ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵੱਲੋਂ ਗੁਰੂ ਨਾਨਕ ਫੂਡ ਬੈਂਕ ਲਈ 10 ਹਜਾਰ ਡਾਲਰ ਦੀ ਮਦਦ

(ਸਰੀ)-ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ਰਿਚਮੰਡ ਵੱਲੋਂ ਗੁਰੂ ਨਾਨਕ ਫੂਡ ਬੈਂਕ ਸਰੀ ਦੇ ਮਹਾਨ ਸੇਵਾ ਕਾਰਜ ਲਈ ਵੱਡੀ ਮਾਲੀ ਮਦਦ ਦਿੱਤੀ ਗਈ ਹੈ। ਗੁਰਦੁਆਰਾ ਕਮੇਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ, ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ, ਮੋਹਣ ਸਿੰਘ ਸੰਧੂ, ਕਮਲ ਦੁਸਾਂਝ, ਬਲਵੀਰ ਜਵੰਦਾ, ਚੈਨ ਸਿੰਘ ਬਾਠ, ਗੁਰਚਰਨ ਸਿੰਘ ਗਰੇਵਾਲ, ਅਵਤਾਰ ਸਿੰਘ ਸੱਧਰ ਵੱਲੋਂ ਗੁਰੂ ਨਾਨਕ ਫੂਡ ਬੈਂਕ ਦੇ ਮੁੱਖ ਸੇਵਾਦਾਰ ਜਤਿੰਦਰ ਜੇ ਮਿਨਹਾਸ ਨੂੰ ਦਾਨ ਰਾਸ਼ੀ ਦਾ ਚੈੱਕ ਸੌਂਪਿਆ। ਇਸ ਮੌਕੇ ਬੋਲਦਿਆਂ ਬਲਵੰਤ ਸਿੰਘ ਸੰਘੇੜਾ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਮ ਉਪਰ ਗੁਰੂ ਨਾਨਕ ਫੂਡ ਬੈਂਕ ਸ਼ੁਰੂ ਕਰਕੇ ਲੋੜਵੰਦਾਂ ਦੀ ਸਹਾਇਤਾ ਦਾ ਉਪਰਾਲਾ ਕਰਨ ਲਈ ਜੇ ਮਿਨਹਾਸ, ਗਿਆਨੀ ਨਰਿੰਦਰ ਸਿੰਘ, ਅਨੂਪ ਸਿੰਘ ਲੁੱਡੂ, ਇੰਦਰਜੀਤ ਸਿੰਘ ਢਿੱਲੋਂ, ਬਿੱਲ ਸੰਧੂ, ਸੁਰਿੰਦਰ ਮੰਜ ਅਤੇ ਨੀਰਜ ਵਾਲੀਆ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਜੀ ਦਾ ਭਾਈਵਾਲਤਾ ਅਤੇ ਵੰਡ ਛਕਣ ਦਾ ਸੰਦੇਸ਼ ਮਨੁੱਖਤਾ ਦੇ ਭਲੇ ਲਈ ਬਹੁਤ ਹੀ ਪ੍ਰੇਰਨਾ ਦਿੰਦਾ ਹੈ। ਗੁਰੂ ਸਾਹਿਬ ਵੱਲੋਂ ਪਾਈ ਲੰਗਰ ਦੀ ਪਿਰਤ ਨੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਸਿਰ ਉੱਚਾ ਕਰ ਦਿੱਤਾ ਹੈ। ਖਾਸ ਕਰਕੇ ਇਸ ਮਹਾਂਮਾਰੀ ਦੇ ਸਮੇਂ ਜੋ ਸਿੱਖ ਕਮਿਊਨਿਟੀ ਨੇ ਲੰਗਰ ਨਾਲ ਮਨੁੱਖਤਾ ਦੀ ਸੇਵਾ ਕੀਤੀ ਹੈ ਇਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਜਿੱਥੇ ਸਾਰੀ ਦੁਨੀਆਂ ਵਿਚ ਸਿੱਖਾਂ ਨੇ ਲੰਗਰ ਲਾ ਕੇ ਬਹੁਤ ਹੀ ਨਾਮਣਾ ਖੱਟਿਆ ਹੈ, ਉੱਥੇ ਗੁਰੂ ਨਾਨਕ ਫੂਡ ਬੈਂਕ ਸਰੀ ਦਾ ਕਾਰਜ ਵੀ ਬਹੁਤ ਹੀ ਸ਼ਲਾਘਾਯੋਗ ਹੈ।

ਗੁਰੂ ਨਾਨਕ ਫੂਡ ਬੈਂਕ ਦੇ ਸੇਵਾਦਾਰ ਜੇ ਮਿਨਹਾਸ ਨੇ ਇਸ ਆਰਥਿਕ ਸਹਾਇਤਾ ਲਈ ਗੁਰਦੁਆਰਾ ਕਮੇਟੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰਾ ਕਮੇਟੀ ਦੇ ਸਕੱਤਰ ਬਲਵੀਰ ਸਿੰਘ ਜਵੰਦਾ (ਕਵਾਟਰਾ ਟਰਾਂਸਪੋਰਟ ਕੰਪਨੀ) ਵੱਲੋਂ ਵੀ ਫੂਡ ਬੈਂਕ ਲਈ ਰੈਫਰੀਜਰੇਟਰ ਵਾਲਾ ਟਰੇਲਰ ਦਾਨ ਕਰਕੇ ਬਹੁਤ ਵੱਡੀ ਸੇਵੀ ਕੀਤੀ ਗਈ ਹੈ ਅਤੇ ਇਸ ਟਰੇਲਰ ਵਿਚ ਹੁਣ ਬਹੁਤ ਸਾਰੀ ਖਾਧ ਸਮੱਗਰੀ ਦੀ ਸਹੀ ਸੰਭਾਲ ਹੋ ਸਕੇਗੀ। ਉਨ੍ਹਾਂ ਗੁਰੂ ਨਾਨਕ ਫੂਡ ਬੈਂਕ ਵੱਲੋਂ ਬਲਵੀਰ ਸਿੰਘ ਜਵੰਦਾ ਦਾ ਵੀ ਵਿਸ਼ੇਸ਼ ਸ਼ੁਕਰਾਨਾ ਕੀਤਾ।

(ਹਰਦਮ ਮਾਨ) +1 604 308 6663

maanbabushahi@gmail.com