ਭਾਰੀ ਵਰਖਾ ਕਾਰਨ, ਵਿਕਟੌਰੀਆ ਅਤੇ ਤਸਮਾਨੀਆ ਵਿੱਚ ‘ਹਾਈ ਅਲਰਟ’

ਆਉਣ ਵਾਲੇ ਅਗਲੇ 72 ਘੰਟਿਆਂ ਦੌਰਾਨ ਵਿਕਟੌਰੀਆ ਅਤੇ ਤਸਮਾਨੀਆ ਰਾਜਾਂ ਨੂੰ ਹਾਈ ਅਲਰਟ ਉਪਰ ਰੱਖਿਆ ਗਿਆ ਹੈ ਅਤੇ ਲੋਕਾਂ ਨੂੰ ਭਾਰੀ ਤੂਫ਼ਾਨ ਅਤੇ ਹੜ੍ਹਾਂ ਆਦਿ ਦੀਆਂ ਅਗਾਊਂ ਹੀ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ।
ਵਿਕਟੌਰੀਆ ਦੇ ਉੱਤਰੀ ਖੇਤਰਾਂ ਵਿੱਚ 100 ਮਿ.ਮੀ. ਦੀ ਵਰਖਾ ਦੇ ਅਨੁਮਾਨ ਲਗਾਏ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਮੈਲਬੋਰਨ ਵਿੱਚ 500 ਮਿ.ਮੀ. ਵਰਖਾ ਦੀਆਂ ਚਿਤਾਵਨੀਆਂ ਹਨ ਅਤੇ ਇਸਦੇ ਨਾਲ ਹੀ ਤੂਫ਼ਾਨ ਦੀ ਗੱਲ ਕਰੀਏ ਤਾਂ 100 ਕਿ. ਮੀਟਰ ਪ੍ਰਤੀ ਘੰਟਾ ਦੇ ਅਨੁਮਾਨ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਭਾਰੀ ਵਰਖਾ ਕਾਰਨ, ਪਹਿਲੀ ਵਾਰੀ ਅਜਿਹਾ ਹੋਇਆ ਹੈ ਕਿ ਪੱਛਮੀ ਜਿਪਸਲੈਂਡ ਵਿਚਲੀ ਥਾਮਸਨ ਡੈਮ ਦਾ ਪਾਣੀ ਬੀਤੇ 30 ਸਾਲਾਂ ਵਿੱਚ ਇਸ ਸਮੇਂ ਸਭ ਤੋਂ ਜ਼ਿਆਦਾ ਭਰ ਚੁਕਿਆ ਹੈ ਅਤੇ ਇਸ ਦੇ ਨਾਲ ਬੋਗੌਂਗ ਪਿੰਡ ਅਤੇ ਐਲਪਲਾਈਨ ਖੇਤਰ ਵਿਚਲੀਆਂ ਨਦੀਆਂ ਆਪਣੇ ਪੂਰੇ ਉਫ਼ਾਨ ਤੇ ਹਨ ਅਤੇ ਲੋਕਾਂ ਨੂੰ ਬਾਅਦ ਦੁਪਹਿਰ ਤੱਕ ਆਪਣੇ ਖੇਤਰਾਂ ਨੂੰ ਛੱਡ ਕੇ ਸੁਰੱਖਿਅਤ ਉਚੀਆਂ ਥਾਂਵਾਂ ਤੇ ਜਾਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਖੇਤਰ ਵਿੱਚ ਲੈਂਡਸਲਾਈਡ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਅਤੇ ਇਸ ਨਾਲ ਸੜਕਾਂ ਤੇ ਜਾਮ ਵੀ ਲੱਗ ਰਿਹਾ ਹੈ।
ਤਸਮਾਨੀਆ ਵਿੱਚ ਵੀ ਭਾਰੀ ਬਾਰਿਸ਼ ਅਤੇ ਤੇਜ਼ ਤੂਫ਼ਾਨਾਂ ਦਾ ਜ਼ੋਰ ਹੈ ਅਤੇ ਇੱਕ ਅਨੁਮਾਨ ਮੁਤਾਬਿਕ ਰਾਜ ਦਾ ਉਤਰੀ ਖੇਤਰ ਵਿੱਚ 200 ਮਿ.ਮੀਟਰ ਜਾਂ ਇਸ ਤੋਂ ਵੀ ਵੱਧ ਤੱਕ ਵਰਖਾ ਹੋ ਸਕਦੀ ਹੈ। ਅਗਲੇ ਕੁੱਝ ਦਿਨਾਂ ਲਈ ਹੜ੍ਹਾਂ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ।
ਦੱਖਣੀ ਖੇਤਰ ਵਿੱਚ ਵਰਖਾ ਦਾ ਜ਼ੋਰ ਥੋੜ੍ਹਾ ਘੱਟ ਅਨੁਮਾਨਿਤ ਕੀਤਾ ਜਾ ਰਿਹਾ ਹੈ ਅਤੇ ਹੋਬਾਰਟ ਖੇਤਰ ਵਿੱਚ ਇਸ ਦਾ ਅਨੁਮਾਨ ਅੱਜ ਅਤੇ ਸ਼ੁੱਕਰਵਾਰ ਤੱਕ ਦਾ 20 ਤੋਂ 40 ਮਿ. ਮੀਟਰ ਦੱਸਿਆ ਜਾ ਰਿਹਾ ਹੈ।