ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਕਰਵਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀ ਦਰਬਾਰ  

ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਦਸ਼ਮੇਸ਼ ਪਿਤਾ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਸਥਾ ਇਤਿਹਾਸ ਯੂਕੇ ਦੇ ਵਿਸ਼ੇਸ਼ ਉਪਰਾਲੇ ਨਾਲ ਹੋਏ ਇਸ ਕਵੀ ਦਰਬਾਰ ਦੀ ਸ਼ੁਰੂਆਤ ਸ੍ਰ: ਸੁਰਜੀਤ ਸਿੰਘ ਚੌਧਰੀ ਜੀ ਦੇ ਬੋਲਾਂ ਨਾਲ ਹੋਈ। ਉਹਨਾਂ ਸਮੂਹ ਸੰਗਤ, ਸੰਸਥਾ ਇਤਿਹਾਸ ਯੂਕੇ ਤੇ ਪੀ ਟੀ ਸੀ ਪੰਜਾਬੀ ਯੂਕੇ ਤੇ ਪੰਜ ਦਰਿਆ ਯੂਕੇ ਦੀ ਟੀਮ ਨੂੰ ਇਸ ਉਪਰਾਲੇ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਵੱਖ ਵੱਖ ਵਿਧਾਵਾਂ ਰਾਹੀ ਪੇਸ਼ ਕਰਨ ਦੇ ਉਪਰਾਲੇ ਵਿੱਚੋਂ ਕਵੀ ਦਰਬਾਰ ਵੀ ਇੱਕ ਹਨ।

ਉਹਨਾਂ ਉਪਰੰਤ ਸ੍ਰ: ਜਸਪਾਲ ਸਿੰਘ ਖਹਿਰਾ ਨੇ ਦਸ਼ਮੇਸ਼ ਪਿਤਾ ਜੀ ਦੇ ਕਵੀਆਂ ਨਾਲ ਮੋਹ ਦਾ ਵਰਨਣ ਕਰਦਿਆਂ ਕਿਹਾ ਕਿ ਉਹਨਾਂ ਦੇ ਦਰਬਾਰ ਵਿੱਚ ਕਵਿਤਾ ਤੇ ਕਵੀਆਂ ਨੂੰ ਬਹੁਤ ਹੀ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਇਹੀ ਵਜ੍ਹਾ ਸੀ ਕਿ ਉਹਨਾਂ ਦੇ ਦਰਬਾਰ ਵਿੱਚ ਵੱਖ ਵੱਖ ਜਾਤਾਂ, ਧਰਮਾਂ ਨਾਲ ਸੰਬੰਧਤ 52 ਕਵੀ ਸਨ। ਕਵੀ ਦਰਬਾਰ ਦੌਰਾਨ ਧਾਰਮਿਕ ਰਚਨਾਵਾਂ ਦੀ ਸ਼ੁਰੂਆਤ ਸੁਰੀਲੇ ਰਾਗੀ ਸਿੰਘ ਤੇ ਵਿਵੇਕਸ਼ੀਲ ਨੌਜਵਾਨ ਜੱਜਵੀਰ ਸਿੰਘ ਨੇ ਸਿੱਖ ਇਤਿਹਾਸ ਦੇ ਹਵਾਲੇ ਅਤੇ ਕਵੀ ਅੱਲਾ ਯਾਰ ਖਾਂ ਦੀ ਰਚਨਾ ਸੁਣਾ ਕੇ ਕੀਤੀ। ਗਲਾਸਗੋ ਵਸਦੇ ਪ੍ਰਸਿੱਧ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਦੋ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ ਨੇ ਸੰਬੋਧਨ ਕਰਦਿਆਂ ਲੇਖਕਾਂ, ਕਵੀਜਨਾਂ ਨੂੰ ਇਤਿਹਾਸ ਸੰਬੰਧੀ ਰਚਨਾਵਾਂ ਦੀ ਰਚਨਾ ਲਈ ਪ੍ਰੇਰਿਤ ਕੀਤਾ।

ਗਾਇਕ ਕਰਮਜੀਤ ਮੀਨੀਆਂ ਨੇ ਤੂੰਬੀ ਨਾਲ ਲੇਖਕ ਭਾਗ ਸਿੰਘ ਦੀ ਰਚਨਾ ਨੂੰ ਪੇਸ਼ ਕਰਕੇ ਮਾਹੌਲ ਵੈਰਾਗਮਈ ਕਰ ਦਿੱਤਾ। ਸ਼ਾਇਰ ਗਿੱਲ ਦੋਦਾ ਗਲਾਸਗੋ ਵੱਲੋਂ ਆਪਣੀ ਰਚਨਾ ‘ਹੇ ਦਸ਼ਮੇਸ਼ ਪਿਤਾ- ਹੇ ਸਰਬੰਸ ਦਾਨੀਆਂ’ ਰਾਹੀਂ ਪੁਖ਼ਤਾ ਹਾਜ਼ਰੀ ਲਗਵਾਈ। ਲੀਡਰ ਸਾਬ੍ਹ ਵੱਲੋਂ ਵੀ ਆਪਣੀ ਰਚਨਾ ਰਾਹੀਂ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਕਿਹਾ ਗਿਆ।

ਇਸ ਸਮੇਂ ਸੁਲੱਖਣ ਸਿੰਘ, ਬਾਬਾ ਬੁੱਢਾ ਦਲ ਗਲਾਸਗੋ ਵੱਲੋਂ ਹਰਜੀਤ ਸਿੰਘ ਖਹਿਰਾ, ਦਲਬਾਰਾ ਸਿੰਘ ਗਿੱਲ, ਗੁਰਦਿਆਲ ਸਿੰਘ, ਗੁਰਨਾਮ ਸਿੰਘ ਧਾਮੀ, ਸੁਖਦੇਵ ਸਿੰਘ ਰਾਹੀ, ਹਾਕਮ ਸਿੰਘ ਸਿੱਧੂ, ਸੰਤੋਖ ਸਿੰਘ ਸੋਹਲ, ਗੁਰਮੀਤ ਸਿੰਘ ਸਿੱਧੂ ਆਦਿ ਸਮੇਤ ਭਾਈਚਾਰੇ ਦੀਆਂ ਸਖਸੀਅਤਾਂ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਮੌਕੇ ਸੰਸਥਾ ਯੂਕੇ ਦੇ ਮੁੱਖ ਬੁਲਾਰੇ ਹਰਪਾਲ ਸਿੰਘ ਤੇ ਕਵਲਦੀਪ ਸਿੰਘ ਵੱਲੋਂ ਆਈਆਂ ਸੰਗਤਾਂ ਅਤੇ ਕਵੀਜਨਾਂ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੀ ਟੀ ਸੀ ਪੰਜਾਬੀ ਯੂਕੇ ਤੇ ਪੰਜ ਦਰਿਆ ਯੂਕੇ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਕ ਦੇ ਫ਼ਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਨਿਭਾਏ।