ਕੁਈਨਜ਼ਲੈਂਡ ਦੇ ਫਰੇਜ਼ਰ ਆਈਲੈਂਡ ਦੇ ਕੇ ਗਾਰੀ (ਵਾਥੁੰਬਾ ਕਰੀਕ) ਵਿਖੇ 4 ਬੱਚਿਆਂ ਨੂੰ ਬਿਮਾਰੀ ਦੀ ਹਾਲਤ ਵਿੱਚ ਹਸਪਤਾਲ ਦਾਖਿਲ ਕਰਵਾਇਆ ਗਿਆ। ਬੱਚਿਆਂ ਨੂੰ ਸਥਾਨਕ ਬੀਚਾਂ ਉਪਰ ਪਾਈ ਜਾਣ ਵਾਲੀ ਇੱਕ ਜ਼ਹਿਰੀਲੀ ਜੈਲੀ ਮੱਛੀ ਨੇ ਡੰਗ ਮਾਰਿਆ ਹੈ ਅਤੇ ਇਸ ਬਾਬਤ ਹੁਣ ਪ੍ਰਸ਼ਾਸਨ ਵੱਲੋਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਪੀੜਿਤ ਬੱਚਿਆਂ (3 ਲੜਕੀਆਂ ਅਤੇ 1 ਲੜਕਾ) ਨੂੰ ਹਵਾਈ ਸੇਵਾਵਾਂ ਰਾਹੀਂ ਆਈਲੈਂਡ ਤੋਂ 15 ਕਿਲੋਮੀਟਰ ਦੂਰੀ ਤੇ ਸਥਿਤ ਹਰਵੇ ਬੇਅ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਜਿੱਥੇ ਕਿ ਉਹ ਇਲਾਜ ਅਧੀਨ ਹਨ।
ਕੁਈਨਜ਼ਲੈਂਡ ਐਂਬੂਲੈਂਸ ਨੇ ਇਸ ਦੇ ਲੱਛਣ ਦਸਦਿਆਂ ਲੋਕਾਂ ਨੂੰ ਅਗਾਹ ਕੀਤਾ ਹੈ ਕਿ ਜੇਕਰ ਕਿਸੇ ਨੂੰ ਉਕਤ ਜੈਲੀ ਮੱਛੀ ਵੱਲੋਂ ਡੰਗਿਆ ਜਾਂਦਾ ਹੈ ਤਾਂ ਉਸਨੂੰ:
ਪਿੱਠ ਵਿੱਚ ਭਾਰੀ ਦਰਦ ਮਹਿਸੂਸ ਹੋ ਸਕਦਾ ਹੈ;
ਪੱਠਿਆਂ, ਛਾਤੀ ਜਾਂ ਢਿੱਡ ਵਿੱਚ ਵੱਟਾਂ ਵਾਲਾ ਦਰਦ ਹੋ ਸਕਦਾ ਹੈ;
ਜ਼ੁਕਾਮ ਦੀ ਸ਼ਿਕਾਇਤ;
ਉਲਟੀ ਆਉਣੀ ਜਾਂ ਚੱਕਰ ਆਉਣੇ;
ਥਕਿਆ ਥਕਿਆ ਮਹਿਸੂਸ ਕਰਨਾ;
ਅਤੇ ਜਾਂ ਫੇਰ ਸਾਹ ਲੈਣ ਵਿੱਚ ਵੀ ਦਿੱਕਤਾਂ ਆ ਸਕਦੀਆਂ ਹਨ।
ਜੇਕਰ ਕਿਸੇ ਨੂੰ ਲੱਗੇ ਕਿ ਉਸਨੂੰ ਉਕਤ ਜੈਲੀ ਮੱਛੀ ਵੱਲੋਂ ਡੰਗ ਮਾਰਿਆ ਗਿਆ ਹੈ ਤਾਂ ਡੰਗ ਵਾਲੀ ਥਾਂ ਨੂੰ ਰਗੜਿਆ ਜਾ ਜਾਵੇ ਅਤੇ ਉਸ ਉਪਰ ਸਿਰਕਾ ਲਗਾ ਕੇ 30 ਸਕਿੰਟਾਂ ਤੱਕ ਰੱਖਿਆ ਜਾਵੇ ਤਾਂ ਡੰਗ ਦਾ ਪ੍ਰਭਾਵ ਘੱਟ ਜਾਂਦਾ ਹੈ। ਪਰੰਤੂ ਇਸਤੋਂ ਬਾਅਦ ਜਲਦੀ ਤੋਂ ਜਲਦੀ ਕਿਸੇ ਨਜ਼ਦੀਕੀ ਡਾਕਟਰ ਨੂੰ ਦਖਾਇਆ ਜਾਵੇ ਅਤੇ ਉਸਦੀ ਸਲਾਹ ਲਈ ਜਾਵੇ।