ਸਿਡਨੀ ਵਾਲੇ ਸਾਵਧਾਨ! ਆ ਰਿਹਾ ‘ਫਨਲ ਮੱਕੜਾ’

ਪੱਕੜੋ… ਤੇ ਲਿਆਓ ਆਸਟ੍ਰੇਲੀਆਈ ਰੈਪਟਾਈਲ ਪਾਰਕ ਕੋਲ

ਪ੍ਰਸ਼ਾਸਨਿਕ ਤੌਰ ਤੇ ਆਸਟ੍ਰੇਲੀਆਈ ਰੈਪਟਾਈਲ ਪਾਰਕ ਨੇ, ਸਿਡਨੀ ਨਿਵਾਸੀਆਂ ਨੂੰ ਚਿਤਾਵਨੀ ਦਿੰਦਿਆਂ ਦੱਸਿਆ ਗਿਆ ਹੈ ਕਿ ਮੌਸਮ ਦੇ ਬਦਲਾਅ ਅਤੇ ਬਰਸਾਤ ਦੇ ਚਲਦਿਆਂ ਹੁਣ ਅਜਿਹਾ ਵਾਤਾਵਾਰਣ ਬਣਨ ਜਾ ਰਿਹਾ ਹੈ ਜਿੱਥੇ ਕਿ ਫਨਲ ਮੱਕੜੇ ਆਪਣੀਆਂ ਖੁੱਡਾਂ ਆਦਿ ਵਿੱਚੋਂ ਬਾਹਰ ਨਿਕਲਦੇ ਹਨ ਅਤੇ ਸਾਥੀ ਦੀ ਭਾਲ਼ ਵਿੱਚ ਇੱਧਰ ਉਧਰ ਭਟਕਦੇ ਹਨ। ਇਹ ਖ਼ਤਰਨਾਕ ਵੀ ਹਨ ਅਤੇ ਇਨ੍ਹਾਂ ਦਾ ਡੰਗ ਮਾਰੂ ਅਸਰ ਵੀ ਪਾ ਸਕਦਾ ਹੈ। ਘਰਾਂ ਅਤੇ ਪਾਰਕਾਂ ਵਿੱਚ ਆਮ ਹੀ ਪਾਏ ਜਾ ਸਕਦੇ ਹਨ।
ਪਾਰਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕੋਈ ਇਨ੍ਹਾਂ ਨੂੰ ਸਾਵਧਾਨੀ ਨਾਲ ਪਕੜ ਸਕਦਾ ਹੈ ਤਾਂ ਸਾਫ਼ ਡੱਬੇ ਵਿੱਚ ਬੰਦ ਕਰਕੇ ਪਾਰਕ ਦੇ ਕਿਸੇ ਵੀ ਨਜ਼ਦੀਕੀ ‘ਡਰਾਪ ਆਫ਼’ ਕੇਂਦਰ ਤੇ ਜਾ ਕੇ ਇਨ੍ਹਾਂ ਨੂੰ ਪਾਰਕ ਦੇ ਸਟਾਫ ਮੈਂਬਰਾਂ ਆਦਿ ਕੋਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਪਾਰਕ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਗਿਆ ਹੈ ਜਿਸ ਦੇ ਤਹਿਤ ਇਸ ਕੀਟ ਦੇ ਡੰਗ ਆਦਿ ਦੇ ਜ਼ਹਿਰ ਤੋਂ ਬਚਾਅ ਵਾਸਤੇ ਉਪਾਅ ਕੀਤੇ ਜਾਂਦੇ ਹਨ ਅਤੇ ਜਮ੍ਹਾਂ ਕੀਤੇ ਗਏ ਕੀਟ ਇਸੇ ਵਾਸਤੇ ਵਰਤੇ ਜਾਂਦੇ ਹਨ।
ਇਸ ਪਾਰਕ ਵਿੱਚੋਂ ਇਸ ਮੱਕੜੇ ਦੇ ਜ਼ਹਿਰ ਨੂੰ ਇਕੱਠਾ ਕਰਕੇ ਸਮੁੱਚੇ ਆਸਟ੍ਰੇਲੀਆ ਵਿੱਚ ਭੇਜਿਆ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ 1980 ਵਿੱਚ ਕੀਤੀ ਗਈ ਸੀ।