ਨਿਊ ਸਾਊਥ ਵੇਲਜ਼ ਦੇ ਫੋਰਬਜ਼ ਸ਼ਹਿਰ ਵਿੱਚ ਫੇਰ ਤੋਂ ਹੜ੍ਹ

600 ਘਰ ਕਰਵਾਏ ਖਾਲੀ

ਰਾਜ ਦੀ ਲੈਸ਼ਲੈਨ ਨਦੀ ਵਿਚਲੇ ਪਾਣੀ ਦਾ ਜਲਸਤਰ 10.8 ਮੀਟਰ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਤਹਿਤ, ਨਿਊ ਸਾਊਥ ਵੇਲਜ਼ ਦੇ ਫੋਰਬਜ਼ ਸ਼ਹਿਰ ਦਾ ਪ੍ਰਸ਼ਾਸਨ ਇਸ ਖੇਤਰ ਵਿਚਲੇ ਘੱਟੋ ਘੱਟ 1000 ਲੋਕਾਂ ਨੂੰ ਬੀਤੇ 15 ਦਿਨਾਂ ਦੌਰਾਨ ਇਹ ਦੂਸਰੀ ਵਾਰੀ ਹੈ ਕਿ ਉਥੋਂ ਕੱਢਣ ਅਤੇ ਸੁਰੱਖਿਅਤ ਥਾਂਵਾਂ ਤੇ ਪਹੁੰਚਾਉਣ ਦੇ ਕੰਮ ਨੂੰ ਅੰਜਾਮ ਦੇ ਰਿਹਾ ਹੈ। ਅੱਜ ਨਦੀ ਦਾ ਪਾਣੀ ਵਧਣ ਦੀਆਂ ਚਿਤਾਵਨੀਆਂ ਕਾਰਨ 500 ਤੋਂ 600 ਤੱਕ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ।
ਪ੍ਰੀਮੀਅਰ -ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਫੋਰਬਜ਼ ਅਤੇ ਯੂਗੌਰਾ ਦੇ ਹੜ੍ਹ ਸੰਭਾਵਿਤ ਖੇਤਰਾਂ ਵਿੱਚ ਪ੍ਰਸ਼ਾਸਨ ਦਾ ਬਚਾਉ ਕਾਰਜ ਜਾਰੀ ਹੈ ਅਤੇ ਇਸ ਵਾਸਤੇ 14 ਜਹਾਜ਼ ਵੀ ਲਗਾਏ ਗਏ ਹਨ ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਦੌਰਾਨ ਫਸੇ ਹੋਏ ਲੋਕਾਂ ਦੀ ਜਾਨ ਬਚਾਈ ਜਾ ਸਕੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਜਾ ਸਕੇ।
ਰਾਜ ਦੇ ਆਪਾਤਕਾਲੀਨ ਅਤੇ ਮੌਸਮ ਵਿਭਾਗਾਂ ਦਾ ਕਹਿਣਾ ਹੈ ਕਿ ਰਾਜ ਅੰਦਰ ਅਜਿਹੀਆਂ 17 ਹੜ੍ਹਾਂ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਚੁਕੀਆਂ ਹਨ ਜਿਨ੍ਹਾਂ ਦੇ ਤਹਿਤ ਘੱਟੋ ਘੱਟ 25 ਖੇਤਰ ਆਉਂਦੇ ਹਨ ਜਿੱਥੇ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਲੋਕਾਂ ਦੇ ਬਚਾਉ ਕਾਰਜ ਵਿੱਚ ਲੱਗਾ ਹੋਇਆ ਹੈ।
ਜਿੱਥੇ ਲੈਸ਼ਲੈਨ ਦਾ ਜਲਸਤਰ 10.8 ਮੀਟਰ ਦੀ ਚਿਤਾਵਨੀ ਹੈ ਉਥੇ ਹੀ ਕੋਵਰਾ ਨਦੀ ਦਾ ਜਲਸਤਰ 14.3 ਮੀਟਰ, ਨਾਮੋਈ ਦਾ ਜਲਸਤਰ 13.6 ਮੀਟਰ ਅਤੇ ਕੋਂਡੋਬਲਿਨ ਦਾ ਜਲਸਤਰ 7.4 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ।