ਪੰਜਾਬ ਦੀ ਮੋਹਰੀ ਭੂਮਿਕਾ ਵਾਲੇ ਕਿਸਾਨ ਸੰਘਰਸ਼ ਦੀਆਂ ਤਿਆਰੀਆਂ ਸ਼ੁਰੂ ਹਨ- ਸ੍ਰੀ ਟਿਕੈਤ

ਕਿਸਾਨ ਏਕਤਾ ਕਾਇਮ ਹੈ ਅਤੇ ਹੱਕਾਂ ਲਈ ਜੱਦੋ-ਜਹਿਦ ਵੀ ਜਾਰੀ ਰਹੇਗੀ

(ਬਠਿੰਡਾ) -ਦੇਸ਼ ਵਿੱਚ ਇੱਕ ਹੋਰ ਵੱਡਾ ਕਿਸਾਨ ਸੰਘਰਸ਼ ਸ਼ੁਰੂ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਉਸ ਸੰਘਰਸ਼ ਵਿੱਚ ਵੀ ਮੋਹਰੀ ਪੰਜਾਬ ਦੇ ਕਿਸਾਨ ਹੋਣਗੇ, ਕਿਉਂਕਿ ਪੰਜਾਬ ਉੱਤੇ ਭਾਰਤ ਦੇ ਲੋਕਾਂ ਨੂੰ ਭਰੋਸਾ ਹੈ। ਇਹ ਵਿਚਾਰ ਕੌਮੀ ਕਿਸਾਨ ਆਗੂ ਸ੍ਰੀ ਰਾਕੇਸ਼ ਟਿਕੈਤ ਨੇ ਇੱਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਸ੍ਰੀ ਟਿਕੈਤ ਨੇ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜੇ ਵੱਡੇ ਕਿਸਾਨ ਸੰਘਰਸ਼ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮਿਸਾਲੀ ਸੰਘਰਸ਼ ਸੀ, ਜਿਸ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਸੰਘਰਸ਼ ਨੂੰ ਤੋੜਨ ਲਈ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਦਿਆਂ ਕੇਂਦਰ ਸਰਕਾਰ ਨੇ ਹਰ ਵਾਹ ਲਾਈ, ਪਰ ਕਿਸਾਨ ਏਕਤਾ ਕਾਇਮ ਰਹੀ। ਉਨ੍ਹਾਂ ਕਿਹਾ ਕਿ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਕਿਸਾਨੀ ਸੰਘਰਸ਼ਾਂ ਵਿੱਚ ਕੁੱਝ ਖੜੋਤੀ ਆਈ ਸੀ, ਜੋ ਆਮ ਵਰਤਾਰਾ ਹੈ ਪਰ ਸੰਘਰਸ਼ ਖ਼ਤਮ ਨਹੀਂ ਹੋਇਆ। ਦੇਸ ਦੀ ਖੇਤੀ ਤੇ ਕਿਸਾਨੀ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਅਤੇ ਚਲਦਾ ਰਹੇਗਾ।
ਸ੍ਰੀ ਟਿਕੈਤ ਨੇ ਕਿਹਾ ਕਿ ਜਿਸ ਖੇਤਰ ਵਿੱਚ ਵੀ ਕਿਸਾਨਾਂ ਤੇ ਆਮ ਲੋਕਾਂ ਦਾ ਮੁੱਦਾ ਉੱਠਦਾ ਹੈ, ਉੱਥੇ ਸੰਘਰਸ਼ ਵਿੱਢ ਦਿੱਤਾ ਜਾਂਦਾ ਹੈ। ਉਨ੍ਹਾਂ ਇੰਕਸ਼ਾਫ਼ ਕੀਤਾ ਕਿ ਦੇਸ ਵਿੱਚ ਮੁੜ ਇੱਕ ਵੱਡਾ ਕਿਸਾਨ ਸੰਘਰਸ਼ ਚਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਹ ਹੋਣ ਵਾਲਾ ਸੰਘਰਸ਼ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਦੇ ਮੁੱਦੇ ਤੇ ਆਧਾਰਤ ਹੋਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਸੰਘਰਸ਼ ਦੀ ਅਗਵਾਈ ਪੰਜਾਬ ਵੱਲੋਂ ਹੀ ਕੀਤੀ ਜਾਵੇਗੀ ਕਿਉਂਕਿ ਦੇਸ਼ ਦੇ ਲੋਕ ਪੰਜਾਬ ਤੇ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਉਦੋਂ ਹੁੰਦੀ ਸੀ ਜਦੋਂ ਪੰਜਾਬ ਦੀਆਂ ਦਰਜਨਾਂ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਰੰਗਾਂ ਨਿਸ਼ਾਨਾਂ ਵਾਲੇ ਝੰਡੇ ਤੇ ਬੈਨਰ ਲੈ ਕੇ ਪਹੁੰਚਦੀਆਂ ਸਨ, ਪਰ ਹੱਕੀ ਮੰਗਾਂ ਲਈ ਸਭ ਦੀ ਰਾਇ ਇੱਕ ਸੀ।
ਦਿੱਲੀ ਕਿਸਾਨ ਸੰਘਰਸ਼ ਤੋਂ ਬਾਅਦ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਵਿੱਚ ਭਾਗ ਲੈਣ ਦੇ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਟਿਕੈਤ ਨੇ ਕਿਹਾ ਕਿ ਅਜਿਹਾ ਵੀ ਕਿਸਾਨ ਜਥੇਬੰਦੀਆਂ ਦੇ ਏਕੇ ਨੂੰ ਤੋੜਨ ਵਾਲੀ ਇੱਕ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਵਿੱਚ ਲਾਲਚ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਭਾਗ ਲੈਣ ਵਾਲੇ ਕਿਸਾਨ ਮੁੜ ਏਕਤਾ ਵੱਲ ਮੁੜ ਆਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਨੂੰ ਗੁਨਾਹ ਵੀ ਨਹੀਂ ਮੰਨਿਆਂ ਜਾ ਸਕਦਾ ਕਿ ਉਨ੍ਹਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਏਕਤਾ ਕਾਇਮ ਹੈ ਅਤੇ ਕਾਇਮ ਰਹੇਗੀ।