(ਬਠਿੰਡਾ) ਚਿੱਤਰਕਲਾ ਦਾ ਇਤਿਹਾਸ ਨੂੰ ਜਿਉਂਦਾ ਰੱਖਣ ਲਈ ਬਹੁਤ ਵੱਡਾ ਮਹੱਤਵ ਹੈ। ਇੱਕ ਚਿੱਤਰਕਾਰ ਆਪਣੇ ਜੀਵਨ ਵਿੱਚ ਅਨੇਕਾਂ ਚਿੱਤਰ ਬਿਣਾਉਂਦਾ ਹੈ, ਪਰ ਕਈ ਵਾਰ ਚਿੱਤਰਕਾਰ ਦਾ ਅਨੁਭਵ ਤੇ ਖਿਆਲ ਉਸਦੀ ਕਲਾ ਨੂੰ ਵੱਖਰੇ ਰੂਪ ਵਿੱਚ ਪੇਸ਼ ਕਰਨ ‘ਚ ਸਹਾਈ ਹੋ ਜਾਂਦਾ ਹੈ। ਅਜਿਹਾ ਹੀ ਇੱਕ ਚਿੱਤਰ ਪੰਜਾਬ ਦੇ ਉੱਘੇ ਚਿੱਤਰਕਾਰ ਪ੍ਰੋ: ਹਰਦਰਸ਼ਨ ਸਿੰਘ ਸੋਹਲ ਨੇ ਆਪਣੇ ਬੁਰਸ਼ ਦੀ ਛੋਹ ਨਾਲ ਤਿਆਰ ਕੀਤਾ ਹੈ। ਇਸ ਚਿੱਤਰ ਦਾ ਪੋਸਟਰ ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਅਨੇਕਾਂ ਚਿੱਤਰਕਾਰਾਂ ਦੁਆਰਾ ਚਿੱਤਰ ਤਿਆਰ ਕੀਤੇ ਗਏ ਹਨ, ਪਰ ਇਸ ਚਿੱਤਰ ਦੀ ਇੱਕ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਗੁਰੂ ਜੀ ਦੇ ਸਮੁੱਚੇ ਪਰਿਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਮੂਹਰੇ ਖੜਾ ਰੂਪਮਾਨ ਕੀਤਾ ਗਿਆ ਹੈ। ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਗੁਰੂ ਜੀ ਦੇ ਤਿੰਨੋ ਮਹਿਲ ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਕੌਰ ਜੀ, ਚਾਰੇ ਸਾਹਿਬਜਾਦੇ ਵਿਖਾਈ ਦਿੰਦੇ ਹਨ। ਇਸਤੋਂ ਇਲਾਵਾ ਸ੍ਰੀ ਅਨੰਦਪੁਰ ਦਾ ਕਿਲ੍ਹਾ ਤੇ ਘੋੜੇ ਨਾਲ ਤਿਆਰ ਬਰ ਤਿਆਰ ਸਿੰਘ ਵੀ ਨਜ਼ਰ ਆਉਂਦਾ ਹੈ। ਇਹ ਚਿੱਤਰ ਜਿੱਥੇ ਗੁਰੂ ਜੀ ਦੇ ਸਮੁੱਚੇ ਪਰਿਵਾਰ ਨੂੰ ਇਕੱਠੇ ਰੂਪ ਵਿੱਚ ਦਰਸ਼ਕਾਂ ਦੇ ਰੂਬਰੂ ਕਰਦਾ ਹੈ, ਉੱਥੇ ਚਿੱਤਰਕਾਰ ਸ੍ਰੀ ਸੋਹਲ ਦੀ ਤੀਖ਼ਣ ਬੁੱਧੀ ਤੇ ਅਨੁਭਵ ਨੂੰ ਪ੍ਰਗਟ ਕਰਦਾ ਹੈ।
ਇਸ ਵਿਲੱਖਣ ਤੇ ਸ਼ਾਨਦਾਰ ਚਿੱਤਰ ਦਾ ਪੋਸਟਰ ਸ੍ਰ: ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਰਜਿ: ਬਠਿੰਡਾ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਭਾ ਦੇ ਅਹੁਦੇਦਾਰ ਸਰਵ ਸ੍ਰੀ ਅਮਰਜੀਤ ਸਿੰਘ ਪੇਂਟਰ ਸ੍ਰਪਰਸਤ, ਹਰੀ ਚੰਦ ਪ੍ਰਧਾਨ, ਸੁਰੇਸ ਮੰਗਲਾ, ਕੇਵ ਕ੍ਰਿਸਨ, ਯਸਪਾਲ ਜੈਤੋ, ਸੁਖਦਰਸ਼ਨ ਗਰਗ, ਗੁਰਪੀਤ ਸਿੰਘ ਲੈਕਚਰਾਰ ਆਦਿ ਮੌਜੂਦ ਸਨ।