ਟੋਇਆਹ ਕੋਰਡਿੰਗਲੇ ਦੇ ਕਤਲ ਦੇ ਇਲਜ਼ਾਮਾਂ ਤਹਿਤ ਹੈ ‘ਵਾਂਟੇਡ’

ਸਾਲ 2018 ਵਿੱਚ ਇੱਕ ਮਹਿਲਾ -ਟੋਇਆਹ ਕੋਰਡਿੰਗਲੇ, ਦੇ ਕਤਲ ਦੇ ਮਾਮਲੇ ਤਹਿਤ, ਕੁਈਨਜ਼ਲੈਂਡ ਪੁਲਿਸ ਵੱਲੋਂ ਵਾਂਟੇਡ ਮੁਲਜ਼ਮ, ਰਾਜਵਿੰਦਰ ਸਿੰਘ, ਜੋ ਕਿ ਇਸ ਸਮੇਂ ਭਾਰਤੀ ਜੇਲ੍ਹ ਵਿੱਚ ਹੈ, ਨੂੰ ਦਿੱਲੀ ਦੀ ਅਦਾਲਤ ਹਵਾਲਗੀ ਦੇ ਤਹਿਤ ਕੀ ਆਸਟ੍ਰੇਲੀਆਈ ਪੁਲਿਸ ਨੂੰ ਸੌਂਪ ਦੇਵੇਗੀ…. ਇਸ ਦਾ ਫ਼ੈਸਲਾ ਅੱਜ ਭਾਰਤੀ ਅਦਾਲਤ ਦੇ ਮਾਣਯੋਗ ਜੱਜ ਕਰਨਗੇ।
ਜ਼ਿਕਰਯੋਗ ਹੈ ਕਿ 4 ਸਾਲ ਪਹਿਲਾਂ ਕੋਰਡਿੰਗਲੇ ਦੀ ਮ੍ਰਿਤਕ ਦੇਹ ਉਤਰੀ ਕਰੇਨਜ਼ ਦੇ ਵਾਂਘੇਟੀ ਬੀਚ ਤੋਂ ਕੁਈਨਜ਼ਲੈਂਡ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸੀ ਅਤੇ 38 ਸਾਲਾਂ ਦਾ ਰਾਜਵਿੰਦਰ ਸਿੰਘ ਇਸ ਮਾਮਲੇ ਤਹਿਤ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਲੋੜੀਂਦਾ ਸੀ। ਬੀਤੇ ਸਾਲ ਨਵੰਬਰ ਦੇ ਮਹੀਨੇ ਦੌਰਾਨ ਪੁਲਿਸ ਨੇ ਇਸ ਬਾਬਤ 1 ਮਿਲੀਅਨ ਡਾਲਰਾਂ ਦਾ ਇਨਾਮ ਵੀ ਰੱਖਿਆ ਸੀ।
ਜ਼ਿਕਰਯੋਗ ਹੈ ਕਿ ਰਾਜਵਿੰਦਰ ਸਿੰਘ ਚਾਰ ਸਾਲ ਪਹਿਲਾਂ ਕਤਲ ਹੋਣ ਤੋਂ ਬਾਅਦ ਭਾਰਤ ਚਲਾ ਗਿਆ ਸੀ ਅਤੇ ਉਸਦੀ ਭਾਲ਼ ਵਿੱਚ ਪੁਲਿਸ ਲੱਗੀ ਸੀ। ਬੀਤੇ ਮਹੀਨੇ, ਦਿਸੰਬਰ ਵਿੱਚ ਉਕਤ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮਾਮਲੇ ਤਹਿਤ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ ਅਤੇ ਆਸਟ੍ਰੇਲੀਆ ਹੀ ਜਾਣਾ ਚਾਹੁੰਦਾ ਹੈ ਅਤੇ ਉਥੇ ਹੀ ਇਸ ਮਾਮਲੇ ਤਹਿਤ ਆਪਣਾ ਪੱਖ ਰੱਖਣਾ ਚਾਹੁੰਦਾ ਹੈ।
ਰਾਜਵਿੰਦਰ ਭਾਰਤੀ ਮੂਲ ਦਾ ਆਸਟ੍ਰੇਲੀਆਈ ਨਾਗਰਿਕ ਹੈ ਅਤੇ ਇਸਦੀ ਪਤਨੀ ਅਤੇ 3 ਬੱਚੇ ਹਨ ਜੋ ਆਸਟ੍ਰੇਲੀਆ ਹੀ ਰਹਿੰਦੇ ਹਨ। ਰਾਜਵਿੰਦਰ ਬੀਤੇ 4 ਸਾਲਾਂ ਤੋਂ ਆਸਟ੍ਰੇਲੀਆ ਤੋਂ ਫ਼ਰਾਰ ਦੱਸਿਆ ਜਾਂਦਾ ਹੈ ਅਤੇ ਇਹ ਭਾਰਤ ਵਿੱਚ ਹੀ ਰਹਿ ਰਿਹਾ ਸੀ।
ਕੁਈਨਜ਼ਲੈਂਡ ਪੁਲਿਸ ਦੇ 1 ਮਿਲੀਅਨ ਇਨਾਮ ਦੀ ਘੋਸ਼ਣਾ ਦੇ 4 ਹਫ਼ਤਿਆਂ ਦੇ ਅੰਦਰ ਅੰਦਰ ਹੀ ਪੁਲਿਸ ਵੱਲੋਂ ਰਾਜਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।