ਐਡੀਲੇਡ ਵਿੱਚ ਟਕਰਾਏ ਵਾਹਨ, ਇੱਕ ਮਹਿਲਾ ਦੀ ਮੌਤ -ਕਈ ਜ਼ਖ਼ਮੀ, -ਇੱਕ ਮਹਿਲਾ ਡਰਾਇਵਰ ਗ੍ਰਿਫ਼ਤਾਰ

ਬੀਤੀ ਰਾਤ ਐਡੀਲੇਡ ਦੇ ਗਿਲਮਨ ਖੇਤਰ ਵਿਚਲੇ ਪੋਰਟ ਰਿਵਰ ਐਕਸਪ੍ਰੈਸ ਹਾਈਵੇਅ ਉਪਰ ਘੱਟੋ ਘੱਟ 5 ਵਾਹਨ ਆਪਸ ਵਿੱਚ ਟਕਰਾ ਗਏ ਅਤੇ ਇਸ ਦੁਰਘਟਨਾ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਘੱਟੋ ਘੱਟ 3 ਜਣੇ ਜ਼ਖ਼ਮੀ ਹੋਏ ਹਨ। ਇਸ ਦੌਰਾਨ ਇੱਕ 38 ਸਾਲਾਂ ਦੀ ਮਹਿਲਾ ਡਰਾਈਵਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਜੋ ਕਿ ਦੁਰਘਟਨਾ ਦੀ ਦੋਸ਼ੀ ਦੱਸੀ ਜਾ ਰਹੀ ਹੈ।
ਵਾਹਨਾਂ ਦੇ ਟਕਰਾਅ ਦੌਰਾਨ ਲਾਲ ਰੰਗ ਦੀ ਟੋਇਟਾ ਕਾਰ ਵਿੱਚ ਸਵਾਰ ਇੱਕ 26 ਸਾਲਾਂ ਦੀ ਮਹਿਲਾ ਦੀ ਮੌਤ ਹੋ ਗਈ ਜੋ ਕਿ ਨਾਰਥ ਹੈਵਨ ਦੀ ਰਹਿਣ ਵਾਲੀ ਹੈ। ਇਸੇ ਕਾਰ ਦਾ ਡਰਾਈਵਰ ਅਤੇ ਇਸ ਵਿੱਚ ਸਵਾਰ ਹੋਰ ਦੂਸਰੇ ਲੋਕ ਵੀ ਜ਼ਖ਼ਮੀ ਹਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇੱਕ ਹੋਰ ਕਿਆ ਕੈਰਾਟੋ ਕਾਰ ਜਿਸ ਨੂੰ ਇੱਕ 18 ਸਾਲ ਦੀ ਨਵਯੁਵਤੀ ਚਲਾ ਰਹੀ ਸੀ, ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਚਸ਼ਮਦੀਦਾਂ ਅਨੁਸਾਰ ਹੋਲਡਨ ਕਰੂਜ਼ ਕਾਰ ਦਾ ਡਰਾਈਵਰ ਹੀ ਇਸ ਘਟਨਾ ਦਾ ਜ਼ਿੰਮੇਵਾਰ ਹੈ। ਅਤੇ ਇਸੇ ਤਹਿਤ ਪੁਲਿਸ ਨੇ ਪੋਰਟ ਐਡੀਲੇਡ ਤੋਂ ਇੱਕ 38 ਸਾਲਾਂ ਦੀ ਮਹਿਲਾ ਨੂੰ ਗਿਫ਼ਤਾਰ ਕੀਤਾ ਹੈ ਜਿਸ ਉਪਰ ਕਾਰ ਨੂੰ ਗਲਤ ਅਤੇ ਖਤਰਨਾਕ ਤਰੀਕੇ ਨਾਲ ਚਲਾਉਣ ਅਤੇ ਇਸੇ ਵਜਾਹ ਕਾਰਨ ਹੋਈ ਦੁਰਘਟਨਾ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ। ਉਸ ਉਪਰ ਦੋਸ਼ ਹਨ ਕਿ ਦੁਰਘਟਨਾ ਤੋਂ ਤੁਰੰਤ ਬਾਅਦ ਉਹ ਘਟਨਾ ਵਾਲੀ ਥਾਂ ਤੋਂ ਨਦਾਰਦ ਹੋ ਗਈ ਸੀ।
ਅੱਜ ਉਕਤ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਇਸ ਘਟਨਾ ਦੇ ਚਸ਼ਮਦੀਦਾਂ ਨੂੰ ਅਪੀਲ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਕਰਾਈਮ ਸਟਾਪਰਜ਼ ਨੂੰ 1800 333 000 ਤੇ ਸੰਪਰਕ ਕਰਨ ਅਤੇ ਜਾਂ ਫੇਰ ਇਸ ਵੈਬਸਾਈਟ ਉਪਰ ਵਿਜ਼ਿਟ ਕਰਕੇ ਸਮੁੱਚੀ ਜਾਣਕਾਰੀ ਪੁਲਿਸ ਨੂੰ ਮੁਹੱਈਆ ਕਰਵਾਉਣ।