(ਸਰੀ)- ਬੀਤੇ ਦਿਨੀਂ ਪਿਕਸ ਸੰਸਥਾ ਦੇ ਬਾਨੀ ਅਤੇ ਭਾਈਚਾਰੇ ਲਈ ਵਰਨਣਯੋਗ ਸੇਵਾਵਾਂ ਨਿਭਾਉਣ ਵਾਲੇ ਮਰਹੂਮ ਚਰਨਪਾਲ ਗਿੱਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਰੀ ਆਰਟ ਗੈਲਰੀ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਚਰਨਪਾਲ ਗਿੱਲ ਦੇ ਪਰਿਵਾਰ,ਰਾਣੀ ਗਿੱਲ,ਜੈਕ ਗਿੱਲ਼ ਅਤੇ ਪਾਲ ਗਿੱਲ ਵੱਲੋਂ ਗੈਲਰੀ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਸਵ. ਗਿੱਲ ਦੀਆਂ ਪਰਿਵਾਰਕ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਤੇ ਸਹਿਯੋਗੀਆਂ ਵੱਲੋਂ ਉਹਨਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਬੀ.ਸੀ. ਦੇ ਸਿਹਤ ਮੰਤਰੀ ਐਡਰਿਅਨ ਡਿਕਸ, ਬੀ.ਸੀ. ਵਿਧਾਨ ਸਭਾ ਦੇ ਸਪੀਕਰ ਅਤੇ ਫਾਰਮ ਵਰਕਰਜ਼ ਯੂਨੀਅਨ ਦੇ ਫਾਊਂਡਰ ਪ੍ਰਧਾਨ ਰਾਜ ਚੌਹਾਨ,ਸਾਬਕਾ ਮੰਤਰੀ ਜੂਡੀ ਕਵਾਨਾ, ਨਸਲਵਾਦ ਵਿਰੋਧੀ ਕਮੇਟੀ ਦੇ ਸਰਵਣ ਬੋਇਲ, ਪਿਕਸ ਦੇ ਮਹਿੰਦਰ ਕੰਗ ਅਤੇ ਦਵਿੰਦਰ ਚੱਠਾ ਨੇ ਉਹਨਾਂ ਨਾਲ ਆਪਣੀ ਦੋਸਤੀ, ਕੰਮ ਕਾਜ ਅਤੇ ਜੱਦੋ ਜਹਿਦ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਬੁਲਾਰਿਆਂ ਨੇ ਉਹਨਾਂ ਵੱਲੋਂ ਫਾਰਮ ਵਰਕਰਾਂ ਦੀ ਬਿਹਤਰੀ ਲਈ ਅਤੇ ਨਸਲਵਾਦ ਖਿਲਾਫ ਸੰਘਰਸ਼ ਵਿਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਸਿੱਖ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੇ ਜਾਣੇ ਪਹਿਚਾਣੇ ਆਰਟਿਸਟ ਜਰਨੈਲ ਸਿੰਘ ਨੇ ਚਰਨਪਾਲ ਗਿੱਲ ਨਾਲ ਜੁੜੀਆਂ ਨਿਜੀ ਸਾਂਝਾਂ ਅਤੇ ਕਾਮਾਗਾਟਾਮਾਰੂ ਦੇ ਵਿਸ਼ਾਲ ਕੰਧ ਚਿਤਰ ਬਨਾਉਣ ਦੇ ਤਜਰਬੇ ਸਾਂਝੇ ਕੀਤੇ। ਅਖੀਰ ਵਿਚ ਉਹਨਾਂ ਵੱਲੋਂ ਬਣਾਏ ਗਏ ਚਰਨਪਾਲ ਗਿੱਲ ਦੇ ਪੋਰਟਰੇਟ ਉੱਪਰੋਂ ਪਰਦਾ ਚੁੱਕ ਕੇ ਲੋਕ ਅਰਪਣ ਕਰਨ ਦੀ ਰਸਮ ਕੀਤੀ ਗਈ ਅਤੇ ਇਸ ਦਾ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ।
(ਹਰਦਮ ਮਾਨ) +1 604 308 6663