ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ। ਸਰਦਾਰ ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਹੇਠ, ਨੌਜਵਾਨ ਗੁਰਸਿੱਖਾਂ ਦੀ ਪਿਛਲੀ ਕਮੇਟੀ ਨੂੰ ਹੀ ਅਗਲੇ ਸਾਲ ਲਈ ਜੈਕਾਰਿਆਂ ਦੀ ਗੂੰਜ ਵਿਚ, ਸੰਗਤ ਵੱਲੋਂ ਸਰਬਸੰਮਤੀ ਨਾਲ ਸੇਵਾ ਬਖ਼ਸ਼ੀ ਗਈ।
ਕੈਨਬਰਾ ਸ਼ਹਿਰ ਦੇ ਸਿੱਖਾਂ ਦੀ ਖਾਸ ਗੱਲ ਇਹ ਹੈ ਕਿ ਏਥੇ ਇਕੋ ਗੁਰਦੁਆਰਾ ਸਾਹਿਬ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਸਤਨਾਮ ਸਿੰਘ ਦਬੜੀਖਾਨਾ ਨੇ ਦੱਸਿਆ ਕਿ ਪਿਛਲੇ ਸਮੇ ਦੌਰਾਨ ਏਥੇ ਸਿੱਖ ਆਬਾਦੀ ਬਹੁਤ ਵਧ ਗਈ ਹੈ, ਜਿਸ ਕਾਰਨ ਮੌਜੂਦਾ ਇਮਾਰਤ ਛੋਟੀ ਪੈ ਰਹੀ ਸੀ। ਸੰਗਤ ਦੀ ਮੰਗ ‘ਤੇ ਬਹੁਤ ਯੇਤੀ ਹੀ ਵੱਡੀ ਇਮਾਰਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਵੀ ਇਮਾਰਤ ਦੀ ਉਸਾਰੀ ਦਾ ਬਜਟ ਸੱਤ ਮਿਲੀਅਨ ਦੇ ਕਰੀਬ ਹੈ । ਉਹਨਾਂ ਦੱਸਿਆ ਕਿ ਪਿਛਲੇ ਸਾਲ ਚੁਣੀ ਗਈ ਟੀਮ ਨੂੰ ਸਿਰਫ ਦਸ ਮਹੀਨੇ ਮਿਲੇ ਤੇ ਇਹਨਾਂ ਦਸਾਂ ਮਹੀਨਿਆਂ ਦੌਰਾਨ ਗੁਰੂ ਘਰ ਚ ਵੱਡੇ ਬਦਲਾਅ ਲਿਆਂਦੇ ਗਏ ਹਨ। ਪਹਿਲੀ ਵਾਰ ਖਾਲਸਾ ਸਾਜਨਾ ਦਿਵਸ (ਵੈਸਾਖੀ) ਜਾਹੋ ਜਲਾਲ ਨਾਲ ਮਨਾਇਆ ਗਿਆ। ਇਸ ਦੀ ਚਰਚਾ ਆਸਟ੍ਰੇਲੀਆ ਭਰ ਦੀਆਂ ਸੰਗਤਾਂ ਵਿਚ ਪ੍ਰਸੰਸਾ ਭਰੀ ਹੋਈ। ਉਸ ਸਮੇ ਗੁਰੂ ਸਾਹਿਬ ਦੀ ਪਾਲਕੀ ਲਈ ਨਵੀ ਵੈਨ ਖਰੀਦ ਕੇ ਸੰਗਤ ਦੇ ਸਪੁਰਦ ਕੀਤੀ ਗਈ। ਸ਼ਹੀਦਾਂ ਦੀ ਯਾਦ ਵਿਚ ਰੈਡ ਕਰਾਸ ਨੂੰ ਖੂਨ ਦਾਨ ਕੀਤਾ ਗਿਆ। ਕੈਨਬਰਾ ਸ਼ਹਿਰ ਵਿਚ ਪਹਿਲੀ ਵਾਰ ਅੰਮ੍ਰਿਤ ਸੰਚਾਰ ਕਰਵਾਇਆ ਗਿਆ।
ਮੀਤ ਪ੍ਰਧਾਨ ਸ. ਹਰਵਿੰਦਰ ਸਿੰਘ ਰੰਧਾਵਾ, ਸੈਕਟਰੀ ਪ੍ਰਭਦੀਪ ਸਿੰਘ ਸੰਧੂ ਅਤੇ ਖਜਾਨਚੀ ਗੁਰਅੰਮ੍ਰਿਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਾਰੇ ਨੌਜਵਾਨਾਂ ਦੀ ਮਿਹਨਤ ਸਦਕਾ, ਹੁਣ ਚੌਵੀ ਘੰਟੇ ਗੁਰੂ ਕਾ ਲੰਗਰ ਵਰਤਦਾ ਹੈ। ਰੋਜ਼ਾਨਾ ਦੀਵਾਨ ਸਜਦਾ ਹੈ। ਗੁਰਦੁਆਰਾ ਸਾਹਿਬ ਦੇ ਦੀਵਾਨਾਂ ਵਿਚ ਹਾਜਰ ਹੋਣ ਲਈ ਬਜੁਰਗਾਂ ਨੂੰ, ਉਹਨਾਂ ਦੇ ਘਰਾਂ ਵਿਚੋਂ ਲਿਆਉਣ ਲਈ, ਮੁਫਤ ਟਰਾਂਸਪੋਰਟ ਦੇ ਪ੍ਰਬੰਧ ਕੀਤੇ ਗਏ ਹਨ।
ਸੈਕਟਰੀ ਸ. ਪ੍ਰਭਦੀਪ ਸਿੰਘ ਸੰਧੂ ਨੇ ਦੱਸਿਆ ਕਿ ਕੀਰਤਨ ਦੀ ਸੇਵਾ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗੀ ਜਥਾ ਅਤੇ ਚੋਟੀ ਦੇ ਕਥਾਕਾਰ ਸੱਦੇ ਗਏ ਹਨ, ਜੋ ਸੰਗਤ ਨੂੰ ਕਥਾ ਅਤੇ ਕੀਰਤਨ ਸੁਣਾ ਕੇ ਨਿਹਾਲ ਕਰਦੇ ਹਨ। ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ਼, ਗੁਰਬਾਣੀ ਦੀ ਸੰਥਿਆ, ਗਤਕਾ ਕਲਾਸਾਂ, ਦਸਤਾਰ ਸਿਖਲਾਈ, ਪੰਜਾਬੀ ਸਕੂਲ ਆਦਿ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ।
ਸਹਾਇਕ ਸੈਕਟਰੀ ਜਗਮੀਤ ਸੰਘ ਸੰਧੂ, ਸਹਾਇਕ ਖਜਾਨਚੀ ਰਵਿੰਦਰ ਸਿੰਘ ਸਾਹਨੀ, ਮੈਂਬਰ ਗੁਰਦੀਪ ਸਿੰਘ, ਜਗਜੀਤ ਸਿੰਘ ਜੱਗਾ ਅਤੇ ਕਰਨਬੀਰ ਸਿੰਘ ਹੁਣਾਂ ਨੇ, ਉਹਨਾਂ ਦੀ ਸੇਵਾ ਨੂੰ ਪ੍ਰਵਾਨ ਕਰਕੇ, ਅਗਲੇ ਸਾਲ ਲਈ ਵੀ ਸੇਵਾ ਬਖ਼ਸ਼ਣ ਲਈ, ਸੰਗਤ ਦਾ ਧੰਨਵਾਦ ਕੀਤਾ।
(ਗੁਰਦਰਸ਼ਨ ਸਿੰਘ)