ਬਾਰਿਸ਼, ਹੜ੍ਹ ਤੋਂ ਬਾਅਦ ਹੁਣ ਮੱਛਰਾਂ ਤੋਂ ਬਚਣ ਅਤੇ ਸਾਵਧਾਨ ਰਹਿਣ ਲਈ ਪ੍ਰਸ਼ਾਸਨ ਵੱਲੋਂ ਅਪੀਲ

ਉਤਰੀ ਆਸਟ੍ਰੇਲੀਆ ਵਿੱਚ ਹਰ ਸਾਲ ਹੀ ਇੱਦਾਂ ਦਾ ਮੌਸਮ ਹੀ ਹੁੰਦਾ ਹੈ। ਪਹਿਲਾਂ ਜ਼ੋਰਦਾਰ ਬਾਰਿਸ਼, ਬਾਰਿਸ਼ ਨਾਲ ਹੜ੍ਹ, ਹੜ੍ਹਾਂ ਨਾਲ ਕਾਫੀ ਨੁਕਸਾਨ। ਅਤੇ ਇਸਤੋਂ ਬਾਅਦ ਜਦੋਂ ਲੋਕ ਆਪਣੇ ਆਪ ਨੂੰ ਨੁਕਸਾਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਕ ਹੋਰ ਕੁਦਰੀਤ ਆਫ਼ਤ ਹਮਲਾ ਕਰ ਦਿੰਦੀ ਹੈ ਜਿਸਨੂੰ ਕਿ ਇਨਸਾਨੀ ਜ਼ੁਬਾਨ ਵਿੱਚ ‘ਮੱਛਰ’ ਕਿਹਾ ਜਾਂਦਾ ਹੈ। ਪਹਿਲਾਂ ਤੋਂ ਕੁਦਰਤੀ ਕਰੋਪੀਆਂ ਦੀ ਮਾਰ ਝੇਲ ਰਹੇ ਲੋਕਾਂ ਉਪਰ ਇਸ ਮੱਛਰ ਦੀ ਅਜਿਹੀ ਮਾਰ ਪੈਂਦੀ ਹੈ ਕਿ ਕਾਫੀ ਲੋਕ ਇਸਦੇ ਸੰਤਾਪ ਕਾਰਨ ਬਿਮਾਰ ਹੁੰਦੇ ਹਨ, ਸਿਰ ਦਰਦ ਦੀ ਪ੍ਰੇਸ਼ਾਨੀ ਝੇਲਦੇ ਹਨ ਅਤੇ ਬੇਹੋਸ਼ੀ ਦੀ ਹਾਲਤ ਤੱਕ ਵੀ ਜਾ ਪਹੁੰਚਦੇ ਹਨ। ਇਸੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ ਜਿਵੇਂ ਕਿ ਜੇ.ਈ.ਵੀ. (Japanese encephalitis (JEV) ) ਆਦਿ।
ਪ੍ਰਸ਼ਾਸਨ ਹਰ ਸਾਲ ਵਾਂਗ ਇਸ ਸਾਲ ਵੀ ਲੋਕਾਂ ਨੂੰ ਅਪੀਲ ਕਰਦਾ ਹੈ ਕਿ ‘ਇਲਾਜ ਨਾਲੋਂ ਸਾਵਧਾਨੀ ਚੰਗੀ’ ਅਤੇ ਇਸੇ ਤਹਿਤ ਜੇਕਰ ਕੁੱਝ ਸਾਵਧਾਨੀਆਂ ਵਰਤ ਲਈਆਂ ਜਾਣ ਤਾਂ ਇਸ ਮੱਛਰ ਦੇ ਹਮਲਿਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਜਿਵੇਂ ਕਿ ਆਪਣੇ ਸਰੀਰ ਨੂੰ ਜਿੱਥੋਂ ਤੱਕ ਵੀ ਹੋ ਸਕੇ ਢਕ ਕੇ ਰੱਖਿਆ ਜਾਵੇ। ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਅਤੇ ਪੂਰੀਆਂ ਪੈਂਟਾਂ ਪਾਈਆਂ ਜਾ ਸਕਦੀਆਂ ਹਨ। ਬੂਟ ਜੁਰਾਬਾਂ ਪਾਉਣੀਆਂ ਵੀ ਜ਼ਰੂਰੀ ਸਮਝੀਆਂ ਜਾਂਦੀਆਂ ਹਨ।
ਮੱਛਰਾਂ ਤੋਂ ਬਚਣ ਲਈ ਡੀਟ (DEET – chemical name, N,N-diethyl-meta-toluamide) ਯੁਕਤ ਸਪਰੇਆਂ ਆਦਿ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਸਫੈਦੇ (lemon eucalyptus tree oil) ਦੇ ਤੇਲ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਅਜਿਹੇ ਲੋਕ ਜੋ ਕਿ ਪਿਗਰੀਆਂ ਆਦਿ ਵਿੱਚ ਕੰਮ ਕਰਦੇ ਹਨ ਜਾਂ ਉਨ੍ਹਾਂ ਦਾ ਆਉਣਾ ਜਾਣਾ ਇੱਥੇ ਲੱਗਿਆ ਰਹਿੰਦਾ ਹੈ ਜਾਂ ਜਿਹੜੇ ਲੋਕ ਮੱਛਰਾਂ ਆਦਿ ਸਬੰਧੀ ਖੋਜਾਂ ਵਾਲੇ ਵਿਭਾਗਾਂ ਵਿੱਚ ਕੰਮ ਕਰਦੇ ਹਨ ਅਤੇ ਜਾਂ ਫੇਰ ਜਿਹੜੇ ਲੋਕ ਲੈਬੋਰਟਰੀਆਂ ਆਦਿ ਵਿੱਚ ਕੰਮ ਕਰਦੇ ਹਨ -ਨੂੰ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੁੰਦੀ ਹੈ।
ਇਸਤੋਂ ਇਲਾਵਾ ਜਿਹੜੇ ਲੋਕ 50 ਸਾਲ ਜਾਂ ਇਸਤੋਂ ਵੱਧ ਉਮਰ ਦੇ ਹਨ ਅਤੇ ਉਹ ਕੁੱਝ ਵਿਸ਼ੇਸ਼ ਸਥਾਨਕ ਸਰਕਾਰੀ ਖੇਤਰਾਂ ਆਦਿ ਵਿੱਚ ਰਹਿੰਦੇ ਹਨ ਅਤੇ ਆਪਣਾ ਜ਼ਿਆਦਾ ਸਮਾਂ ਬਾਹਰ ਹੀ ਰਹਿੰਦੇ ਹਨ, ਅਜਿਹੇ ਲੋਕਾਂ ਵਾਸਤੇ ਟੀਕਾਕਰਣ ਦੀ ਸੇਵਾ ਚਲਾਈ ਜਾ ਰਹੀ ਹੈ ਅਤੇ ਪ੍ਰਸ਼ਾਸਨ ਅਜਿਹੇ ਵਿਅਕਤੀਆਂ ਨੂੰ ਮੱਛਰਾਂ ਆਦਿ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਓ ਲਈ ਟੀਕੇ ਲਗਵਾਉਣ ਦੀ ਅਪੀਲ ਕਰਦਾ ਹੈ।