ਬੇ-ਅਣਖੇ…..

ਝਬਾਲ ਪਿੰਡ ਦਾ ਸ਼ੰਕਰ ਸਿੰਘ ਵਿਚੋਲੇ ਨਰਾਇਣ ਸਿੰਘ ਦੇ ਨਾਲ ਆਪਣੀ ਲੜਕੀ ਵਾਸਤੇ ਰਿਸ਼ਤਾ ਵੇਖਣ ਲਈ ਵਲਟੋਹੇ ਪਿੰਡ ਦੇ ਵੀਰਾ ਸਿੰਘ ਦੇ ਘਰ ਪਹੁੰਚਿਆ। ਵੀਰਾ ਸਿੰਘ ਨੇ ਉਨ੍ਹਾਂ ਦਾ ਚੰਗਾ ਆਦਰ ਸਤਿਕਾਰ ਕੀਤਾ। ਚੰਗਾ ਖਾਂਦਾ ਪੀਂਦਾ ਘਰ ਸੀ ਤੇ ਮੁੰਡਾ ਵੀ ਸੋਹਣਾ ਸੀ, ਉਸ ਨੇ ਰਿਸ਼ਤਾ ਪੱਕਾ ਕਰ ਦਿੱਤਾ। ਅਜੇ ਉਹ ਮੁੰਡੇ ਨੂੰ ਸ਼ਗਨ ਦਾ ਰੁਪਈਆ ਫੜਾਉਣ ਹੀ ਲੱਗਾ ਸੀ ਕਿ ਬਾਹਰੋਂ ਵੀਰਾ ਸਿੰਘ ਦੀ ਲੜਕੀ ਰੋਂਦੀ ਕੁਰਲਾਉਂਦੀ ਹੋਈ ਘਰ ਆਣ ਵੜੀ। ਵੀਰਾ ਸਿੰਘ ਨੇ ਕਾਰਨ ਪੁੱਛਿਆ ਤਾਂ ਲੜਕੀ ਨੇ ਦੱਸਿਆ, ”ਅੱਜ ਜਦੋਂ ਮੈਂ ਕਾਲਜ ਤੋਂ ਘਰ ਆ ਰਹੀ ਸੀ ਤਾਂ ਫਿਰ ਮੈਨੂੰ ਮਿੱਟੀ ਖਾਣਿਆ ਦੇ ਬਦਮਾਸ਼ ਮੁੰਡੇ ਕਾਲੇ ਨੇ ਗਲੀ ਵਿੱਚ ਘੇਰ ਕੇ ਬਦਤਮੀਜ਼ੀ ਕੀਤੀ ਹੈ। ਬਹੁਤ ਮੁਸ਼ਕਿਲ ਨਾਲ ਇੱਜ਼ਤ ਬਚਾ ਕੇ ਘਰ ਆਈ ਹਾਂ।” ਇਹ ਗੱਲ ਸੁਣ ਕੇ ਵੀਰਾ ਸਿੰਘ ਤੇ ਉਸ ਦੇ ਲੜਕੇ ਨੇ ਕੋਈ ਖਾਸ ਪ੍ਰਤੀਕਿਰਿਆ ਨਾ ਕੀਤੀ, ਸਗੋਂ ਉਲਟਾ ਆਪਣੀ ਲੜਕੀ ਨੂੰ ਝਿੜ੍ਹਕਣ ਲੱਗੇ ਕਿ ਉਹ ਦੂਸਰੇ ਰਸਤੇ ਤੋਂ ਕਾਲਜ ਕਿਉਂ ਨਹੀਂ ਜਾਂਦੀ।
ਇਹ ਤਮਾਸ਼ਾ ਵੇਖ ਕੇ ਸ਼ੰਕਰ ਸਿੰਘ ਨੇ ਰਿਸ਼ਤਾ ਕਰਨ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਾਰ ਨੂੰ ਸੈਲਫ ਮਾਰ ਕੇ ਝਬਾਲ ਦੇ ਰਾਹ ਪੈ ਗਿਆ। ਹੈਰਾਨ ਪਰੇਸ਼ਾਨ ਵਿਚੋਲੇ ਨੇ ਸ਼ੰਕਰ ਸਿੰਘ ਨੂੰ ਪੁੱਛਿਆ ”ਇਹੋ ਜਿਹੀ ਕਿਹੜੀ ਗੱਲ ਹੋ ਗਈ ਕਿ ਤੂੰ ਐਨਾ ਵਧੀਆ ਰਿਸ਼ਤਾ ਛੱਡ ਕੇ ਤੁਰ ਪਿਆ ਹੈਂ?” ਸ਼ੰਕਰ ਸਿੰਘ ਨੇ ਗੱਡੀ ਸਾਈਡ ‘ਤੇ ਲਗਾ ਕੇ ਜਵਾਬ ਦਿੱਤਾ, ”ਮੈਂ ਇਹੋ ਜਿਹੇ ਬੇਗੈਰਤ ਬੰਦਿਆਂ ਦੇ ਘਰ ਆਪਣੀ ਬੇਟੀ ਦਾ ਰਿਸ਼ਤਾ ਨਹੀਂ ਕਰ ਸਕਦਾ। ਤੂੰ ਵੇਖਿਆ ਨਹੀਂ, ਲੜਕੀ ਨਾਲ ਐਨੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਕਿਵੇਂ ਨਾਮਰਦਾਂ ਵਾਂਗ ਬੈਠੇ ਰਹੇ। ਰੱਬ ਨਾ ਕਰੇ ਜੇ ਇਥੇ ਵਿਆਹੁਣ ਤੋਂ ਬਾਅਦ ਮੇਰੀ ਲੜਕੀ ਨਾਲ ਕੋਈ ਅਜਿਹੀ ਹਬੀ ਨਬੀ ਹੋ ਗਈ, ਇਹਨਾ ਨੇ ਤਾਂ ਸਾਰੀ ਬੇਇੱਜ਼ਤੀ ਪਾਣੀ ਵਾਂਗ ਪੀ ਜਾਣੀ ਹੈ।” ਵਿਚੋਲੇ ਦੀਆਂ ਅੱਖਾਂ ਖੁਲ੍ਹ ਗਈਆਂ।