ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਟੈਸਟਾਂ ਦੇ ਰਜਿਸਟ੍ਰੇਸ਼ਨ ਤੋਂ ਮਿਲੀ ਛੋਟ

ਜਿਹੜੇ ਲੋਕ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦਾ ਟੈਸਟ ਕਰਦੇ ਹਨ ਤਾਂ ਸਰਕਾਰ ਨੇ ਹੁਣ ਉਨ੍ਹਾਂ ਨੂੰ ਇਸ ਦੀ ਰਿਪੋਰਟ ਨੂੰ ਆਪਣੇ ਤੱਕ ਹੀ ਸੀਮਿਤ ਰੱਖਣ ਦੀ ਛੋਟ ਦੇ ਦਿੱਤੀ ਹੈ ਅਤੇ ਹੁਣ ਇਸ ਰਿਪੋਰਟ ਦਾ ਸਰਕਾਰੀ ਅਦਾਰਿਆਂ ਆਦਿ ਨਾਲ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਨਹੀਂ ਹੈ। ਇਹ ਨਿਯਮ ਆਉਣ ਵਾਲੇ ਇਸੇ ਹਫ਼ਤੇ ਦੇ ਸ਼ੁਕਰਵਾਰ ਤੋਂ ਲਾਗੂ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਜੋ ਨਿਯਮ ਚੱਲ ਰਿਹਾ ਹੈ ਉਸ ਮੁਤਾਬਿਕ, ਜੇਕਰ ਕੋਈ ਕਰੋਨਾ ਪਾਜ਼ਿਟਿਵ ਹੁੰਦਾ ਹੈ ਅਤੇ ਸਰਕਾਰ ਨੂੰ ਇਸ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਤਾਂ ਉਸ ਨੂੰ 1000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਮੁੱਖ ਸਿਹਤ ਅਧਿਕਾਰੀ -ਕੈਰੀ ਚੈਂਟ ਨੇ ਇਸ ਬਾਬਤ ਕਿਹਾ ਹੈ ਕਿ ਇਹ ਜ਼ਰੂਰੀ ਹੈ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਜਾਂ ਕਰੋਨਾ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਆਪਣੇ ਆਪ ਨੂੰ ਘਰ ਵਿੱਚ ਹੀ ਰੱਖੇ ਅਤੇ ਆਪਣੇ ਨਜ਼ਦੀਕੀ ਸੰਬੰਧਾਂ ਵਾਲਿਆਂ ਦਾ ਵੀ ਪੂਰਾ ਧਿਆਨ ਰੱਖੇ ਕਿ ਕਿਸੇ ਹੋਰ ਨੂੰ ਅਜਿਹੇ ਲੱਛਣ ਤਾਂ ਨਹੀਂ ਮਹਿਸੂਸ ਹੋ ਰਹੇ।
ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਦਾ ਅਸਰ 10 ਦਿਨਾਂ ਤੱਕ ਰਹਿ ਸਕਦਾ ਹੈ ਪਰੰਤੂ ਇਹ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਕੋਈ ਇਸਤੋਂ ਪੀੜਿਤ ਹੁੰਦਾ ਹੈ ਅਤੇ ਪਹਿਲੇ 2 ਦਿਨਾਂ ਤੱਕ ਇਸ ਦਾ ਸਭ ਤੋਂ ਵੱਧ ਅਸਰ ਰਹਿੰਦਾ ਹੈ।
ਜੇਕਰ ਪੀੜਿਤ ਵਿਅਕਤੀ ਨੂੰ ਘਰ ਤੋਂ ਬਾਹਰ ਜਾਣਾ ਪੈ ਜਾਵੇ ਤਾਂ ਉਹ ਮਾਸਕ ਪਾ ਕੇ ਨਿਕਲੇ ਅਤੇ ਜ਼ਿਆਦਾ ਭੀੜ ਵਾਲੇ ਇਲਾਕਿਆਂ, ਹਸਪਤਾਲਾਂ, ਏਜਡ ਕੇਅਰ ਸੈਂਟਰਾਂ, ਡਿਸਅਬਿਲੀਟੀ ਸੈਂਟਰਾਂ ਆਦਿ ਵਿੱਚ ਨਾ ਹੀ ਜਾਵੇ।