(ਬ੍ਰਿਸਬੇਨ) ਇੱਥੇ ਬ੍ਰਿਸਬੇਨ ਵਿਖੇ ਸੂਫ਼ੀਆਨਾ ਗਾਇਕ, ਗੀਤਕਾਰ ਅਤੇ ਸੰਗੀਤਕਾਰ ਪਰਮਿੰਦਰ ਸਿੰਘ ਹਰਮਨ ਦਾ ਪਲੇਠਾ ਗੀਤ ‘ਇਤਰਾਜ਼’ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ‘ਪੰਜਾਬੀ ਮਸਾਲਾ’ ਵਿਖੇਰੱਖੀ ਵਿਸ਼ੇਸ਼ ਬੈਠਕ ਵਿੱਚ ਸ਼ਹਿਰ ਦੀਆਂ ਪੰਜਾਬੀ ਹਿਤੈਸ਼ੀ ਸ਼ਖ਼ਸ਼ੀਅਤਾਂ ਅਤੇ ਮੀਡੀਆ ਨੇ ਹਿੱਸਾ ਲਿਆ। ਬੈਠਕ ਦੀ ਸ਼ੁਰੂਆਤ ਪ੍ਰਸਿੱਧ ਗ਼ਜ਼ਲਗੋ ਜਸਵੰਤ ਵਾਗਲਾ ਨੇ ਗਾਇਕ ਦੇ ਤੁਆਰਫ਼
ਨਾਲ ਕਰਦਿਆਂ ਹਰਮਨ ਦੇ ਗੀਤਕਾਰੀ ਦੇ ਸਫ਼ਰ ‘ਤੇ ਪੰਛੀ ਝਾਤ ਪਾਈ। ਗਾਇਕ ਹਰਮਨ ਨੇ ਦੱਸਿਆ ਕਿ ਮੇਰੇ ਆਪਣੇ ਪਿਆਰ ਨੂੰ ਸਮਰਪਿਤ ਇਹ ਵਿਸ਼ੇਸ਼ ਗੀਤ ਪਿਛਲੇ ਸਾਲ ਰਾਗ ਪਹਾੜੀ ਵਿੱਚ ਰਚਨਾ ਸਮੇਤ ਲਿਖਿਆ ਗਿਆ ਸੀ। ਇਹ ਗੀਤ ਸਾਡੇ ਅਜ਼ੀਜ਼ਾਂ ਲਈ ਪਿਆਰ ਅਤੇ ਦੇਖਭਾਲ ਨਾਲ ਭਰਪੂਰ ਹੈ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਦੇ ਹਾਂ। ਉਹਨਾਂ ਅਨੁਸਾਰ ਇਹ ਗੀਤ ਕਿਸੇ ਵੀ ਕਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਜੋੜਨ ਦੀ ਇਕ ਮਨੁੱਖੀ ਕੜੀ ਵਾਂਗ ਹੈ।
ਉਹਨਾਂ ਇਸਦਾ ਸਿਹਰਾ ਆਪਣੇ ਉਸਤਾਦਾਂ ਪ੍ਰਸਿੱਧ ਗ਼ਜ਼ਲਗੋ ਉਸਤਾਦ ਸੁਰਿੰਦਰ ਖ਼ਾਨ, ਉਸਤਾਦ ਹਰਚਰਨ ਸਿੰਘ ਕੋਟ ਖਾਲਸਾ ਅਤੇ ਉਸਤਾਦ ਹੀਰਾ ਸਿੰਘ ਚੰਡੀਗੜ੍ਹ ਨੂੰ ਦਿੰਦਿਆਂ ਕਿਹਾ ਕਿ ਇਹ ਉਹਨਾਂ ਵੱਲੋਂ ਕਰਾਈ ਮਿਹਨਤ ਦਾ ਫਲ ਹੈ। ਬੈਠਕ ਵਿੱਚ ਗਾਇਕ ਹਰਮਨ ਦੇ ਪੰਜਾਬੋਂ ਆਏ ਪਿਤਾ ਸ. ਅਮਰਜੀਤ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਗਾਇਕ ਹਰਮਨ ਵੱਲੋਂ ਆਸਟਰੇਲੀਅਨ ਪੰਜਾਬੀ ਲੇਖਕ ਸਭਾ, ਮਾਝਾ ਯੂਥ ਕਲੱਬ ਬ੍ਰਿਸਬੇਨ, ਸਥਾਨਕ ਇੰਡੋਜ਼ ਟੀ.ਵੀ ਅਤੇ ਕਮਿਊਨਿਟੀ ਰੇਡੀਓ ਫੋਰ ਈਬੀ 98.1 ਐੱਫ ਐੱਮ ਅਤੇ ਇਸਦੇ ਪੰਜਾਬੀ ਭਾਸ਼ਾ ਗਰੁੱਪ ਵੱਲੋਂ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਲੇਖਕ ਸਭਾ ਬਾਰੇ ਬੋਲਦਿਆਂ ਕਿਹਾ ਕਿ ਸੰਸਥਾ ਨੇ ਮੇਰੀ ਅੰਦਰੂਨੀ ਲੇਖਣੀ ਦੇ ਹੁਨਰ ਨੂੰ ਬਹੁਤ ਵਧਾਇਆ ਹੈ। ਦੱਸਣਯੋਗ ਹੈ ਕਿ ਵਾਈਟਹਿੱਲ ਮਿਊਜ਼ਿਕ ‘ਤੇ 16 ਦਸੰਬਰ ਨੂੰ ਰਾਲੀਜ਼ ਹੋਣ ਜਾ ਰਹੇ ਇਸ ਗੀਤ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਸਮੀਰ ਚਾਰੇਗਾਂਵਕਰ ਦੁਆਰਾ ਮਿਕਸ ਅਤੇ ਮਾਸਟਰ ਕੀਤੇ ਇਸ ਗੀਤ ਦਾਵੀਡੀਓ ਫ਼ਿਲਮਾਂਕਣ ਸੁਦੀਪ ਬਿਸਟਾ ਨੇ ਕੀਤਾ ਹੈ। ਸੋਨਮ ਇਸ ਗੀਤ ‘ਚ ਫੀਮੇਲ ਲੀਡ ਰੋਲ ‘ਚ ਵਿਖਾਈ ਦੇਵੇਗੀ। ਸਮੁੱਚੇ ਪੰਜਾਬੀ ਸੰਗੀਤ ਜਗਤ ਵਿੱਚ ਇਸ ਪਰਿਵਾਰਕ ਗੀਤ ਦੀ ਚਰਚਾ ਤੇ ਉਡੀਕ ਜ਼ੋਰਾਂ ‘ਤੇ ਹੈ।