ਨਿਊ ਸਾਊਥ ਵੇਲਜ਼ ਵਿੱਚ ਘਰੇਲੂ ਜ਼ਬਰਦਸਤੀ ਲਈ ਨਵਾਂ ਕਾਨੂੰਨ ਪਾਸ

7 ਸਾਲਾਂ ਦੀ ਜੇਲ੍ਹ ਦੀ ਸਜ਼ਾ ਦਾ ਪ੍ਰਾਵਧਾਨ

ਅੱਜ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਘਰੇਲੂ ਲੜਾਈ ਝਗੜੇ, ਜ਼ਬਰਦਸਤੀ ਅਤੇ ਹੋਰ ਸਮੱਸਿਆਵਾਂ ਵਾਸਤੇ ਇੱਕ ਨਵਾਂ ਕਾਨੂੰਨ ਪਾਸ ਹੋ ਰਿਹਾ ਹੈ ਜਿਸ ਦੇ ਤਹਿਤ ਨਿਊ ਸਾਊਥ ਵੇਲਜ਼ ਹੁਣ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਜਾਵੇਗਾ ਜਿੱਥੇ ਕਿ ਘਰੇਲੂ ਜ਼ਬਰਦਸਤੀ ਆਦਿ ਨੂੰ ਰੋਕਣ ਵਾਸਤੇ ਕਾਨੂੰਨ ਹੋਵੇਗਾ ਅਤੇ ਇਸ ਦੀ ਉਲੰਘਣਾ ਤਹਿਤ ਮੁਜਰਮ ਨੂੰ 7 ਸਾਲਾਂ ਦੀ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਇਸ ਦੇ ਤਹਿਤ ਘਰੇਲੂ ਲੜਾਈ ਝਗੜੇ, ਗਾਲੀ ਗਲੋਚ, ਧੱਕੇਸ਼ਾਹੀ, ਜ਼ਬਰਦਸਤੀ ਆਦਿ ਸਭ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।
ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਉਕਤ ਕਾਨੂੰਨ ਬਣਨ ਨਾਲ ਜਿੱਥੇ ਮਹਿਲਾਵਾਂ ਅਤੇ ਬੱਚਿਆਂ ਅਤੇ ਸਭਿਅਕ ਸਮਾਜ ਦੇ ਹੋਰ ਮੈਂਬਰਾਂ ਦੀ ਸੁਰੱਖਿਆ ਆਦਿ ਵਿੱਚ ਇਜ਼ਾਫ਼ਾ ਹੋਵੇਗਾ ਉਥੇ ਹੀ ਦੇਸ਼ ਦੇ ਹੋਰ ਰਾਜਾਂ ਵਾਸਤੇ ਵੀ ਨਵੀਆਂ ਉਦਾਹਰਣਾਂ ਦੀ ਸਥਾਪਨਾ ਹੋਵੇਗੀ ਅਤੇ ਜਲਦੀ ਹੀ ਹੋਰ ਦੂਸਰੇ ਰਾਜ ਵੀ ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਉਚਿਤ ਕਦਮ ਚੁੱਕਣਗੇ।
ਮਹਿਲਾਵਾਂ ਸਬੰਧੀ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਕਤ ਕਾਨੂੰਨ ਨਾਲ ਸਭ ਨੂੰ ਫਾਇਦਾ ਹੋਵੇਗਾ ਅਤੇ ਮਹਿਲਾਵਾਂ ਦੀ ਸੁਰੱਖਿਆ ਹੋਰ ਵੀ ਸੁਨਿਸਚਿਤ ਹੋ ਜਾਵੇਗੀ।
ਹੁਣ ਰਾਜ ਭਰ ਵਿੱਚ ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਹੋਰ 14 ਤੋਂ 19 ਮਹੀਨਿਆਂ ਦਾ ਸਮਾਂ ਲੱਗੇਗਾ ਅਤੇ ਇਸ ਦੌਰਾਨ ਸਮਾਜ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਸਮਾਜਿਕ ਤੌਰ ਤੇ ਲੋਕਾਂ ਨੂੰ ਇਸ ਬਾਬਤ ਸਿਖਲਾਈ ਆਦਿ ਵੀ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਕਾਨੂੰਨ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਸਰਕਾਰ ਨੇ ਇਸ ਕਾਰਜ ਨੂੰ ਹੋਰ ਵੀ ਸੁਹਿਰਦ ਅਤੇ ਲਾਭਕਾਰ ਬਣਾਉਣ ਵਾਸਤੇ ਪਹਿਲਾਂ ਹੀ 69.6 ਮਿਲੀਅਨ ਡਾਲਰਾਂ ਦਾ ਵਾਧੂ ਬਜਟ ਰੱਖਿਆ ਹੋਇਆ ਹੈ ਜਿਸ ਦੇ ਤਹਿਤ ਅਜਿਹੇ ਪੀੜਿਤਾਂ ਨੂੰ ਸਹਾਇਤਾ ਦੇਣੀ ਹੈ ਜਿਨ੍ਹਾਂ ਵਿੱਚ ਕਿ ਘਰੇਲੂ ਲੜਾਈ ਝਗੜੇ ਆਦਿ ਦੇ ਪੀੜਿਤ ਲੋਕ ਸ਼ਾਮਿਲ ਹਨ।