ਆਸਟ੍ਰੇਲੀਆ ਅਤੇ ਅਮਰੀਕਾ ਦੀ ਪੁਲਿਸ ਦੀ ਸੰਯੁਕਤ ਕਾਰਵਾਈ: ਅੰਤਰ ਰਾਸ਼ਟਰੀ ਨਸ਼ਾ ਤਸਕਰਾਂ ਦੇ ਗਿਰੋਹ ਦਾ ਪਰਦਾਫ਼ਾਸ਼

ਨਿਊ ਸਾਊਥ ਵੇਲਜ਼ ਰਾਜ ਅੰਦਰ 300 ਕਿਲੋ ਗ੍ਰਾਮ ਤੋਂ ਵੀ ਵੱਧ ਦਾ ਨਸ਼ਾ (ਮੈਥਮਫੈਟਾਮਾਈਨ) ਸਪਲਾਈ ਕਰਨ ਦੇ ਦੋਸ਼ਾਂ ਤਹਿਤ ਰਾਜ ਪੁਲਿਸ ਨੇ 6 ਲੋਕਾਂ (30 ਤੋਂ 44 ਸਾਲ ਦੀ ਉਮਰ ਦੇ) ਨੂੰ ਨਾਮਜ਼ਦ ਕੀਤਾ ਹੈ ਅਤੇ ਇਸ ਕਾਰਵਾਈ ਨਾਲ ਇੱਕ ਅੰਤਰ ਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ।
ਪੱਛਮੀ ਸਿਡਨੀ ਵਿੱਚ ਪੁਲਿਸ ਨੇ ਵੱਖ ਵੱਖ 16 ਅਜਿਹੀਆਂ ਥਾਂਵਾਂ ਤੇ ਰੇਡ ਮਾਰੀ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ ਨਾਲ 1.2 ਮਿਲੀਅਨ ਡਾਲਰਾਂ ਦੀ ਨਕਦੀ, ਇੱਕ ਰਾਈਫ਼ਲ, ਗੋਲੀ-ਸਿੱਕਾ, ਸੋਨੇ ਦੇ ਸਿੱਕੇ, ਸਿਗਰਟਾਂ, ਕੋਕੀਨ, ਐਮ.ਡੀ.ਐਮ.ਏ., ਭੰਗ, ਸਟੀਰਾਇਡ, ਮੋਬਾਇਲ ਫੋਨ, ਕੰਪਿਊਟਰ ਆਦਿ, ਕ੍ਰਿਪਟੋਕ੍ਰੰਸੀ ਵੈਲੇਟ ਅਤੇ ਹੋਰ ਵੀ ਕਈ ਤਰ੍ਹਾਂ ਦੇ ਦਸਤਾਵੇਜ਼ ਆਦਿ ਬਰਾਮਦ ਕੀਤੇ ਹਨ।
ਇਸ ਤੋਂ ਬਾਅਦ ਇੱਕ ਹੋਰ ਕਾਰਵਾਈ ਦੌਰਾਨ ਵੀ ਪੁਲਿਸ ਨੇ 1.4 ਮਿਲੀਅਨ ਡਾਲਰਾਂ ਦੀ ਨਕਦੀ ਹੋਰ ਬਰਾਮਦ ਕੀਤੀ ਹੈ।
ਇਸੇ ਦੇ ਸਮਾਨਾਂਤਰ, ਅਮਰੀਕੀ ਪੁਲਿਸ ਨੇ ਲਾਸ ਏਂਜਲਸ ਵਿੱਚ ਕੀਤੀ ਗਈ ਇੱਕ ਕਾਰਵਾਈ ਦੌਰਾਨ ਅਜਿਹੇ ਹੀ ਨੈਕਸਸ ਦਾ ਭਾਂਡਾਫੋੜ ਕਰਕੇ 128 ਕਿਲੋਗ੍ਰਾਮ ਮੈਥ, 55 ਕਿਲੋਗ੍ਰਾਮ ਐਮ.ਡੀ.ਐਮ.ਏ., 18 ਕਿਲੋਗ੍ਰਾਮ ਕੋਕੀਨ, ਅਤੇ 15,000 ਦੇ ਕਰੀਬ ਅਮਰੀਕੀ ਡਾਲਰਾਂ ਦੀ ਨਕਦੀ ਬਰਾਮਦ ਕੀਤੀ ਹੈ। ਆਸਟ੍ਰੇਲੀਆ ਅਤੇ ਅਮਰੀਕਾ ਦੇ ਇਹ ਗਿਰੋਹ ਆਪਸ ਵਿੱਚ ਤਾਲਮੇਲ ਅਧੀਨ ਨਸ਼ਿਆਂ ਦੀ ਸਪਲਾਈ ਆਦਿ ਕਰਦੇ ਸਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅਤੇ ਅਮਰੀਕੀ ਪੁਲਿਸ ਕਾਫੀ ਸਮੇਂ ਤੋਂ ਇਕੱਠੇ ਹੀ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ ਅਤੇ ਅਜਿਹੇ ਅੰਤਰ-ਰਾਸ਼ਟਰੀ ਗਿਰੋਹਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਵਿੱਚ ਲਗਾਤਾਰ ਸਰਗਰਮ ਹੈ।
ਇਸ ਸੰਯੁਕਤ ਕਾਰਵਾਈ ਵਿੱਚ ਆਸਟ੍ਰੇਲੀਆਈ ਫੈਡਰਲ ਪੁਲਿਸ, ਨਿਊ ਸਾਊਥ ਵੇਲਜ਼ ਪੁਲਿਸ, ਏ.ਸੀ.ਆਈ.ਸੀ. (Australian Criminal Intelligence Commission), ਏ.ਬੀ.ਐਫ਼. (Australian Border Force), ਯੁਨਾਈਟੇਡ ਸਟੇਟਸ ਹੋਮਲੈਂਡ ਸਕਿਓਰਿਟੀ ਆਦਿ ਸੰਯੁਕਤ ਤੌਰ ਤੇ ਸ਼ਾਮਿਲ ਹਨ।
ਇਸ ਰੇਡ ਤੋਂ ਠੀਕ ਪਹਿਲਾਂ ਵੀ ਅਮਰੀਕੀ ਅਜੰਸੀਆਂ ਦੁਆਰਾ ਲਾਸ ਏਂਜਲਸ ਵਿੱਚ ਰੇਡਾਂ ਮਾਰ ਕੇ ਅਸਟ੍ਰੇਲੀਆ ਨੂੰ ਭੇਜੀ ਜਾਣ ਵਾਲੀ 220 ਕਿਲੋਗ੍ਰਾਮ ਮੈਥ, 60 ਕਿਲੋਗ੍ਰਾਮ ਕੋਕੀਨ ਅਤੇ 960,000 ਡਾਲਰਾਂ ਦੀ ਨਕਦੀ ਵੀ ਬਰਾਮਦ ਕੀਤੀ ਸੀ।