ਭਾਰਤ ਪਾਕਿਸਤਾਨ ਦੇ ਤਿੰਨ ਉਘੇ ਲਿਖਾਰੀਆਂ ਦੀਆਂ ਕਿਤਾਬਾਂ ਲੋਕ ਅਰਪਣ ਅਤੇ ਵਿਚਾਰ ਚਰਚਾ -ਇੱਕ ਰਿਪੋਰਟ

ਬੀਤੇ ਦਿਨੀਂ, ਐਡੀਲੇਡ ਵਿਖੇ ਹੋਏ ਭਾਰਤ ਅਤੇ ਪਾਕਿਸਤਾਨ ਦੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀ ਜ਼ੁਬਾਨ ਅਤੇ ਮਾਂ ਬੋਲੀ ਪੰਜਾਬੀ ਨਾਲ ਸਬੰਧਤ ਇੱਕ ਅਦਬੀ ਸਮਾਰੋਹ ਦੌਰਾਨ ਦੋਹਾਂ ਪਾਸਿਆਂ ਦੇ ਤਿੰਨ ਸੰਸਾਰ ਪ੍ਰਸਿੱਧ ਅਤੇ ਉਘੇ ਲਿਖਾਰੀਆਂ (ਡਾ. ਮੁਹੰਮਦ ਅਫ਼ਜ਼ਲ ਮਹਿਮੂਦ (ਪਸੇ ਆਈਨਾ ਕੋਈ ਔਰ ਹੈ), ਮਿੰਟੂ ਬਰਾੜ (ਕੈਂਗਰੂਨਾਮਾ ਸ਼ਾਹਮੁਖੀ), ਅਤੇ ਸ਼ੰਮੀ ਜਲੰਧਰੀ (ਇਸ਼ਕ ਮੇਰਾ ਸੁਲਤਾਨ)) ਦੀਆਂ ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ ਅਤੇ ਇਨ੍ਹਾਂ ਉਪਰ ਵੱਖ ਵੱਖ ਅਦਬੀ ਮਹਿਮਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਚਾਰ ਚਰਚਾ ਵੀ ਕੀਤੀ।
ਡਾ. ਮੁਹੰਮਦ ਅਫ਼ਜ਼ਲ ਮਹਿਮੂਦ ਦੀ ਲੋਕ ਅਰਪਣ ਕੀਤੀ ਗਈ ਕਿਤਾਬ -ਪਸੇ ਆਈਨਾ ਕੋਈ ਔਰ ਹੈ….., ਦੂਸਰੀ ਕਿਤਾਬ ਹੈ ਅਤੇ ਇਸਤੋਂ ਪਹਿਲਾਂ ਉਹ ਆਪਣੀ ਕਿਤਾਬ -ਸ਼ਾਇਰੀ ਦਾ ਮਜਮੂਆਂ (ਮੁਹੱਬਤ ਹੋ ਹੀ ਜਾਤੀ ਹੈ).. ਪਾਠਕਾਂ ਦੇ ਰੂ-ਬ-ਰੂ ਕਰ ਚੁਕੇ ਹਨ। ਇਸ ਕਿਤਾਬ ਦੇ ਲੇਖਾਂ ਰਾਹੀਂ ਡਾ. ਅਫ਼ਜ਼ਲ ਨੇ ਆਪਣੇ ਜ਼ਿੰਦਗੀ ਦੇ ਤਜੁਰਬਿਆਂ, ਦੋਸਤਾਂ ਨਾਲ ਮੁਲਾਕਾਤਾਂ, ਵੱਖਰੇ ਵੱਖਰੇ ਦੇਸ਼ਾਂ ਵਿਚਲੇ ਆਪਣੀਆਂ ਸ਼ਮੂਲੀਅਤਾਂ, ਪ੍ਰਸ਼ੰਸਕਾਂ ਅਤੇ ਆਲੋਚਕਾਂ ਦੇ ਨਜ਼ਰੀਏ ਦੇ ਮੱਦੇਨਜ਼ਰ ਇਹ ਤਲਾਸ਼ਣ ਕੀ ਕੋਸ਼ਿਸ਼ ਕੀਤੀ ਹੈ ਕਿ ”ਮੈਂ ਕੌਨ ਹੂੰ…..?”।
ਸ਼ਮੀ ਜਲੰਧਰੀ ਦੀ ਕਿਤਾਬ -ਇਸ਼ਕ ਮੇਰਾ ਸੁਲਤਾਨ, ਦਾ ਵੀ ਪਾਕਿਸਤਾਨ ਵਿੱਚ ਸ਼ਾਹਮੁਖੀ ਵਿੱਚ ਤਰਜਮਾ ਕੀਤਾ ਗਿਆ ਹੈ ਅਤੇ ਇਹ ਕਿਤਾਬ ਇਸ਼ਕ ਹਕੀਕੀ ਦੇ ਤਜੁਰਬਿਆਂ ਉਪਰ ਆਧਾਰਿਤ ਹੈ।
ਮਿੰਟੂ ਬਰਾੜ ਦੀ ਕਿਤਾਬ ‘ਕੈਂਗਰੂਨਾਮਾ’ ਆਸਟ੍ਰੇਲੀਆ ਦੇ ਹਾਲਾਤਾਂ ਅਤੇ ਤਜੁਰਬਿਆਂ ਉਪਰ ਲਿੱਖੇ ਗਏ ਲੇਖਾਂ ਨਾਲ ਸਰੋਕਾਰ ਹੈ ਅਤੇ ਪਹਿਲਾਂ ਇਸ ਨੂੰ ਲੇਖਕ ਵੱਲੋਂ ਗੁਰਮੁਖੀ ਵਿੱਚ ਛਾਪਿਆ ਗਿਆ ਸੀ ਅਤੇ ਹੁਣ ਪਾਕਿਸਤਾਨ ਦੇ ਅਦਬੀ ਦੋਸਤਾਂ ਨੇ ਇਸ ਕਿਤਾਬ ਦਾ ਤਰਜੁਮਾ ਸ਼ਾਹਮੁਖੀ ਵਿੱਚ ਕੀਤਾ ਹੈ ਜਿਸ ਦਾ ਕਿ ਇਸ ਸਮਾਗਮ ਦੌਰਾਨ ਵਿਮੋਚਨ ਕੀਤਾ ਗਿਆ।
ਇਸ ਸਮਾਗਮ ਦੌਰਾਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਦਬੀ ਲੇਖਕ ਅਤੇ ਐਡੀਲੇਡ ਸ਼ਹਿਰ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਸਮਾਰੋਹ ਵਿੱਚ ਆਪਣੀ ਸ਼ਮੂਲੀਅਤ ਕੀਤੀ।

ਪਾਕਿਸਤਾਨ ਦੀ ਮਸ਼ਹੂਰੀ ਹਸਤੀ ਅਤੇ ਐਡੀਲੇਡ ਵਿੱਚਲੇ ਲੇਖਕ ਭਾਈਚਾਰੇ ਵਿੱਚ ਖਾਸ ਮੁਕਾਮ ਰੱਖਣ ਵਾਲੇ ਜਨਾਬ ਹੈਦਰ ਅਲੀ ਸ਼ਾਹ ਸਾਹਬ ਨੇ ਡਾ. ਅਫ਼ਜ਼ਲ ਦੀ ਕਿਤਾਬ ਉਪਰ ਤਪਸਰਾ ਕੀਤਾ ਅਤੇ ਵਿਚਲੇ ਲੇਖਾਂ ਉਪਰ ਆਪਣੇ ਵਿਚਾਰ ਰੱਖੇ।
