ਆਹ ਪੜ੍ਹੋ! ਜਦੋਂ ਕਹਿਣਾ ਹੋਵੇ ‘‘ਉਮਰਾਂ ’ਚ ਕੀ ਰੱਖਿਆ’’

‘ਸਾਊਥ ਆਈਲੈਂਡ ਮਾਸਟਰ ਗੇਮਜ਼ ਤਿਮਰੂ’ ਦੇ ਵਿਚ ਪੰਜਾਬੀ ਬਾਬੇ ਛਾਏ-ਦਰਜਨਾਂ ਮੈਡਲ ਆਪਣੇ ਨਾਂਅ ਕਰਵਾਏ

ਸ. ਜਗਜੀਤ ਸਿੰਘ ਕਥੂਰੀਆ 11 ਸੋਨੇ ਦੇ 1 ਚਾਂਦੀ ਦਾ ਤੇ ਸ. ਤਪਿੰਦਰ ਸਿੰਘ ਨੇ 5 ਚਾਂਦੀ ਅਤੇ 4 ਕਾਂਸੀ ਦੇ ਤਮਗੇ ਜਿੱਤੇ

(ਆਕਲੈਂਡ):-ਨਿਊਜ਼ੀਲੈਂਡ ਦੇ ਵੱਡੇ ਟਾਪੂ ਜਿਸ ਨੂੰ ਸਾਊਥ ਆਈਲੈਂਡ (ਦੱਖਣੀ ਟਾਪੂ) ਕਿਹਾ ਜਾਂਦਾ ਹੈ, ਵਿਖੇ ‘ਸਾਊਥ ਆਈਲੈਂਡ ਮਾਸਟਰ ਗੇਮਜ਼ ਤਿਮਰੂ’ 7 ਤੋਂ 16 ਅਕਤੂਬਰ ਤੱਕ ਹੋ ਰਹੀਆਂ ਹਨ। ਤਿਮਰੂ ਸ਼ਹਿਰ ਔਕਲੈਂਡ ਤੋਂ 1225 ਕਿਲੋਮੀਟਰ ਦੂਰ ਹੈ, ਪਰ ਲੰਬੀਆਂ ਛਾਲਾਂ ਮਾਰਨ ਵਾਲੇ ਸਫਰ ਦੀ ਗਿਣਤੀ ਵਿਚ ਨਹੀਂ ਪੈਂਦੇ। ਔਕਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਖੁਸ਼ੀ ਹੋਵੇਗੀ ਕਿ ਇਥੇ ਹੋ ਰਹੀਆਂ ਮਾਸਟਰ ਖੇਡਾਂ ਦੇ ਵਿਚ ਸਾਡੇ ਬਾਬੇ ਚੁੱਪ ਚੁਪੀਤੇ ਆਪਣੇ ਬਲਬੂਤੇ ਉਤੇ, ਆਪਣੇ ਰਹਿਣ ਦਾ ਪ੍ਰਬੰਧ ਕਰਕੇ, ਆਪੇ ਤਿਆਰੀ ਕਰਕੇ, ਆਪੇ ਬੁਕਿੰਗ ਆਦਿ ਕਰਕੇ ਦਸਤਾਰਾਂ ਸਮੇਤ ਹਾਜ਼ਰੀ ਲਗਵਾਉਣ ਜਰੂਰ ਚਲੇ ਜਾਂਦੇ ਹਨ। 85 ਸਾਲਾ ਅਥਲੀਟ ਸ. ਜਗਜੀਤ ਸਿੰਘ ਕਥੂਰੀਆ ਜਿਨ੍ਹਾਂ ਨੇ ਸਵ. ਮਿਲਖਾ ਸਿੰਘ ਨੂੰ ਆਪਣਾ ਆਦਰਸ਼ ਬਣਾਇਆ ਸੀ, ਨੇ ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈ ਕੇ 11 ਸੋਨੇ ਦੇ ਅਤੇ 1 ਚਾਂਦੀ ਦਾ ਤਮਗਾ ਹੁਣ ਤੱਕ ਜਿੱਤ ਲਿਆ ਹੈ। ਲੰਬਾ ਜੰਪ ਲਾਉਣ ਵੇਲੇ ਰੈਫਰੀ ਹੈਰਾਨ ਸਨ ਕਿ ਸਰਦਾਰ ਜੀ ਕਿਵੇਂ ਦਸਤਾਰ ਸਜਾਈ ਲੰਬੀ ਛਾਲ ਲਗਾ ਕੇ ਸੋਨੇ ਦਾ ਤਮਗਾ ਜਿੱਤ ਗਏ। ਸ. ਕਥੂਰੀਆ ਨੇ ਤਿੰਨ ਕਿਲੋਮੀਟਰ ਪੈਦਲ ਤੁਰਨਾ, 100 ਮੀਟਰ ਦੌੜ, 200 ਮੀਟ ਦੌੜ, ਲੰਬਾ ਜੰਪ, ਟ੍ਰਿਪਲ ਜੰਪ, ਸ਼ਾਟਪੁੱਟ, ਹੈਮਰ ਥ੍ਰੋਅ, ਡਿਸਕਸ ਥ੍ਰੋਅ, ਜੈਵਲਿਨ ਥ੍ਰੋਅ, ਵੇਟ ਥ੍ਰੋਅ, ਪੈਂਥਲਾਨ ਤੇ ਹਾਈ ਜੰਪ ਵਿਚ ਭਾਗ ਲਿਆ। ਸ. ਜਗਤਾਰ ਸਿੰਘ ਕੈਨੇਡਾ ਵਿਖੇ ਮਾਸਟਰ ਗੇਮਾਂ ਵਿਚ ਭਾਗ ਲੈਣ ਗਏ ਸੀ, ਪਰ ਕੁਝ ਦਿਨ ਪਹਿਲਾਂ ਕੋਵਿਡ ਹੋਣ ਕਰਕੇ ਭਾਗ ਹੀ ਨਹੀਂ ਲੈ ਸਕੇ। 5 ਨਵੰਬਰ ਨੂੰ ਗੋਲਡ ਕੋਸਟ ਵਿਖੇ ਵੀ ਸ. ਕਥੂਰੀਆ ਜੀ ਮਾਸਟਰ ਗੇਮਾਂ ਵਿਚ ਭਾਗ ਲੈਣ ਜਾ ਰਹੇ ਹਨ।

