ਪਿੰਡ, ਪੰਜਾਬ ਦੀ ਚਿੱਠੀ (125)

ਮਿਤੀ : 08-01-2023

‘ਨਵਾਂ ਸਾਲ ਮੁਬਾਰਕ’ ਕਰਦੇ ਮਿੱਤਰੋ, ਖ਼ੁਸ਼-ਆਮਦੀਦ। ਅਸੀਂ ਇੱਥੇ ਕੱਕਰ, ਠੰਡ ਵਿੱਚ ਘਾਹ ਦੇ ਤਿਣਕੇ ਵਾਂਗ ਲੁਕੇ ਬੈਠੇ ਹਾਂ। ਤੁਹਾਡੀਆਂ ਫੁੱਟਾਂ ਦੇ ਹਿਸਾਬ ਵਾਲੀਆਂ ਬਰਫ਼ਾਂ ਦੀਆਂ ਵੀਡੀਓ ਵੇਖ ‘ਰੱਬ ਮੇਹਰ ਕਰੇ’ ਦੀ ਜੋਦੜੀ ਕਰ ਰਹੇ ਹਾਂ। ਅੱਗੇ ਸਮਾਚਾਰ ਇਹ ਹੈ ਕਿ, ਸਾਰਿਆਂ ਨੇ ਨਵੇਂ ਸਾਲ ਲਈ, ਸੁੱਖ ਮੰਗੀ ਹੈ ਪਰ ਬਾਬੇ ‘ਕਾਲੀ ਦੀ ਅਰਦਾਸ ਸੁਣ’ ਸਾਰੇ ਦਿਲੋਂ ਖ਼ੁਸ਼ ਹੋਏ। ਨਵੇਂ ਸਾਲ ਗੁਰੂ-ਘਰ, ਸਵੇਰੇ, ਨਿਤਨੇਮ ਮਗਰੋਂ ਗਰਮਾ-ਗਰਮ ਕੜਾਹ ਪ੍ਰਸ਼ਾਦ ਖੁੱਲ੍ਹਾ ਵਰਤਣਾ ਸੀ। ਬੜੀ ਸੰਗਤ ਜੁੜੀ ਸੀ। ਬਾਬੇ ਅਕਾਲੀ ਨੇ ਪਾਠ ਮਗਰੋਂ, ਗਲ ‘ਚ ਪੱਲਾ ਪਾ ਬੇਨਤੀ ਕੀਤੀ, ”…..ਹੇ ਕਲਗੀ ਆਲਿਆ, ਇਸ ਸਾਲ ‘ਵੱਡੇ ਨੌਡੀ ਖਾਂ’ ਬਣੇ ਫਿਰਦੇ, ਲੀਡਰਾਂ ਨੂੰ, ‘ਮੱਤ ਦੇਹ’, ਕਿ ਇਹ ਲੋਕਾਂ ਬਾਰੇ ਸੋਚਣ। ਕਿਸੇ ਪਿਓ ਨੂੰ ਆਪਣੀ ਹਿੱਕ ‘ਤੇ ਪੱਥਰ ਧਰ ਕੇ, ਪੁਰਖਿਆਂ ਦੀ ਜ਼ਮੀਨ ‘ਭੋਅ ਦੇ ਭਾਅ’ ਸੁੱਟ ਕੇ, ਇਕਲੌਤੀ ਔਲਾਦ ਨੂੰ ‘ਮਜਬੂਰਨ’ ਸੱਤ ਸਮੁੰਦਰ ਪਾਰ, ਮੁਸ਼ਕਲਾਂ ‘ਚ ਨਾ ਭੇਜਣਾ ਪਵੇ। ਸਾਨੂੰ ਬਲ ਦੇ, ਅਸੀਂ ਬੁਰਾਈ ਦਾ ਵਿਰੋਧ ਕਰੀਏ, ਕੰਮ ਲਈ ਹਿੰਮਤ ਮਿਲੇ, ਲੋੜਵੰਦਾਂ ਦੀ ਬਾਂਹ ਫ਼ੜੀਏ। ਦਸਾਂ ਨਹੁੰਆਂ ਦੀ ਕਰਕੇ, ਵੰਡਦੇ ਰਹੀਏ। ਮਨੁੱਖਤਾ ਵਿੱਚ ਪਿਆਰ ਬਖ਼ਸ਼। ਫ਼ਸਲਬਾੜੀ, ਪਸ਼ੂ ਅਤੇ ਕਾਰੋਬਾਰਾਂ ਲਈ ਤਾਕਤ ਦੇ। ਸੰਤ-ਸਿਪਾਹੀ ਬਣਾ। ਕਿਸੇ ‘ਰੱਬੀ ਜੀਅ ਤੋਂ’ ਕੌਂਸ ਨਾ ਮੰਨੀਏ। ਵੰਡ ਕੇ ਖਾਈਏ। ਚੰਗਾ ਦਾਤਾ, ਤੇਰੇ ਭਾਣੇ ‘ਚ ਖ਼ੁਸ਼ ਹਾਂ। ਹਰ ਮੈਦਾਨ ਚੜ੍ਹਦੀ ਕਲ੍ਹਾ ਵਿੱਚ ਰੱਖੀਂ। ਹੰਕਾਰ ਨਾ ਆਵੇ, ਬੀਰ-ਰਸ ਆਵੇ। ਦੇਸ-ਪ੍ਰਦੇਸ ਸ਼ਾਂਤੀ ਵਰਤੇ। ਪਾਤਸ਼ਾਹ ਸੇਈ ਪਿਆਰੇ ਮੇਲ, ਜਿੰਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ। ਭੁੱਲ ਚੁੱਕ ਮਾਫ਼। ਨਾਨਕ ਨਾਮ ਚੜ੍ਹਦੀ ਕਲਾ, ਤੇਰੇ-ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕੀ ਫਤਹਿ।” ਮੱਥਾ ਟੇਕ ਕੇ ਸਾਰੇ ਖੜੇ ਹੋਏ ਤਾਂ ਬਾਬੇ ਦੀਆਂ ਅੱਖਾਂ ਵਿੱਚ ਨੀਰ ਸੀ। ਸਾਰੇ ਦ੍ਰਵਿਤ ਹੋ ਗਏ। ਬਾਬੇ ਦੀ ਅਰਦਾਸ ਦੀ ਚਰਚਾ, ਹਰ ਮੋੜ ਅਤੇ ਘਰ-ਘਰ ਹੋਈ।
ਹੋਰ, ਹੁਣ ਕੁੜੀਆਂ ਸਾਉਣ ਦੀਆਂ ਤੀਆਂ ਦੀ ਥਾਂ, ਛੁੱਟੀਆਂ ਵਿੱਚ ਮਿਲਦੀਆਂ ਹਨ। ਪੰਜੀਰੀਆਂ, ਪਿੰਨੀਆਂ ਅਤੇ ਪੂਪਲੀਆਂ ਦਾ ਜੋਰ ਹੈ। ‘ਖੇਹ-ਸੁਆਹ’ ਖਾਂਦੇ ਅਮਲੀ, ਔਰਤਾਂ ਦੀਆਂ ਵਾਲੀਆਂ ਪੱਟਦੇ ਫਿਰਦੇ ਹਨ। ਮਿਹਨਤੀ ਲੋਕ, ਡੌਂ-ਡੌਂ ਕਰਨ ਦੀ ਥਾਂ, ਠੰਡ ‘ਚ ਵੀ, ਉਸਾਰੀ ਕਰੀ ਜਾਂਦੇ ਹਨ। ‘ਪੱਪੂ ਖਾਨੇ ਕਾ’ ਸਰਦੀ ‘ਚ ਗੂੰਗਲਾ ਜਾ ਹੋ ਕੇ ਵੀ ਰੇਹੜੀ ਲਾਉਂਦਾ ਹੈ। ਸਾਨੂੰ ਦੇਸੀ ਘਿਓ ਆਲਾ ਸਾਗ ਬਚਾਈ ਖੜੈ। ਕੇਰਾਂ ਤਾਂ ਭਾਰ ਵਧਾ ਕੇ ਸਾਏਬੇਰੀਆ ਦੇ ਲੂੰਬੜ ਵਾਂਗੂੰ ਹੋ ਰਹੇ ਹਾਂ। ਸ਼ਾਮਾ, ਸ਼ਕਤੀ ਤੇ ਸ਼ਾਨੂੰ ਕੈਮ ਹਨ। ਸਰਦੇ-ਵਰਦੇ ਲੋਕ, ਅੰਦਰ ਹੀ ਅੰਗੀਠੀਆਂ ਅਤੇ ਹੀਟਰ ਲਾ ਕੇ ਮਰੂੰਡੇ ਚੱਬ ਅਤੇ ਚਾਹਾਂ ਪੀ ਰਹੇ ਹਨ। ਬਾਹਰ ਠੁਰ-ਠੁਰ ਆਲੀ ਖ਼ਲਕਤ ਵੀ ਬਹੁਤ ਹੈ। ਸਾਰਿਆਂ ਦਾ ਰੱਬ ਹੀ ਰਾਖਾ ਹੈ। ਫ਼ੋਨਾਂ ਦਾ ਜੰਗਲ ਵੱਧ ਰਿਹਾ ਹੈ। ਅੱਤ ਦੀ ਸਰਦੀ ਕਈ ਕਮਜ਼ੋਰਾਂ ਲਈ ਕਿਆਮਤ ਬਣ ਰਹੀ ਹੈ। ਰੱਬ ਕ੍ਰਿਪਾ ਕਰੇ। ਹੁਣ ਲੜਾਈ-ਭੜਾਈ ਤੇ ਬਿਮਾਰੀ ਘਟੇ ਅਤੇ ਵਾਤਾਵਰਣ ਸਾਫ਼ ਹੋਵੇ। ਸਾਰੇ ਖ਼ੁਸ਼ ਰਹਿਣ, ਸੁਖੀ ਵੱਸਣ, ਹੱਸਣ। ਸੱਚ, ਸੀਤਾ-ਸੋਹਲ, ਸਸਤੀ ਸੀਟ ਸੇ, ਸਾਈਪ੍ਰਸ ਸਫ਼ਰ…..
ਚੰਗਾ, ਚਲਾਓ ਕਰ। ਬਾਕੀ ਅਗਲੇ ਐਤਵਾਰ,

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com