ਵਿਕਟੌਰੀਆ ਰਾਜ ਵਿੱਚ ਨਵੰਬਰ 26 ਨੂੰ ਨਵੀਂ ਸਰਕਾਰ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ ਅਤੇ ਇਹ ਲੋਕਾਂ ਦੀ ਵੋਟ ਨੇ ਹੀ ਤੈਅ ਕਰਨਾ ਹੈ ਕਿ ਡੇਨੀਅਲ ਐਂਡ੍ਰਿਊਸ ਤੀਸਰੀ ਵਾਰੀ ਪ੍ਰੀਮੀਅਰ ਬਣਨਗੇ ਜਾਂ ਫੇਰ ਦੂਸਰੀ ਸਰਕਾਰ, ਰਾਜ ਅੰਦਰ ਹੋਂਦ ਵਿੱਚ ਆਵੇਗੀ।
ਇਸ ਵਾਰੀ ਦੀਆਂ ਚੋਣਾਂ ਦੌਰਾਨ, ਮੁੱਖ ਤੌਰ ਤੇ ਦੋ ਵਾਰੀ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਸ ਅਤੇ ਮੈਥਿਊ ਗਾਏ ਆਹਮੋ ਸਾਹਮਣੇ ਦੀ ਟੱਕਰ ਵਿੱਚ ਹੋਣਗੇ।
ਕੋਵਿਡ-19 ਦੌਰਾਨ ਵਿਕਟੌਰੀਆ ਵਿੱਚ ਬਹੁਤ ਨੁਕਸਾਨ ਹੋਏ ਹਨ ਅਤੇ ਇਹ ਰਾਜ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਲਾਕਡਾਊਨ ਝੇਲਣ ਵਾਲਾ ਰਾਜ ਬਣ ਕੇ ਰਹਿ ਗਿਆ ਸੀ ਪਰੰਤੂ ਲੋਕਾਂ ਦਾ ਵਿਸ਼ਵਾਸ਼ ਆਪਣੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਸ ਉਪਰ ਕਾਇਮ ਹੀ ਦਿਖਾਈ ਦਿੱਤਾ ਹੈ।
ਨਵੇਂ ਪ੍ਰਧਾਨ ਮੰਤਰੀ -ਐਂਥਨੀ ਐਲਬਨੀਜ਼ ਦੀ ਪਾਰਟੀ ਦੇ ਚੋਣਾਂ ਜਿੱਤਣ ਤੋਂ ਬਾਅਦ ਵੀ ਹੁਣ ਇਹ ਪਹਿਲਾ ਮੋਕਾ ਹੀ ਹੈ ਕਿ ਜਦੋਂ ਲੋਕ ਵੋਟਾਂ ਪਾ ਕੇ ਇਸ ਰਾਜ ਵਿਚਲੀ ਇਸੇ ਸਰਕਾਰ ਅਤੇ ਜਾਂ ਫੇਰ ਨਵੀਂ ਸਰਕਾਰ ਨੂੰ ਸਥਾਪਤ ਕਰਨਗੇ।
ਵੋਟਾਂ ਨਵੰਬਰ ਦੀ 26 ਤਾਰੀਖ ਨੂੰ ਪੈਣਗੀਆਂ। ਵੋਟਾਂ ਦੀ ਜਾਣਕਾਰੀ ਅਤੇ ਸ਼ਮੂਲੀਅਤ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਸ਼ਮੂਲੀਅਤ ਕਰਨ ਵਾਸਤੇ ਨਵੰਬਰ 2 ਤੋਂ ਨਵੰਬਰ 8 (ਸ਼ਾਮ ਦੇ 8 ਵਜੇ ਤੱਕ) ਪੋਰਟਲ ਉਪਰ ਆਪਣਾ ਨਾਮ ਅਤੇ ਵੋਟ ਪੱਕੇ ਕੀਤੇ ਜਾ ਸਕਦੇ ਹਨ। ਪੋਸਟਲ ਵੋਟਾਂ ਸ਼ੁਰੂ ਹੋਣ ਵਾਸਤੇ ਨਵੰਬਰ 14 ਨੂੰ ਮਿਥਿਆ ਗਿਆ ਹੈ ਅਤੇ ਆਖਰੀ ਤਾਰੀਖ ਨਵੰਬਰ 23 ਨੂੰ ਸ਼ਾਮ ਦੇ 6 ਵਜੇ ਤੱਕ ਪੋਸਟਲ ਵੋਟ ਪਾਈ ਜਾ ਸਕੇਗੀ।
ਕੋਵਿਡ-19 ਦੌਰਾਨ ਸਿਹਤ ਸਬੰਧੀ ਮੁੱਦੇ ਅਤੇ ਵਧੀਆਂ ਹੋਈਆਂ ਕੀਮਤਾਂ ਆਦਿ ਮੁੱਦੇ ਮੁੱਖ ਰੂਪ ਵਿੱਚ ਜਨਤਾ ਦੇ ਸਨਮੁੱਖ ਹੋਣਗੇ ਅਤੇ ਇਨ੍ਹਾਂ ਦੇ ਮੱਦੇਨਜ਼ਰ ਹੀ ਜਨਤਾ ਆਪਣੀ ਵੋਟ ਦਾ ਇਸਤੇਮਾਲ ਕਰੇਗੀ।