ ਬਿਜਲੀ ਗਿਰਨ ਦੀਆਂ ਸੰਭਾਵਨਾਵਾਂ ਦਰਸਾਈਆਂ ਜਾ ਚੁਕੀਆਂ ਹਨ ਅਤੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਵਿਭਾਗ ਦੀਆਂ ਚਿਤਾਵਨੀਆਂ ਨੂੰ ਅਣਗੌਲਿਆ ਨਾ ਕੀਤਾ ਜਾਵੇ ਅਤੇ ਜਿੱਥੇ ਕਿਤੇ ਵੀ ਅਜਿਹੀ ਚਿਤਾਵਨੀ ਦੇ ਸੰਕੇਤ ਆਦਿ ਦਿਖਾਈ ਦੇਣ, ਤੁਰੰਤ ਅਜਿਹੀਆਂ ਥਾਂਵਾਂ ਉਪਰ ਚੇਤੰਨ ਹੋ ਜਾਣਾ ਚਾਹੀਦਾ ਹੈ ਅਤੇ ਚਿਤਾਵਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਨਾਲ ਕਈ ਤਰ੍ਹਾਂ ਦੇ ਕੁਦਰਤੀ ਜਾਂ ਗ਼ੈਰ ਕੁਦਰਤੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।