ਮੁਹਤਰਮਾ ਆਸੀਆ ਮੋਇੰਮ, ਜੋ ਕਿ ਐਡੀਲੇਡ ਦੀ ਅਦਬੀ ਦੁਨੀਆ ਵਿੱਚ ਆਪਣੀ ਵੱਖਰੀ ਅਤੇ ਵੱਡਮੁੱਲੀ ਪਹਿਚਾਣ ਰੱਖਦੇ ਹਨ, ਨੇ ਸ਼ਮੀ ਜਲੰਧਰੀ ਦੀ ਕਿਤਾਬ ਉਪਰ ਤਫ਼ਸੀਲ ਕੀਤੀ ਅਤੇ ਤਿੰਨਾਂ ਲਿਖਾਰੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਇਹ ਲੋਕ ਆਸਟ੍ਰੇਲੀਆ ਅੰਦਰ ਰਹਿ ਕੇ ਵੀ ਆਪਣੀ ਜ਼ੁਬਾਨ, ਮਾਂ ਬੋਲੀ ਅਤੇ ਮਾਦਰੇ ਵਤਨ ਨਾਲ ਜੁੜੇ ਹਨ ਅਤੇ ਮਾਂ ਬੋਲੀ ਦੀ ਸੇਵਾ ਵਿੱਚ ਹਮੇਸ਼ਾ ਕੁੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ ਜੋ ਕਿ ਸਮਾਜ ਵਾਸਤੇ ਬਹੁਤ ਹੀ ਉਸਾਰੂ ਹੁੰਦਾ ਹੈ।
ਮੰਨੇ ਪ੍ਰਮੰਨੇ ਪੰਜਾਬੀ ਸਾਹਿਤਕਾਰ -ਕਰਨ ਬਰਾੜ ਨੇ ਮਿੰਟੂ ਬਰਾੜ ਦੀ ਕਿਤਾਬ ‘ਕੈਂਗਰੂਨਾਮਾ’ ਉਪਰ ਆਪਣੇ ਖ਼ਿਆਲ ਪੇਸ਼ ਕੀਤੇ ਅਤੇ ਵਿਸਤਾਰ ਨਾਲ ਇਸ ਕਿਤਾਬ ਦੇ ਹਰ ਇੱਕ ਪਹਿਲੂ ਉਪਰ ਚਾਨਣਾ ਪਾਇਆ।
ਇਸਤੋਂ ਇਲਾਵਾ ਪਾਕਿਸਤਾਨ ਤੋਂ ਉਚੇਚੇ ਤੌਰ ਤੇ ਬਾਬਾ ਨਜ਼ਮੀ ਨੇ ਜੋ ਆਪਣੇ ਵਿਚਾਰ ਕੈਂਗਰੂਨਾਮਾ ਕਿਤਾਬ ਉਪਰ ਭੇਜੇ ਸਨ, ਨੂੰ ਡਾ. ਅਫ਼ਜ਼ਲ ਨੇ ਮਹਿਫ਼ਿਲ ਵਿੱਚ ਪੜ੍ਹ ਕੇ ਸੁਣਾਇਆ।
ਤਿੰਨੇ ਕਿਤਾਬਾਂ ਦੇ ਲੇਖਕਾਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਅਜਿਹੇ ਕਿਹੋ ਜਿਹੇ ਤਜਰਬੇ ਸਨ ਜਿਨ੍ਹਾਂ ਦੇ ਕਾਰਨ ਉਨ੍ਹਾਂ ਵਾਕਿਆ ਨੇ ਲੇਖ ਦੇ ਰੂਪ ਲਿਆ ਅਤੇ ਫੇਰ ਲੇਖਾਂ ਤੋਂ ਕਿਤਾਬ ਉਜਾਗਰ ਹੋ ਗਈ ਅਤੇ ਸਾਰੀ ਦੁਨੀਆਂ ਦੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਗਈ।
ਇਸ ਸਮਾਗਮ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵਾਪਰੀਆਂ ਜੋ ਕਿ ਅਦਬੀ ਖੇਤਰ ਵਿੱਚ ਚਰਚਾ ਦਾ ਵਿਸ਼ਾ ਹਮੇਸ਼ਾ ਬਣੀਆਂ ਰਹਿਣਗੀਆਂ। ਪਹਿਲਾਂ ਤਾਂ ਸਮਾਗਮ ਦੌਰਾਨ ਇੱਕ ਕੇਕ ਅਰਪਿਤ ਕੀਤਾ ਗਿਆ ਜੋ ਕਿ ਇੱਕ ਕਿਤਾਬ ਦੀ ਹੀ ਸ਼ਕਲ ਦਾ ਸੀ ਅਤੇ ਇਸਨੂੰ ਕੱਟਣ ਦੀ ਬਜਾਏ ਇਸ ਦੇ ਆਲ਼ੇ-ਦੁਆਲੇ ਮੋਮਬੱਤੀਆਂ ਜਗਾ ਕੇ ‘ਰੌਸ਼ਨ-ਮੁਨਾਰੇ’ ਵਾਂਗੂ ਇਸਨੂੰ ਰੌਸ਼ਨ ਕੀਤਾ ਗਿਆ ਅਤੇ ਕਿਤਾਬਾਂ ਰਾਹੀਂ ਗਿਆਨ ਦੇ ਪ੍ਰਕਾਸ਼ ਨੂੰ ਦਰਸਾਇਆ ਗਿਆ।

ਮੌਸਿਕੀ ਹਰ ਅਦਬੀ ਮਹਿਫ਼ਿਲ ਦੀ ਸ਼ਾਨ ਹੁੰਦੀ ਹੈ। ਇਸ ਮੋਕੇ ਦੀ ਮੌਸਿਕੀ ਦੌਰਾਨ ਇੱਕ ਹੋਰ ਨਵਾਂ ਤਜਰਬਾ ਇਹ ਰਿਹਾ ਕਿ ਜਨਾਬ ਸ਼ਮੀ ਜਲੰਧਰੀ ਦੀ ਨਜ਼ਮ -ਮੁਹੱਬਤ.. ਮੁਹੱਬਤ… ਅਤੇ ਡਾ. ਅਫ਼ਜ਼ਲ ਦੀ ਨਜ਼ਮ -ਦਿਲ ਮੁਹੱਬਤ ਜਾਂ… ਨੂੰ ਪੰਜਾਬੀ ਅਤੇ ਉਰਦੂ ਵਿੱਚ ਮਿਕਸ ਕਰਕੇ ਪੇਸ਼ ਕੀਤਾ ਗਿਆ ਅਤੇ ਇੱਥੋਂ ਦੇ ਮਕਾਮੀ ਦੋਸਤ ਸਟੁਅਰਟ ਰੋਜ਼ ਨੇ ਆਪਣੀ ਬੰਸਰੀ ਦੇ ਸੁਰਾਂ ਅਤੇ ਹੋਰ ਸਾਜ਼ਾਂ ਨਾਲ ਸਜਾਇਆ ਅਤੇ ਭਾਰਤ-ਪਾਕਿਸਤਾਨ-ਆਸਟ੍ਰੇਲੀਆ ਨੂੰ ਮੌਸਿਕੀ ਦੀ ਇੱਕ ਨਵੀਂ ਲੈਅ ਵਿੱਚ ਬੰਨਿਆ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ।
ਜ਼ਿਕਰਯੋਗ ਹੈ ਕਿ ਇਸੇ ਸਮਾਗਮ ਦੌਰਾਨ ਇੱਕ ਹੋਰ ਕਲਾਕਾਰ ਰੌਜ਼ਲੀਨ ਹੱਕ ਨੇ ਵੀ ਆਪਣੀ ਇੱਕ ਪੇਂਟਿੰਗ ਦੇ ਜ਼ਰੀਏ ਹਿੱਸਾ ਲਿਆ। ਇਸ ਪੇਂਟਿੰਗ ਅਤੇ ਇਨ੍ਹਾਂ ਤਿੰਨਾਂ ਕਿਤਾਬਾਂ ਦੇ ਦਾਨ ਅਤੇ ਇਨ੍ਹਾਂ ਦੇ ਇਵਜ ਵਿੱਚ ਇਕੱਠੀ ਕੀਤੀ ਗਈ 1500 ਡਾਲਰਾਂ ਦੀ ਰਕਮ ਰਾਹੀਂ ਪਾਕਿਸਤਾਨ (ਲਾਹੌਰ) ਵਿੱਚ ਮੌਜੂਦ ਦਾਤਾ ਦਰਬਾਰ -ਹਜ਼ਰਤ ਦਾਤਾ ਗੰਜ ਬਖ਼ਸ਼ ਦੀ ਮਜ਼ਾਰ ਤੇ ਚੱਲ ਰਹੀ ਇੱਕ ਡਿਸਪੈਂਸਰੀ ਜਿੱਥੇ ਕਿ ਮੁਫ਼ਤ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ -ਦੀ ਮਾਲ਼ੀ ਮਦਦ ਕੀਤੀ ਗਈ ਹੈ।
