ਪਿੰਡ, ਪੰਜਾਬ ਦੀ ਚਿੱਠੀ (113)

ਮਿਤੀ : 16-10-2022 – ਕੁੜੀਆਂ ਤਾਂ ਕੁੜੀਆਂ ਨੇ, ਪਰ ਹੁਣ ਇੰਨਾਂ ਦਾ ‘ਸਭ ਕੁੱਝ’ ਹੈ….

ਪਿੰਡ ਦੇ ਪ੍ਰੇਮੀਓ, ਸਾਰਿਆਂ ਨੂੰ ਪਿਆਰ ਭਰੀ ਸਤ ਸ਼੍ਰੀ ਅਕਾਲ। ਅਸੀਂ ਬਿਲਕੁਲ ਠੀਕ ਹਾਂ। ਤੁਹਾਡੀ ਤੰਦਰੁਸਤੀ ਵਾਹਿਗੁਰੂ ਤੋਂ ਸਦਾ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਚੁਰਸਤੇ ਵਿੱਚ ਬੈਠਿਆਂ ਉੱਤੇ, ਧੂੜ ਪਾ ਕੇ, ਧੂੜਾਂ ਪੱਟਦੀ ਕਾਰ, ਜਦੋਂ ਡਿੱਗੀ ਆਲਿਆਂ ਦੇ ਘਰੇ ਵੜੀ ਤਾਂ ਲੀਲੂ ਆਂਹਦਾ, ”ਇਹ ਤਾਂ ਰਾਜਸਥਾਨ ਵਾਲਾ ਪ੍ਰਾਹੁਣੈ”, ਖੰਘੂਰਾ ਮਾਰ ਕੇ ਕੋਲੋਂ ਜਗਰਾਜ ਕਹਿੰਦਾ, ”ਵੇਖ ਲੋ ਸਮੇਂ-ਸਮੇਂ ਦੀ ਖੇਡ ਐ, ਅੱਗੇ ਕਿਹੜੇ ਸਾਧਨ ਸੀ, ਤਿੱਖੜ ਦੁਪਹਿਰੇ ਕੋਈ ਧੀ-ਧਿਆਣੀ, ਜਵਾਕ ਘੜੀਸਦੀ, ਝੋਲਾ ਚੱਕੀ, ਸੱਥ ‘ਚੋਂ ਲੰਘਦੀ ਤਾਂ ਸਾਰੇ, ਬੋਹੜ ਥੱਲਿਓਂ ਉੱਠ ਸਾਮਾਨ ਫ਼ੜਦੇ, ਸਿਰ ਪਲੂਸਦੇ, ਸੁੱਖ-ਸਾਂਦ ਪੁੱਛਦੇ, ਘਰੇ ਛੱਡ ਕੇ ਆਉਂਦੇ। ਏਵੇਂ ਈ ਪਿੰਡ ਦੇ, ਰਾਤ ਕੱਟਣ, ਕਿਤੇ ਪ੍ਰਦੇਸ ‘ਚ ਕਿਸੇ ਪਿੰਡ ਦੀ ਧੀ ਕੋਲ ਜਾਂਦੇ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ।” ”ਅਸੀਂ ਯਾਰ! ਕਈ ਵਾਰੀ, ਨਗੌਰ ਤੋਂ ਬਲਦ ਲਿਆਂਦੇ, ਦਸ ਦਿਨ ਲੱਗਦੇ ਤੁਰ ਕੇ। ਰਾਹ ‘ਚ ਪਿੰਡ ਦੀਆਂ ਸਕੀਰੀਆਂ ‘ਚ ਰਾਤਾਂ ਕੱਟਦੇ। ਆਪਣਾ-ਪਣ ਵੱਧਦਾ। ਧੀਆਂ ਪਿੰਡ ਦੀ ਖ਼ੈਰ ਮਨਾਉਂਦੀਆਂ।” ਸੇਵਾ ਸਿੰਘ ਨੇ ਹੱਡ-ਬੀਤੀ ਸੁਣਾਈ। ”ਜਿਹੜੇ ਪਿੰਡ ਜੰਞ ਜਾਂਦੀ, ਪਿੰਡ ਦੀਆਂ ਕੁੜੀਆਂ ਦੇ ਘਰ ਜਾ ਕੇ ਪੱਤਲ ਦਿੰਦੇ, ਨਾਲੇ ਇੱਕ ਰੁਪਇਆ ਸ਼ਗਨ। ਅਮੀਰ-ਗਰੀਬ, ਪਿੰਡ ਦੀ ਧੀ, ਸਭ ਦੀ ਇੱਕ ਬਰਾਬਰ। ਹੁਣ ਤਾਂ ਪੈਲੇਸ ‘ਚ ‘ਦੇ-ਦੇ ਗੇੜਾ’ ਹੋ ਜਾਂਦੈ।” ਕਰਮ ਸਿੰਹੁ ਫ਼ੌਜੀ ਨੇ ਬਦਲਦੇ ਸਮੇਂ ਦੀ ਸੱਚਾਈ ਦੱਸੀ। ”ਹੁਣ, ਇੱਕ ਤਾਂ ਤਬਦੀਲੀ ਹੋਈ ਐ ਬਈ, ਪੜ੍ਹੀਆਂ-ਲਿਖੀਆਂ, ਸਾਧਨ-ਸੰਪੰਨ ਕੁੜੀਆਂ ਨੇ ‘ਧੀਆਂ-ਪਿੰਡ ਦੀਆਂ’ ਦੇ ਫ਼ੋਨ ਉੱਤੇ ਗਰੁੱਪ ਬਣਾਏ ਐ। ਸਾਰੀਆਂ ਸੁਨੇਹੇ ਘੱਲਦੀਆਂ ਅਤੇ ਫ਼ੋਨ ਕਰਦੀਆਂ। ਕਿਤੇ-ਕਿਤੇ ਪ੍ਰੋਗਰਾਮ ਬਣਾ ਕੇ ਪਿੰਡ ‘ਚ ਆ ਮਿਲਦੀਆਂ। ਅੱਜ ਵੀ ਕੋਈ ਮਿਲਣੀ ਹੈ ਗੀ ਆ। ‘ਪਿੰਡ ਦਾ ਵਿਗੋਚਾ’ ਤਾਂ ਕਾਇਮ ਰਹੇਗਾ ਈ ਨਾ?” ਸੁਰਜੀਤ ਸਿੰਘ ਮਾਸਟਰ ਨੇ ਸਪੱਸ਼ਟ ਕੀਤਾ।
ਹੋਰ, ਮਾਹਣੀਖੇੜੇ ਆਲੀਆਂ ਭੂਆ ਅਮਰ ਕੌਰ, ਜਲ ਕੁਰ ਅਤੇ ਮਰੀ, ਠੀਕ ਹਨ। ਸ਼ਵਿੰਦਰ ਕੌਰ ਬਠਿੰਡੇ, ਜਸਵਿੰਦਰ ਅਬੋਹਰ, ਕੁਲਵਿੰਦਰ ਬੀਕਾਨੇਰ, ਸੁਖਮੰਦਰ ਰਾਜਸਥਾਨ, ਸਤਵੀਰ ਅਤੇ ਨਿਰਮਲ ਕੋਟਕਪੂਰੇ, ਸਭ, ਸੁਖੀ ਵੱਸਦੀਆਂ ਹਨ। ਪਰਮਿੰਦਰ ਮਲੋਟ, ‘ਕਾਲੀਆਂ ਦੀ ਛੋਟੀ ਬਠਿੰਡੇ ਅਤੇ ਹੈਪੀ ਦੀ ਮੰਮੀ (ਗੁੱਡੀ) ਗੁਰੂਸਰ, ਕਦੇ-ਕਦੇ ਨਗਰ-ਖੇੜੇ ਮਿਲਣ ਆਉਂਦੀਆਂ। ਰੱਤੀ ਰਾਮ ਤਾਏ ਕੀ ਬਿਮਲਾ ਵੀ, ਸਿਰਸੇ ਤੋਂ ਰਾਮ-ਰਮੀਂ ਕਰਦੀ ਹੈ। ਡੰਗਰਖੇੜਾ ਤੋਂ ਗੁਰਮੁਖ ਦੀ ਭੈਣ ਰੋਸ਼ਨੀ ਜਦੋਂ ਵੀ ਆਵੇ, ਸਾਰੇ ਘਰਾਂ ‘ਚ ਲਾਜ਼ਮੀ ਹੋ ਕੇ ਜਾਂਦੀ ਹੈ। ਕੁੜੀਆਂ-ਚਿੜੀਆਂ ਦੀ ਉਡਾਰੀ ਨਾਲ, ਪਿੰਡ ਦਾ ਬੋਝ ਜਿਵੇਂ ਹਲਕਾ ਹੁੰਦਾ ਉਵੇਂ ਮਿਲਣ ਲਈ ਆਉਣ ਨਾਲ ਮਹੌਲ ਮੋਹ-ਭਿੱਜਾ ਵੀ ਹੋ ਜਾਂਦੈ। ਸੱਚ ਨਿੰਮੀ ਜੈਪੁਰ ਹੈ ਅਤੇ ਕਲਾਵਤੀ ਬੰਗਲੇ।
ਬਾਕੀ, ਨਰਮੇ ਦੇ ਖ਼ਰਾਬੇ ਦੇ ਮੁਆਵਜ਼ੇ ਮਿਲਣ ਅਤੇ ਵਿਆਹਾਂ ਦੇ ਕਾਰਡ ਆਉਣ, ਦੀਆਂ ਖ਼ਬਰਾਂ ਗਰਮ ਹਨ। ਚੋਣਾਂ ਦੀ ਗਰਮੀ ਕਰਕੇ ਠੰਡ ਘੱਟ ਲੱਗੇਗੀ। ਮਹਿੰਗਾਈ ਤਾਂ ਸਰਕਾਰੀ ਕੰਮਾਂ ਵਾਂਗ ਚੱਲਦੀ ਹੀ ਰਹਿਣੀ ਹੈ। ਓਹੀ ਨਰਮਾ ਤੇ ਓਹੀ ਝੋਨਾ, ਚਉਲਿਆਂ ਮਗਰੋਂ ਮਟਰ ਤੇ ਆਲੂ, ਦੁਨੀਆਂਦਾਰੀ ਚਾਲੂ। ਓਹੀ ਨਿਤੀਸ਼ ਤੇ ਓਹੀ ਲਾਲੂ। ਹਾਂ ਸੱਚ, ਕੰਵਲਜੀਤ ਕਾਮਰੇਡ ਕੈਨੇਡਾ ਤੋਂ ਕੂਚ ਕਰ ਆਏ ਹਨ।
ਚੰਗਾ, ਬਾਕੀ ਅਗਲੇ ਐਤਵਾਰ, ਨਾਲ ਪਿਆਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com