ਆਰਜ਼ੀ ਕਰਮਚਾਰੀਆਂ ਦੀ ਵਧੀ ਆਮਦਨ, ਐਵਰੇਜ ਹੋਈ 1250 ਡਾਲਰ ਪ੍ਰਤੀ ਹਫ਼ਤਾ

ਆਸਟ੍ਰੇਲੀਆਈ ਆਂਕੜਾ ਵਿਭਾਗ ਦੇ ਤਾਜ਼ਾ ਆਂਕੜੇ ਦਰਸਾਉਂਦੇ ਹਨ ਕਿ ਇਸ ਮੌਜੂਦਾ ਸਮਿਆਂ ਅੰਦਰ ਜਦੋਂ ਕਿ ਉਦਿਯੋਗਿਕ ਇਕਾਈਆਂ ਕਰੋਨਾ ਕਾਲ ਦੀ ਮਾਰ ਤੋਂ ਉਭਰ ਚੁਕੀਆਂ ਹਨ ਅਤੇ ਇਸ ਸਮੇਂ ਆਰਜ਼ੀ ਕਰਮਚਾਰੀਆਂ ਦੀਆਂ ਹਫ਼ਤਾਵਾਰੀ ਆਮਦਨਾਂ ਵਿੱਚ ਵੀ ਵਾਧਾ ਹੋ ਚੁਕਿਆ ਹੈ ਅਤੇ ਮੌਜੂਦਾ ਸਮੇਂ ਵਿੱਚ ਉਕਤ ਆਮਦਨ 1250 ਡਾਲਰ ਪ੍ਰਤੀ ਹਫ਼ਤਾ ਤੱਕ ਪਹੁੰਚ ਗਈ ਹੈ। ਬੀਤੇ ਸਾਲ ਨਾਂਲੋਂ ਇਸ ਸਾਲ, ਇਸ ਵਿੱਚ 4.2% ਤੱਕ ਦੇ ਵਾਧੇ ਦੇ ਆਂਕੜੇ ਪੇਸ਼ ਕੀਤੇ ਜਾ ਰਹੇ ਹਨ।
ਬੀਤੇ ਤਿੰਨ ਸਾਲਾਂ ਦੌਰਾਨ ਅਜਿਹੇ ਕਾਮੇ ਜੋ ਕਿ 1000 ਡਾਲਰ (ਪ੍ਰਤੀ ਹਫ਼ਤਾ) ਤੋਂ ਘੱਟ ਕੰਮ ਕਰਦੇ ਹਨ ਦੀ ਸੰਖਿਆ ਵਿੱਚ ਕਾਫੀ ਗਿਰਾਵਟ ਆਈ ਹੈ।
ਆਂਕੜਿਆਂ ਵਿੱਚ ਇੱਕ ਹੋਰ ਦਿਲਚਸਪ ਗੱਲ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਆਰਜ਼ੀ ਕਰਮਚਾਰੀਆਂ ਵਿੱਚ ਮਹਿਲਾਵਾਂ ਦੀ ਪ੍ਰਤੀ ਹਫ਼ਤਾ ਆਮਦਨ ਵਿੱਚ 62 ਡਾਲਰਾਂ (4.5%) ਦਾ ਵਾਧਾ ਹੋਇਆ ਹੈ ਜਦੋਂ ਕਿ ਆਰਜ਼ੀ ਤੌਰ ਤੇ ਕੰਮ ਕਰਦੇ ਪੁਰਸ਼ ਕਰਮਚਾਰੀਆਂ ਦੀਆਂ ਪ੍ਰਤੀ ਹਫ਼ਤਾ ਤਨਖਾਹਾਂ ਅਤੇ ਮਿਹਨਤਾਨਿਆਂ ਆਦਿ ਵਿੱਚ 60 ਡਾਲਰ (3.9%) ਦਾ ਇਜ਼ਾਫ਼ਾ ਹੋਇਆ ਹੈ। ਪਰੰਤੂ ਇਸ ਦੇ ਨਾਲ ਸੱਚਾਈ ਇਹ ਵੀ ਹੈ ਕਿ ਮਹਿਲਾਵਾਂ ਦੀ ਪ੍ਰਤੀ ਹਫ਼ਤਾ ਹਾਲੇ ਵੀ ਆਮਦਨ 1442 ਡਾਲਰ ਹੈ ਜਦੋਂ ਕਿ ਪੁਰਸ਼ਾਂ ਦੀ ਇਹੀ ਆਮਦਨ 1600 ਡਾਲਰ ਹੈ।