ਹੋਰ ਕਲਾਕਾਰਾਂ ਨੇ, ਜਿਨ੍ਹਾਂ ਵਿੱਚ ਕਿ ਫਾਹਦ ਫਾਰੂਖ ਅਤੇ ਮਦਨ ਧਾਮੀ ਸ਼ਾਮਿਲ ਹਨ -ਆਪਣੀ ਸ਼ਾਇਰੀ ਅਤੇ ਗ਼ਜ਼ਲਾਂ ਪੇਸ਼ ਕੀਤੀਆਂ।
ਇਸ ਸਮੁਚੇ ਸਮਾਗਮ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਡਾ. ਅਫ਼ਜ਼ਲ ਦੇ ਦੋਸਤਾਂ ਜਿਤਨ ਪਟੇਲ ਅਤੇ ਬਹਾਲ ਸਿੰਘ ਗਿੱਲ ਵਿੱਚ ਉਘਾ ਯੋਗਦਾਨ ਪਾਇਆ ਅਤੇ ਇਸ ਅਦਬੀ ਮਹਿਫ਼ਿਲ ਦੇ ਸੁਚੱਜੇ ਪ੍ਰੋਗਰਾਮ ਨੂੰ ਅੰਜਾਮ ਦਿੱਤਾ।
ਸਥਾਨਕ ਮੈਂਬਰ ਕੌਂਸਲ ਵਰਿਸ਼ਾ ਪਟੇਲ ਅਤੇ ਅਨਅਮਤਾ ਅਫ਼ਜ਼ਲ ਨੇ ਇਸ ਮੋਕੇ ਤੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਮਹਿਫ਼ਿਲ ਦੀਆਂ ਸਾਰੀਆਂ ਰਸਮਾਂ ਨੂੰ ਵੀ ਅੰਜਾਮ ਦਿੱਤਾ।
ਸਮੁੱਚੇ ਸਮਾਗਮ ਦੀ ਗੱਲ ਕਰੀਏ ਤਾਂ ਪ੍ਰੋਗਰਾਮ ਦੇ ਆਯੋਜਕਾਂ, ਲਿਖਾਰੀਆਂ, ਦਰਸ਼ਕਾਂ, ਮਹਿਮਾਨਾਂ ਆਦਿ ਸਭ ਦੀ ਸ਼ਮੂਲੀਅਤ ਇਹੀ ਦਰਸਾਉਂਦੀ ਹੈ ਕਿ ਅਸੀਂ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਾਂ ਅਤੇ ਹਮੇਸ਼ਾ ਯਾਦ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸਭਿਆਚਾਰਕ ਅਤੇ ਅਦਬੀ ਸੰਸਾਰ ਵਿੱਚ ਬੇਰੀ ਦੇ ਬੇਰਾਂ, ਸ਼ਹਿਤੂਤ, ਸ਼ੀਸ਼ਮ ਆਦਿ ਦਰਖ਼ਤਾਂ ਦਾ ਕੀ ਵਜੂਦ ਰਿਹਾ ਹੈ ਅਤੇ ਇਨ੍ਹਾਂ ਨੇ ਕਿਸ ਤਹਿਜ਼ੀਬ ਦੇ ਜ਼ਰੀਏ ਇਨਸਾਨ ਦੇ ਅੰਦਰੋਂ ਅਜਿਹੇ ਸ਼ਬਦ ਅਤੇ ਖ਼ਿਆਲਾਤ ਉਪਜੇ ਹਨ ਜਿਨ੍ਹਾਂ ਰਾਹੀਂ ਹੁਣ ਤੱਕ ਕਿੰਨਾ ਹੀ ਸਾਹਿੱਤ ਰਚਿਆ ਜਾ ਚੁਕਿਆ ਹੈ ਅਤੇ ਰਹਿੰਦੀ ਦੁਨੀਆਂ ਤੱਕ ਇਹ ਕੋਸ਼ਿਸ਼ਾਂ ਕਾਇਮ ਰਹਿਣਗੀਆਂ। ਆਉਣ ਵਾਲੀਆਂ ਨਸਲਾਂ ਇਨ੍ਹਾਂ ਖ਼ਿਆਲਾਂ ਤੋਂ ਆਪਣੇ ਖ਼ਿਆਲ ਸਿਰਜਣਗੀਆਂ ਅਤੇ ਹੋਰ ਉਸਾਰੂ ਸਾਹਿਤ ਦੀ ਰਚਨਾ ਹੋਵੇਗੀ। ਇਸ ਤਹਿਤ ਇਨ੍ਹਾਂ ਕਿਤਾਬਾਂ ਨੂੰ ਦੂਸਰੀਆਂ ਭਾਸ਼ਾਵਾਂ ਦੇ ਨਾਲ ਨਾਲ ਅੰਗ੍ਰੇਜ਼ੀ ਵਿੱਚ ਵੀ ਇਨ੍ਹਾਂ ਦਾ ਤਰਜਮਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਆਡੀਓ ਰੂਪ ਵਿੱਚ ਵੀ ਤਿਆਰ ਕੀਤੇ ਜਾ ਰਹੇ ਹਨ।
ਸਮੁੱਚਾ ਸਮਾਗਮ ‘ਚੜ੍ਹਦੇ ਅਤੇ ਲਹਿੰਦੇ ਪੰਜਾਬ’ ਦੇ ਨਾਲ ਨਾਲ ਭਾਰਤ ਅਤੇ ਪਾਕਿਸਤਾਨ ਦੀ ਅਦਬੀ ਦੌਸਤੀ ਅਤੇ ਆਪਸੀ ਭਾਈਚਾਰਕ ਸਭਿਆਚਾਰਕ ਸਾਂਝ ਨੂੰ ਦਰਸਾਉਂਦਿਆਂ ਹੋਇਆਂ ਪੂਰ ਚੜ੍ਹਿਆ ਅਤੇ ਲੋਕਾਂ ਦੇ ਮਨ੍ਹਾਂ ਵਿੱਚ ਕੁੱਝ ਪ੍ਰਸ਼ਨ ਵੀ ਛੱਡ ਗਿਆ ਕਿ -ਅਸੀਂ ਵੱਖ ਕਿਸ ਪਾਸੇ ਤੋਂ ਹਾਂ….. ਅਤੇ ਕੀ ਇਹ ‘ਰਾਜਨੀਤਿਕ ਬਾਰਡਰ’ ਸਾਨੂੰ ਹੋਰ ਵੱਖ ਰੱਖ ਸਕਣਗੇ…? ਜਾਂ…. ਦੋਹਾਂ ਪਾਸਿਆਂ ਦੀਆਂ ਜਾਗਦੀਆਂ ਜ਼ਮੀਰਾਂ ਕੁੱਝ ਅਜਿਹੇ ਕਦਮ ਚੁੱਕਣਗੀਆਂ ਕਿ ਆਪਸੀ ਸਾਂਝਾਂ ਵਿੱਚ ਪਈਆਂ ਹੋਈਆਂ ਲਕੀਰਾਂ ਜਿਨ੍ਹਾਂ ਨੂੰ ਕਿ ‘ਬਾਰਡਰ’ ਕਿਹਾ ਜਾਂਦਾ ਹੈ, ਨੂੰ ਮਿਟਾਇਆ ਜਾ ਸਕੇ ਅਤੇ ਦੋਹਾਂ ਪਾਸਿਆਂ ਦੇ ਸਾਂਝੇ ਸਭਿਆਚਾਰ ਅਤੇ ਅਦਬ ਨੂੰ ਮੁੜ ਤੋਂ ਇਕੱਠਾ ਕੀਤਾ ਜਾ ਸਕੇ।

ਆਮੇਨ……