ਡੇਢ ਲੱਖ ਬੋਝੇ ਚ ਤੇ ਰਾਜਨੀਤਕ ਨੇਤਾ ਦੀ ਸਿਫਾਰਸ਼ ਪਾਏ ਬਿਨਾਂ ਨਹੀਂ ਬੱਝਦੀ ਲੱਕ ਤੇ ਬੈਲਟ
(ਫਰੀਦਕੋਟ) ਭਾਵੇਂ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਨਵੇਂ ਅਸਲਾ ਲਾਇਸੈਂਸ ਲੈਣ ਤੇ ਤਿੰਨ ਮਹੀਨੇ ਲਈ ਰੋਕ ਲਗਾ ਦਿੱਤੀ ਹੈ ਪਰ ਆਮ ਬੰਦੇ ਲਈ ਤਾਂ ਇਹ ਰੋਕ ਲੰਮੇਂ ਸਮੇਂ ਤੋਂ ਚੱਲਦੀ ਆ ਰਹੀ ਹੈ, ਭਾਵੇਂ ਉਸ ਨੂੰ ਅਸਲੇ ਦੀ ਕਿੰਨੀ ਵੀ ਕਿਉਂ ਨਾਂ ਜਰੂਰਤ ਹੋਵੇ, ਉਸਦਾ ਲਾਇਸੈਂਸ ਨਹੀਂ ਬਣਦਾ। ਅਸਲਾ ਲਾਇਸੈਂਸ ਲੈਣ ਲਈ ਸਭ ਤੋਂ ਪਹਿਲਾਂ ਰਾਜਨੀਤਕ ਪਹੁੰਚ ਅਤੇ ਇਸਤੋਂ ਇਲਾਵਾ ਬੋਝੇ ਚ ਘੱਟੋ ਘੱਟ ਡੇਢ ਲੱਖ ਰੁਪੱਈਆ ਵੀ ਹੋਣਾ ਚਾਹੀਦਾ ਹੈ ਫੇਰ ਹੀ ਲੱਕ ਨਾਲ ਰਿਵਾਲਵਰ ਦੀ ਬੈਲਟ ਬੰਨ੍ਹੀ ਜਾ ਸਕਦੀ ਹੈ। ਇਸਤੋਂ ਇਲਾਵਾ ਜਦੋਂ ਨਵੇਂ ਲਾਇਸੈਂਸ ਲਈ ਦਰਖਾਸਤ ਦਿੱਤੀ ਜਾਂਦੀ ਹੈ ਤਾਂ ਰੈੱਡ ਕਰਾਸ ਫੰਡ ਦੇ ਨਾਂ ਤੇ ਹਰ ਦਰਖਾਸਤੀ ਤੋਂ 10-15 ਹਜ਼ਾਰ ਰੁਪਏ ਲੈ ਕੇ ਫਾਈਲ ਮਿਲਦੀ ਹੈ। ਫਾਈਲ ਭਰਨ ਉਪਰੰਤ ਹੋਰ ਦਸਤਾਵੇਜਾਂ ਤੋਂ ਇਲਾਵਾ ਡੋਪ ਟੈਸਟ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ, ਜਿਸਦੀ ਫੀਸ 1500 ਰੁਪਏ ਹੈ। ਫਿਰ ਪੁਲਿਸ ਟਰੇਨਿੰਗ ਸਰਟੀਫੀਕੇਟ ਲੈਣ ਦੀ ਫੀਸ 5000 ਰੁਪਏ ਲਈ ਜਾਂਦੀ ਹੈ। ਮੈਡੀਕਲ ਸਰਟੀਫੀਕੇਟ, ਘਰ ਦਾ ਨਕਸ਼ਾ, ਲਾਇਸੈਂਸ ਲੈਣ ਦਾ ਕਾਰਨ ਆਦਿ ਦਸਤਾਵੇਜ਼ ਸ਼ਾਮਲ ਕਰਨ ਉਪਰੰਤ ਡਿਪਟੀ ਕਮਿਸ਼ਨਰ ਦੇ ਫਾਈਲ ਤੇ ਦਸਤਖਤ ਹੋਣ ਉਪਰੰਤ 8200 ਦੇ ਲੱਗਪਗ ਫੀਸ ਭਰਕੇ ਫਾਈਲ ਸੁਵਿਧਾ ਕੇਂਦਰ ਚ ਜਮ੍ਹਾਂ ਹੁੰਦੀ ਹੈ ਅਤੇ ਜਿਲ੍ਹੇ ਦੇ ਐਸ ਐਸ ਪੀ ਵਲੋਂ ਸਬੰਧਤ ਥਾਣੇ ਨੂੰ ਰਿਪੋਰਟ ਲਈ ਭੇਜੀ ਜਾਂਦੀ ਹੈ।
ਥਾਣੇ ਚੋਂ ਫਾਈਲ ਅੱਗੇ ਤਾਂ ਹੀ ਤੁਰਦੀ ਹੈ ਜੇ ਤੁਹਾਡੀ ਰਾਜਨੀਤਕ ਪਹੁੰਚ ਹੋਵੇ। ਫੇਰ ਅੱਗੇ ਸਿਫਾਰਸ਼ ਨਾਲ ਹੀ ਫਾਈਲ ਵੱਖ ਵੱਖ ਪੜਾਵਾਂ ਚੋਂ ਗੁਜ਼ਰ ਕੇ ਆਖਰੀ ਮੋਹਰ ਡਿਪਟੀ ਕਮਿਸ਼ਨਰ ਦੀ ਲੱਗ ਕੇ ਹੀ ਲਾਇਸੈਂਸ ਬਣਦਾ ਹੈ ਅਤੇ ਫੇਰ ਘੱਟੋ ਘੱਟ ਲੱਖ ਰੁਪਏ ਨਾਲ ਅਸਲਾ ਖਰੀਦ ਹੁੰਦਾ ਹੈ। ਅੱਜ ਦੇ ਸਮੇਂ ਵਿਚ ਜਦੋਂ ਜੁਰਮ ਐਨਾ ਵਧ ਗਿਆ ਹੈ ਕਿ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਜਿਸ ਕਰਕੇ ਅਸਲਾ ਰੱਖਣਾ ਸ਼ੌਕ ਨਹੀਂ ਲੋਕਾਂ ਦੀ ਲੋੜ ਬਣ ਗਿਆ ਹੈ ਪਰ ਹਰ ਲੋੜਵੰਦ ਵਿਅਕਤੀ ਫੇਰ ਵੀ ਅਸਲਾ ਰੱਖਣ ਤੋਂ ਅਸਮਰਥ ਹੈ ਭਾਵੇਂ ਸਰਕਾਰ ਆਮ ਮਨਜੂਰੀ ਵੀ ਦੇ ਦੇਵੇ ,ਕਿਉਂ ਕਿ ਉਨ੍ਹਾਂ ਕੋਲ ਐਨਾ ਖਰਚ ਕਰਨ ਦੀ ਪਹੁੰਚ ਨਹੀਂ।
ਵੇਖਣ ਵਿਚ ਆਇਆ ਹੈ ਕਿ ਬਹੁਤੇ ਲੋਕਾਂ ਨੇ ਡੋਪ ਟੈਸਟਾਂ, ਹਰ ਚੋਣ ਚ ਅਸਲਾ ਜਮ੍ਹਾਂ ਕਰਾ ਕਦੇ ਵਾਪਸ ਲਿਆ ਦੇ ਝੰਜਟਾਂ ਅਤੇ 4000 ਰਿਨਿਊ ਫੀਸ ਭਰਨ ਤੋਂ ਦੁਖੀ ਹੋਕੇ ਦੋ ਦੋ ਹਜ਼ਾਰ ਚ ਡੀਲਰਾਂ ਨੂੰ 12 ਬੋਰ ਬੰਦੂਕਾਂ ਵੇਚੀਆਂ ਹਨ। ਜੋ ਅੱਜ ਪੰਜਾਬ ਚ ਲਾਇਸੈਂਸੀ ਹਥਿਆਰਾਂ ਦੇ ਲੱਖਾਂ ਦੀ ਤਦਾਦ ਚ ਲਾਇਸੈਂਸੀ ਹਥਿਆਰਾਂ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚੋਂ ਵਧੇਰੇ ਅਸਲਾ ਰਾਜਨੀਤਕ ਲੋਕਾਂ ਦੇ ਚਹੇਤਿਆਂ ਅਤੇ ਹਿੰਦੂ ਕਮਿਊਨਿਟੀ ਕੋਲ ਹਨ।
ਅਸਲੇ ਦੀ ਸਹੀ ਲੋੜ ਅੱਜ ਕਿਸਾਨ ਨੂੰ ਹੈ, ਜਿਸਦੀਆਂ ਕਦੇ ਮੋਟਰਾਂ ਕਦੇ ਟਰਾਂਸਫਾਰਮਰ ਅਤੇ ਕਦੇ ਖੇਤ ਪਈ ਹੋਰ ਮਸ਼ੀਨਰੀ ਚੋਰੀ ਹੋ ਜਾਂਦੀ ਹੈ। ਇਸ ਸਾਲ ਹਜ਼ਾਰਾਂ ਦੀ ਗਿਣਤੀ ਚ ਕਿਸਾਨਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰ ਨਿੱਡਰਤਾ ਨਾਲ ਚੋਰੀ ਹੋਏ ਹਨ। ਚੋਰਾਂ, ਲੁਟੇਰਿਆਂ ਕੋਲ ਖਿਡੌਣਿਆਂ ਵਾਂਗ ਨਜ਼ਾਇਜ ਅਸਲਾ ਹੈ ਜਿਸ ਨਾਲ ਉਹ ਦਿਨ ਦੀਵੀਂ ਬੇਖੌਫ ਲੋਕਾਂ ਦੇ ਘਰਾਂ ਤੱਕ ਲੁੱਟ ਕੇ ਲੈ ਜਾਂਦੇ ਹਨ। ਕਿਸਾਨ ਨੂੰ ਜਿੰਨੀ ਖੇਤੀ ਲਈ ਕਹੀ ਦੇ ਸੰਦ ਦੀ ਜਰੂਰਤ ਹੈ, ਓਨੀ ਹੀ ਅਸਲੇ ਦੀ ਜਰੂਰਤ ਹੈ ਤਾਂ ਜੋ ਉਹ ਬੇਖੌਫ ਹੋ ਕੇ ਵੇਲੇ ਕੁਵੇਲੇ ਆਪਣੇ ਖੇਤ ਬੰਨੇ ਗੇੜਾ ਮਾਰ ਸਕੇ ਅਤੇ ਚੋਰਾਂ , ਲੁਟੇਰਿਆਂ ਨੂੰ ਵੀ ਡਰ ਹੋਵੇ ਕਿ ਅੱਗੋਂ ਵੀ ਇੱਟ ਦਾ ਜਵਾਬ ਪੱਥਰ ਵਿਚ ਮਿਲ ਸਕਦਾ ਹੈ ਤਾਂ ਕਿ ਉਹ ਕਿਸੇ ਦੇ ਘਰ ਜਾਂ ਖੇਤ ਵੜਨ ਤੋਂ ਪਹਿਲਾਂ ਸੌ ਵਾਰ ਸੋਚਣ।