ਪਿੰਡ, ਪੰਜਾਬ ਦੀ ਚਿੱਠੀ (117)

ਮਿਤੀ : 13-11-2022

ਘਾਟ-ਘਾਟ ਦਾ ਪਾਣੀ ਪੀਣ ਵਾਲੇ ਪੰਜਾਬੀਓ, ਨਮਸਕਾਰ।
ਸਾਡਾ ਰਾਖਾ ਰੱਬ ਹੈ। ਆਪ ਜੀ ਦੀ ਰਾਜ਼ੀ-ਖੁਸ਼ੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਪਿੱਪਲ ਵਾਲੇ ਅੱਡੇ ਉੱਪਰ ਖੜੇ ਖੂਹ ਦੀ ਮੁਰੰਮਤ ਹੋ ਰਹੀ ਹੈ। ਨਿਰੰਜਨ ਸਿੰਘ ਹੁਰਾਂ ਨੇ ਇਕੱਠੇ ਹੋ ਕੇ, ਖੂਹ ਨੂੰ, ਨਵੀਂ ਦਿੱਖ ਦੇ ਦਿੱਤੀ ਹੈ। ਸੌ ਸਾਲ ਪਹਿਲਾਂ ਬਣੇ, ਚਾਰ ਵਿੱਢੇ ਖੂਹ ਨੂੰ ਰੰਗ-ਰੋਗਨ ਕਰਕੇ ‘ਕੇਰਾਂ ਜਾਨ ਪਾ ਦਿੱਤੀ ਹੈ। ਸੰਮਤ ਅਤੇ ਮਿਸਤਰੀ ਦੇ ਫਿੱਕੇ ਹੋ ਰਹੇ ਨਾਂਵਾਂ ਨੂੰ ਚਮਕ ਆ ਗਈ ਹੈ। ਇੱਕ ਵਾਰੀ ਤਾਂ ਝਾਕਣ ਵਾਲਾ ਮੋਰ-ਬੂਟੇ ਵੇਖ ਮੰਤਰ-ਮੁਗਧ ਹੋ ਜਾਂਦਾ ਹੈ। ਲੈ ਬਈ, ਚੱਕਾਂ ਵਾਲੇ ਭਾਈ ਸਾਹਿਬ ਨੇ ਇਸਦੀ ਇੱਟ ਰੱਖੀ ਸੀ ਅਤੇ ਮਿੱਠੇ ਪਾਣੀ ਲਈ ਅਰਦਾਸ ਕੀਤੀ ਸੀ। ਪੂਰੇ ਸੱਠ ਸਾਲ ਪਿੰਡ ਦੀ ਪਿਆਸ ਬੁਝਾਉਣ ਵਾਲੇ ਸੋਮੇ ਵਿੱਚ ਜਦੋਂ ਗਾਂ ਡਿੱਗ ਪਈ ਤਾਂ, ਸਾਰਾ ਪਾਣੀ ਕੱਢ ਕੇ ਸਫ਼ਾਈ ਕੀਤੀ ਸੀ। ਫਿਰ ਪੱਕਾ ਵਿੱਢ ਬਣਾ, ਹੌਦ, ਛਤਰੀ ਅਤੇ ਪੌੜੀਆਂ ਲਾਈਆਂ। ਨਲਕੇ ਅਤੇ ਵਾਟਰ-ਵਰਕਸ ਨੇ ਮਿੱਠੂ ਮਹਿਰੇ ਹੁਰਾਂ ਨੂੰ ਵੇਹਲੇ ਕਰ ਦਿੱਤਾ। ਲਾਂ-ਬੋਕਾ, ਝੋਟੇ ਵਾਲੀ ਗੱਡੀ ਉੱਤੇ ਟੈਂਕੀ ਅਤੇ ਘਰ-ਘਰ ਮਸ਼ਕਾਂ ਨਾਲ ਪਾਣੀ ਪਾਉਣ ਵਾਲੀ ਕਹਾਣੀ, ਇਤਿਹਾਸ ਬਣ ਗਈ। ਖੂਹ, ਬੇ-ਆਬਾਦ ਹੋ ਗਿਆ। ਕਈਆਂ ਨੇ ਖ਼ੁਦਕੁਸ਼ੀ ਲਈ ਇਸ ਨੂੰ ਵਰਤਿਆ। ਪੰਚਾਇਤ ਨੇ ਉੱਪਰ ਲੋਹੇ ਦਾ ਜਾਲ ਪਾ ਤਾ। ਸੰਨ 1990 ਦੇ ਨੇੜੇ ਔੜ ਪੈਣ ਕਾਰਣ, ਸ਼ੇਰ ਸਿੰਘ ਸਰਪੰਚ ਨੇ ਵੱਡੀ ਮੋਟਰ ਲਾ ਪਾਣੀ ਖਿੱਚਣ ਲਈ ਜੁਗਾੜ ਲਾਇਆ। ਮੋਟਰ ਚੱਲੀ ਤਾਂ ਪਾਣੀ ਜ਼ਹਿਰ ਵਰਗਾ ਕੌੜਾ। ਕੋਈ ਜੀਅ-ਜਾਨਵਰ ਨੇੜੇ ਨਾ ਜਾਵੇ। ਹਾਨੀਸਾਰ ਬੰਦ ਕਰ ਤੀ। ਪਿੱਪਲ ਅਤੇ ਹੋਰ ਦਰਖ਼ਤਾਂ ਦੀ ਰੌਣਕ ਵਾਲੇ, ਸੌ ਹੱਥ ਰੱਸਾ ਪੈਂਦੇ ਥਾਂ ਨੂੰ ਨੱਪਣ ਲਈ ਕਈ ਤਿਆਰ ਹੋ ਗਏ। ਖੁਰਦਾ-ਖੁਰਦਾ ਸਾਰਾ ਤਾਣਾ-ਬਾਣਾ, ਬੀਤੇ ਦੀ ਗੱਲ ਬਣ ਗਿਆ। ਕਈਆਂ ਪਿੰਡਾਂ ਵਿੱਚ ਮੁੜ ਖੂਹ, ਟੋਭੇ, ਡਿੱਗੀਆਂ ਅਤੇ ਹੋਰ ਸਾਂਝੀਆਂ ਥਾਂਵਾਂ ਸੰਭਾਲਣ ਦੀਆਂ ਖ਼ਬਰਾਂ ਪੜ, ਸ਼ਰਨੀ, ਪੰਮਾਂ, ਭਜਨਾ ਅਤੇ ਜੱਸੂ ਨੇ ਮਾਸਟਰ ਜੀ ਨੂੰ ਅੱਗੇ ਲਾ ਕੇ ਹਿੰਮਤ ਕੀਤੀ ਹੈ। ਜੰਗੂ ਆਂਹਦਾ, ”ਹੁਣ ਅਸੀਂ ਸਕੂਲ ਅਤੇ ਹੋਰ ਥਾਂਵਾਂ ਵੀ ਸੰਵਾਰਾਂਗੇ”, ਆਸਟਰੇਲੀਆ ਘੁੰਮ ਕੇ ਆਏ ਬੂਟਾ ਸਿੰਹੁ ਤੇ ਕਮਿੱਕਰ ਸਿੰਹੁ ਕਹਿੰਦੇ, ”ਤਕੜੇ ਹੋ ਅਸੀਂ ਮੱਦਦ ਕਰਾਂਗੇ!” ਊਂ ਤਾਂ ਚੰਗੇ ਕੰਮ ਲਈ, ਬਰੈਂਮਪਟਨ (ਕਨੇਡਾ) ਗਏ ਦਿਲਪ੍ਰੀਤ ਹੁਰੀਂ ਵੀ ਪਿੱਛੇ ਨਹੀਂ ਰਹਿੰਦੇ।
ਹੋਰ, ਬੀਜਾ-ਬਿਜਾਈ ਦਾ ਜੋਰ ਹੈ। ਕੁਲਿੰਦਰ ਡੈਬਰੇ ਨਸਲ ਦਾ ਡੌਗੀ ਲੈ ਆਇਆ ਹੈ। ਮਹਿੰਗੇ ਦੋਧੀ ਦੇ, ਰਾਤ ਨੂੰ ਕੋਈ ਸੋਟੀ ਮਾਰ ਗਿਐ। ਕਈ ਗੋਡਿਆਂ ਕਰਕੇ ਸੋਟੀ ਆਸਰੇ ਹੋ ਗਏ ਹਨ। ਜ਼ਮੀਨ, ਪਲਾਟ, ਘਰ ਅਤੇ ਦੁਕਾਨਾਂ ਦੇ ਰੇਟ ਚੜ੍ਹ ਰਹੇ ਹਨ। ਦੂਰ ਪੈਂਦੀਆਂ ਵੋਟਾਂ ਦਾ ਵੀ ਸੇਕ ਆ ਰਿਹਾ ਹੈ। ਵਿਦੇਸ਼ ਜਾਣ ਵਾਲੇ ਨੌਜਵਾਨਾਂ ਦਾ, ਧਾਰਮਿਕ ਥਾਂਵਾਂ ਉੱਤੇ ਜਾ, ਸ਼ਾਂਤੀ ਨਾਲ ਪਾਠ ਕਰਕੇ ‘ਚਾਲੀਹੇ’ ਕੱਟਣ ‘ਤੇ ਜੋਰ ਹੈ। ਰਿਸ਼ਤਿਆਂ ‘ਚ ‘ਦਾਜ’ ਦਾ ਕਾਲਮ ਅਜੇ ਵੀ ਕਾਇਮ ਹੈ। ਸ਼ਹਿਰਾਂ ਦੀ ਕਾਲੋਨੀਆਂ, ਪਿੰਡਾਂ ਨੂੰ ਹੜੱਪਣ ਲਈ ਤੇਜ਼ੀ ਨਾਲ ਵੱਧ ਰਹੀਆਂ ਹਨ। ਮਲਕੀਤ ਸਿੰਘ ਗਿੱਲ ਦੀ ਪੋਤੀ ਦਾ, ਡਾਕਟਰੀ ਵਿੱਚ ਦਾਖਲਾ ਹੋ ਗਿਆ ਹੈ। ਟੈਸਟਾਂ ਲਈ ‘ਬੈਸਟ’ ਟਰਾਈ ਹੋ ਰਹੀ ਹੈ। ਪੜ੍ਹਾਈ ਕਰਕੇ, ਰੌਣਿਆਂ-ਭੌਣਿਆਂ ਨੂੰ ਨਾਨਕਿਆਂ ਲਈ ਛੁੱਟੀਆਂ, ਘੱਟ ਹੀ ਮਿਲਦੀਆਂ ਹਨ। ਸੱਚ, ਭੋਲਾ ਬਾਈ ਤੁਰ ਗਿਆ ਹੈ।
ਚੰਗਾ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com