ਤਿੰਨ ਰੋਜ਼ਾ ਵਰਕਸ਼ਾਪ ‘ਚ ਪੰਜਾਬ ਹਰਿਆਣਾ ਦੇ ਚਿੱਤਰਕਾਰਾਂ ਨੇ ਲਿਆ ਭਾਗ

(ਬਠਿੰਡਾ) -ਸ੍ਰ: ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਰਜਿ: ਬਠਿੰਡਾ ਵੱਲੋਂ 50ਵੀਂ ਤਿੰਨ ਰੋਜਾ ਚਿੱਤਰਕਲਾ ਵਰਕਸ਼ਾਪ ਸਥਾਨਕ ਟੀਚਰਜ ਹੋਮ ਵਿਖੇ ਸਭਾ ਦੇ ਸ੍ਰਪਰਸਤ ਸ੍ਰੀ ਅਮਰਜੀਤ ਸਿੰਘ ਪੇਂਟਰ ਅਤੇ ਪ੍ਰਧਾਨ ਸ੍ਰੀ ਹਰੀ ਚੰਦ ਦੀ ਦੇਖ ਰੇਖ ਹੇਠ ਆਯੋਜਿਤ ਕੀਤੀ ਗਈ। ਜਿਸਦਾ ਉਦਘਾਟਨ ਚਿੱਤਰਕਾਰ ਤੇ ਕਲਾ ਅਧਿਆਪਕ ਵਿਜੇ ਭੂਦੇਵ ਅਤੇ ਭਾਵਨਾ ਗਰਗ ਨੇ ਸਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਵਰਕਸ਼ਾਪ ਵਿੱਚ ਪੰਜਾਬ ਤੇ ਹਰਿਆਣਾ ਦੇ 35 ਚਿੱਤਰਕਾਰਾਂ ਅਤੇ 15 ਵਿਦਿਆਰਥੀ ਚਿੱਤਰਕਾਰਾਂ ਨੇ ਆਪਣੀ ਕਲਾ ਨੂੰ ਰੰਗਾਂ ਰਾਹੀਂ ਤਿਆਰ ਕਰਕੇ ਲੋਕ ਪੱਖੀ ਸੁਨੇਹਾ ਦਿੱਤਾ। ਇਸ ਮੌਕੇ ਸੀਨੀਅਰ ਚਿੱਤਰਕਾਰਾਂ ਨੇ ਬਾਖੂਬੀ ਨਿਰੀਖਣ ਕਰਦਿਆਂ ਚਿੱਤਰਕਾਰਾਂ ਨੂੰ ਸੁਝਾਅ ਦਿੱਤੇ ਤਾਂ ਜੋ ਕਲਾ ਨੂੰ ਹੋਰ ਨਿਖਾਰਿਆ ਜਾ ਸਕੇ।
ਇਸ ਵਰਕਸ਼ਾਪ ਦੌਰਾਨ ਸ੍ਰੀ ਅਮਰਜੀਤ ਪੇਂਟਰ ਨੇ ਵਾਰਿਸ ਸ਼ਾਹ ਦੀ ਸੋਚ ਦਾ ਚਿਤਰਣ ਕਰਦਿਆਂ ਪੇਂਟਿੰਗ ਉਸਦੀ ਜਨਮ ਸਤਾਬਦੀ ਨੂੰ ਸਮਰਪਿਤ ਕੀਤੀ। ਸੁਰੇਸ ਮੰਗਲਾ ਨੇ ਕਿਲ੍ਹਾ, ਪ੍ਰਸੋਤਮ ਕੁਮਾਰ ਨੇ ਮਹਾਤਮਾ ਬੁੱਧ, ਸੋਹਣ ਸਿੰਘ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜਸਪਾਲ ਜੈਤੋ ਨੇ ਜੋਗੀ, ਅਮਰੀਕ ਸਿੰਘ ਮਾਨਸਾ ਨੇ ਮਹਿਲ, ਹਿਤੇਸ ਕੁਮਾਰ ਨੇ ਲਤਾ ਮੰਗੇਸਕਰ ਅਤੇ ਮਾਧੋ ਦਾਸ ਗਿੱਦੜਬਾਹਾ ਨੇ ਮੂਲ ਮੰਤਰ ਦਾ ਬਾਖੂਬੀ ਚਿਤਰਣ ਕੀਤਾ। ਇਸਤੋਂ ਇਲਾਵਾ ਚਿੱਤਰਕਾਰਾਂ ਇੰਦਰਜੀਤ ਨਿੱਕੂ, ਸੰਦੀਪ ਸੇਰਗਿੱਲ, ਲਖਵਿੰਦਰ ਸਿੰਘ ਲੱਕੀ, ਦੀਪਕ ਕੁਮਾਰ, ਅਨਿਲ ਕੁਮਾਰ ਸਿਰਸਾ, ਬੀਰਬਲ ਸਿੰਘ ਰੱਬੀ, ਨਿਸ਼ਾ ਗਰਗ, ਜੀਵਨ ਜੋਤੀ, ਸੁਰਜੀਤ ਸਿੰਘ ਕੰਬੋਜ ਸਿਰਸਾ, ਪਰਮਿੰਦਰ ਕੌਰ ਬਰਨਾਲਾ, ਗੁਰਜੀਤ ਸਿੰਘ ਪਲਾਹਾ ਆਦਿ ਨੇ ਵਰਕਸ਼ਾਪ ਵਿੱਚ ਹਿੱਸਾ ਲੈਂਦਿਆਂ ਆਪਣੀ ਚਿੱਤਰਕਲਾ ਨੂੰ ਦਰਸਕਾਂ ਦੇ ਰੂਬਰੂ ਪੇਸ਼ ਕੀਤਾ। ਕਾਫ਼ੀ ਗਿਣਤੀ ਵਿੱਚ ਦਰਸ਼ਕਾਂ ਨੇ ਪਹੁੰਚ ਕੇ ਵਰਕਸ਼ਾਪ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਕਲਾਵਾਂ ਦਾ ਆਨੰਦ ਮਾਣਿਆ ਅਤੇ ਪ੍ਰਸੰਸਾ ਕੀਤੀ।

ਵਰਕਸ਼ਾਪ ਦੀ ਸਮਾਗਮ ਤੇ ਕੀਤੇ ਸਨਮਾਨ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਅਮਰਜੀਤ ਪੇਂਟਰ, ਹਰੀ ਚੰਦ, ਸੁਰੇਸ ਮੰਗਲਾ, ਪ੍ਰੇਮ ਚੰਦ, ਹਰਦਰਸਨ ਸੋਹਲ ਤੇ ਸੋਹਣ ਸਿੰਘ ਸ਼ਾਮਲ ਸਨ। ਇਸ ਮੌਕੇ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ੍ਰੀ ਜਗਰੂਪ ਸਿੰਘ ਗਿੱਲ ਵੱਲੋਂ ਸ੍ਰੀ ਸੁਖਦੀਪ ਸਿੰਘ ਢਿੱਲੋਂ ਐਡਕੋਕੇਟ ਨਗਰ ਕੌਸਲਰ ਪਹੁੰਚੇ, ਜਿਹਨਾਂ ਨੇ ਸ਼ਹਿਰ ਵਿੱਚ ਆਰਟ ਗੈਲਰੀ ਤੇ ਮਿਊਜੀਅਮ ਸਮੇਤ ਸੁਸਾਇਟੀ ਦੀਆਂ ਸਾਰੀਆਂ ਮੰਗਾਂ ਦੀ ਸਿਫ਼ਾਰਸ ਕਰਕੇ ਪ੍ਰਵਾਨ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਾਰੇ ਚਿੱਤਰਕਾਰਾਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਸੰਦੀਪ ਸੇਰਗਿੱਲ ਨੇ ਨਿਭਾਈ, ਜਦ ਕਿ ਸਭਨਾ ਦਾ ਧੰਨਵਾਦ ਜਨਰਲ ਸਕੱਤਰ ਸ੍ਰੀ ਪ੍ਰਸੋਤਮ ਕੁਮਾਰ ਨੇ ਕੀਤਾ।