“ਟਰਬਨ ਫਾਰ ਅਸਟਰੇਲੀਆ” ਵੱਲੋਂ ਸਮਾਜਿਕ ਸੇਵਾ ਕਾਰਜਾਂ ਦੀ ਸ਼ੁਰੂਆਤ

ਬੀਤੇ ਦਿਨੀ ਮੈਲਬੌਰਨ ਦੇ ਇਲਾਕੇ ਥਾਮਸਟਾਊਨ ਵਿਖੇ ਸੰਸਥਾ “ ਟਰਬਨ ਫਾਰ ਅਸਟਰੇਲੀਆ “ ਵੱਲੋਂ ਸਮਾਜਿਕ ਸੇਵਾ ਕਾਰਜਾਂ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੀਤੀ ਗਈ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਜੱਥੇ ਵੱਲੋਂ ਸ਼ਬਦ ਗਾਇਨ ਕੀਤੇ ਗਏ ।

ਸੰਸਥਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਸਾਬੀ ਸਿੰਘ ਅਤੇ ਅਮਰ ਸਿੰਘ ਹੁਰਾਂ ਨੇ ਦੱਸਿਆ ਕਿ ਮਹੋਨੇਜ ਰੋਡ ਉੱਪਰਲੀ ਇਸ ਇਮਾਰਤ ਨੂੰ ਵੱਖ ਵੱਖ ਸਮਾਜਿਕ ਭਲਾਈ ਦੇ ਕਾਰਜਾਂ ਲਈ ਵਰਤਿਆ ਜਾਵੇਗਾ। ਕੁਦਰਤੀ ਆਫ਼ਤਾਂ ਮੌਕੇ ਭੇਜੀ ਜਾਣ ਵਾਲੀ ਸਹਾਇਤਾ ਸਮੱਗਰੀ ਦਾ ਭੰਡਾਰ ਇੱਥੇ ਕੀਤਾ ਜਾਵੇਗਾ। ਇਸ ਤੋਂ ਬਿਨਾ ਇੱਕ ਹਾਲ ਨੂੰ ਭਾਈਚਾਰਕ ਸਮਾਗਮਾਂ ਲਈ ਵਰਤਿਆ ਜਾਵੇਗਾ।

ਭਵਿੱਖ ਵਿੱਚ ਕਮਿਊਨਿਟੀ ਰੇਡੀਓ ਦਾ ਸਟੂਡੀਓ ਬਣਾਉਣ ਦਾ ਵੀ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ, ਜਿਸਦੀ ਰਿਕਾਰਡਿੰਗ ਅਤੇ ਬਾਕੀ ਤਕਨੀਕੀ ਸਹੂਲਤਾਂ ਦਾ ਪ੍ਰਬੰਧ ਵੀ ਇੱਥੇ ਹੀ ਕੀਤਾ ਜਾਵੇਗਾ।  ਅਮਰ ਸਿੰਘ ਹੁਰਾਂ ਨੇ ਦੱਸਿਆ ਕਿ ਸਿਡਨੀ ਵਿੱਚ ਪਹਿਲਾਂ ਈ ਸਮਾਜਿਕ ਸੇਵਾਵਾਂ ਚੱਲ ਰਹੀਆਂ ਨੇ, ਉਸੇ ਤਰਾਂ ਮੈਲ਼ਬੌਰਨ ਵਿਖੇ ਭਾਈਚਾਰੇ ਦੀ ਔਖ ਵੇਲੇ ਸੰਸਥਾ ਆਪਣਾ ਬਣਦਾ ਹਿੱਸਾ ਪਾਉਂਦੀ ਰਹੇਗੀ। ਲੋੜਵੰਦ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹਫ਼ਤਿਆਂ ਤੱਕ ਰਾਸ਼ਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਸਤਾਰ ਬਾਰੇ ਸਥਾਨਿਕ ਭਾਈਚਾਰੇ ‘ਚ ਜਾਗਰੂਕਤਾ ਪੈਦਾ ਕਰਨ ਬਾਰੇ ਮੁਹਿੰਮ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ, ਅਤੇ ਸਕੂਲਾਂ ਕਾਲਜਾਂ ‘ਚ ਦਸਤਾਰ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਿੱਦਿਅਕ ਅਦਾਰਿਆਂ ਨਾਲ ਰਾਬਤਾ ਕੀਤਾ ਜਾਵੇਗਾ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੇਬੀ ਮਖਸੂਸਪੁਰੀ, ਕਬੱਡੀ ਖਿਡਾਰੀ ਖੁਸ਼ੀ ਦੁੱਗਾਂ , ਸਤਬੀਰ  ਸਿੰਘ, ਰੀਤ ਔਲਖ, ਕਮਲ  ਸਿੰਘ, ਲੋਰੇਨ ਲਾਲ, ਲੱਵ ਖੱਖ, ਪਿੰਦਾ ਖਹਿਰਾ, ਸਥਾਨਿਕ ਮੈਂਬਰ ਪਾਰਲੀਮੈਂਟ ਆਫ ਵਿਕਟੋਰੀਆ ਬਰੋਨੀਅਨ ਹਾਫਪੈਨੀ, ਰਾਜ ਸਿੱਧੂ, ਅਤੇ ਦਲਜੀਤ ਸਿੰਘ ਸਿੱਧੂ ਹਾਜਿਰ ਸਨ ।