ਸ. ਤਪਿੰਦਰ ਸਿੰਘ ਸੋਖੀ: ਇਸਦੇ ਨਾਲ ਹੀ  69 ਸਾਲਾ ਸ. ਤਪਿੰਦਰ ਸਿੰਘ ਸੋਖੀ ਹੋਰਾਂ ਵੀ 5 ਚਾਂਦੀ ਦੇ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਆਪਣੇ ਨਾਂਅ ਕਰ ਲਏ ਹਨ। ਇਨ੍ਹਾਂ ਨੇ ਲੰਬੀ ਛਾਲ, ਟ੍ਰਿਪਲ ਜੰਪ, ਹੈਮਰ ਥ੍ਰੋਅ, ਡਿਸਕਸ ਥ੍ਰੋਅ, ਜੈਵਲਿਨ ਥ੍ਰੋਅ, ਵੇਟ ਥ੍ਰੋਅ, ਪੈਂਥਲਾਨ, ਹਾਈ ਜੰਪ ਤੇ ਸ਼ਾਟ ਪੁੱਟ ਦੇ ਵਿਚ ਭਾਗ ਲਿਆ। ਸ. ਤਪਿੰਦਰ ਸਿੰਘ ਸੋਖੀ ਵੀ ਗੋਲਡ ਕੋਸਟ ਵਿਖੇ ਭਾਗ ਲੈਣ ਪਹੁੰਚਣ ਦੇ ਲਈ ਉਤਸ਼ਾਹ ਰੱਖਦੇ ਹਨ ।
ਸੱਚੀ ਗੱਲ ਹੈ ਕਿ ਜਦੋਂ ਕਹਿਣਾ ਹੋਵੇ ਕਿ ‘‘ਉਮਰਾਂ ’ਚ ਕੀ ਰੱਖਿਆ’’ ਤਾਂ ਇਨ੍ਹਾਂ ਬਾਬਿਆਂ ਦਾ ਨਾਂਅ ਲਿਆ ਜਾ ਸਕਦਾ ਹੈ। ਸਿੱਖ ਭਾਈਚਾਰੇ ਦੀ ਹਾਜ਼ਰੀ ਲਗਵਾਉਣ ਲਈ ਸਮੁੱਚੀ ਕਮਿਊਨਿਟੀ ਵੱਲੋਂ ਇਨ੍ਹਾਂ ਐਥਲੀਟ ਬਾਬਿਆਂ ਨੂੰ ਦਿਲੋਂ ਸਲਾਮ!