ਪੱਤਰਕਾਰ ਆਪਣੀ ਸਹੀ ਕਲਮ ਨਾਲ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ -ਬਾਬਾ ਸੀਚੇਵਾਲ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਅੱਜ ਬਾਬਾ ਬਕਾਲਾ ਗੁੱਡ ਵੈਲ ਰੈਸਟੋਰੈਂਟ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ  ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਫ਼ੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ’ ਇਕ ਰੋਜ਼ਾ ਸੂਬਾ ਪੱਧਰੀ ਸੈਮੀਨਾਰ ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਬਤੌਰ ਵਿਸ਼ੇਸ਼ ਮਹਿਮਾਨ ਸੰਤ ਬਾਬਾ ਬਲਦੇਵ ਸਿੰਘ ਖਡੂਰ ਸਾਹਿਬ ਪੁੱਜੇ ਇਸ ਮੌਕੇ ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਨੇ ਪੰਜਾਬੀ ਪੱਤਰਕਾਰੀ ਨੂੰ ਨਰੋਈਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਹੀ ਆਪਣੀ ਕਲਮ ਨਾਲ ਸਮਾਜ ਨੂੰ ਸਹੀ ਸੇਧ ਤੇ ਅਗਵਾਈ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪੱਤਰਕਾਰੀ ਨੂੰ ਇਮਾਨਦਾਰੀ ਤੇ ਵਚਨਬੱਧਤਾ ਨਾਲ ਸਮਾਜਕ ਅਵਿਵਸਥਾ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਵਾਤਾਵਰਨ,ਪਾਣੀ  ਅਤੇ ਧਰਤੀ ਦੀ ਸੰਭਾਲ ਸਬੰਧੀ ਵਿਸਥਾਰ ਪੂਰਵਕ ਦੱਸਿਆ ਅਤੇ ਪੱਤਰਕਾਰਾਂ ਦੇ ਹਰੇਕ ਮੁੱਦੇ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕੇ ਪੱਤਰਕਾਰ ਜਿਹੜੀ ਵੀ ਕੋਈ ਅਵਾਜ਼ ਹੋਵੇਗੀ ਉਸ ਦੇ ਹੱਕ ਵਿਚ ਖੜਨਗੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਬਾਬਾ ਬਲਦੇਵ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਪੱਤਰਕਾਰੀ ਵਿਚ ਇਕ ਤਰ੍ਹਾਂ ਨਾਲ ਸਮਾਜ ਸੇਵਾ ਹੀ ਹੈ। ਇਹ ਸਰਬੱਤ ਦੇ ਭਲੇ ਲਈ ਕੀਤਾ ਜਾਣ ਵਾਲਾ ਇਕ ਅਹਿਮ ਯੋਗਦਾਨ ਹੈ। ਪੱਤਰਕਾਰਤਾ ਨੂੰ ਹਰ ਤਰ੍ਹਾਂ ਦੇ ਲਾਲਚ, ਡਰ, ਭੈਅ ਤੇ ਰਾਜਨੀਤੀ ਤੋਂ ਦੂਰ ਰਹਿਣ ਦੀ ਲੋੜ ਹੈ ਤਾਂ ਹੀ ਇਹ ਸਮਾਜ ਵਿਚ ਕੁਝ ਵੱਡਾ ਸਿਰਜ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪੱਤਰਕਾਰੀ ਨਿਰੀ ਨਕਾਰਾਤਮਿਕ ਪਹੁੰਚ ਤੇ ਲੇਖਣੀ ਨਾਲ ਵੀ ਇਕ ਤਰ੍ਹਾਂ ਦਾ ਅਸੰਤੁਲਨ ਸਿਰਜ ਰਹੀ ਹੈ। ਉਨ੍ਹਾਂ ਕਿਹਾ ਕਿ ਸਕਾਰਾਤਮਿਕ ਲੇਖਣੀ ਨਾਲ ਵੀ ਸਮਾਜ ਵਿਚ ਬਹੁਤ ਵੱਡਾ ਪਰਿਵਰਤਨ ਲਿਆਂਦਾ ਜਾ ਸਕਦਾ ਹੈ। ਇਸ ਮੌਕੇ ਡਾ ਪਿਆਰਾ ਲਾਲ ਗਰਗ ਸਾਬਕਾ ਰਜਿਸਟਰਾਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਨੇ ਪੱਤਰਕਾਰਾਂ ਨਾਲ ਸਬੰਧਿਤ ਹਰ ਇਕ ਮੁੱਦੇ ਨੂੰ ਬਾਰੀਕੀ ਨਾਲ ਛੂੰਹਦਿਆਂ ਉਨ੍ਹਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। 

ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ  ਫ਼ੀਲਡ ਪੱਤਰਕਾਰੀ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਅਜੋਕੀ ਸਥਿਤੀ ਵਿਚ ਪੰਜਾਬੀ ਪੱਤਰਕਾਰੀ ਨੂੰ ਮੀਡੀਆ ਘਰਾਨਿਆਂ, ਪ੍ਰਕਾਸ਼ਨ ਟਰੱਸਟਾਂ, ਸਰਕਾਰ ਤੇ ਜਨ-ਸਮੂਹ ਦੇ ਸਮਰਥਨ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਦਾ ਮਨੋਬਲ ਬਰਕਰਾਰ ਰੱਖਣ ਲਈ ਉਸ ਨੂੰ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ ਤੇ ਸੰਭਾਲਣ ਦੀ ਲੋੜ ਹੈ। ਯੂਨੀਅਨ ਦਾ ਇਹ ਸੈਮੀਨਾਰ ਚੇਨਈ ਵਿਚ 29 ਅਕਤੂਬਰ ਨੂੰ ਹੋ ਰਹੀ 10ਵੀ ਪਲ਼ੈਨਰੀ ਨੂੰ ਸਮਰਪਿਤ ਹੈ।ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਕਿਹਾ ਕਿ ਫ਼ੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿਚ ਆਰਥਿਕ, ਸਮਾਜਿਕ, ਰਾਜਨੀਤਿਕ ਪੱਧਰ ਤੇ ਇਕ ਪੱਤਰਕਾਰ ਨੂੰ ਬਹੁਤ ਸਾਰੇ ਦਬਾਅ ਤੇ ਤਣਾਅ ਵਿਚੋਂ ਗੁਜ਼ਰਨਾ ਪੈਂਦਾ ਹੈ। ਫ਼ੀਲਡ ਵਿਚ ਕੰਮ ਕਰਦੇ ਪੱਤਰਕਾਰ ਨੂੰ ਇਕ ਨਰੋਆ ਤੇ ਸਾਵਾਂ ਮਹੌਲ ਦੇ ਕੇ ਹੀ ਪੰਜਾਬੀ ਪੱਤਰਕਾਰੀ ਨੂੰ ਬਚਾਇਆ ਜਾ ਸਕਦਾ ਹੈ।ਇਸ ਮੌਕੇ ਡਾ ਸਰਬਜੀਤ ਸਿੰਘ ਮਾਨ ਸਹਾਇਕ ਪ੍ਰੋਫੈਸਰ ਪੀ ਟੀ ਯੂ ਅਤੇ ਪੱਤਰਕਾਰ ਦਵਿੰਦਰ ਸਿੰਘ ਵਲੋ ਪੱਤਰਕਾਰਾਂ ਨੂੰ ਫ਼ੀਲਡ ਵਿਚ ਕੰਮ ਕਰਦਿਆਂ ਆਉਂਦੀਆਂ ਮੁਸਕਿਲਾਂ ਸਬੰਧੀ ਪਰਚਾ ਪੜ੍ਹਿਆ। ਇਸ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ 6 ਸ਼ਖ਼ਸੀਅਤਾਂ ਡਾ. ਸਰਬਜਿੰਦਰ ਸਿੰਘ, ਸ੍ਰੀ ਦਵਿੰਦਰ ਬਜਾਜ, ਸ. ਮਨਜੀਤ ਸਿੰਘ ਭੁੱਲਰ, ਸ.ਨਵਤੇਜ ਸਿੰਘ, ਸ. ਜਤਿੰਦਰ ਸਿੰਘ ਬਰਾੜ ਤੇ ਮੈਡਮ ਪ੍ਰਦੀਪ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸੈਮੀਨਾਰ ਤੇ ਸਨਮਾਨ ਸਮਾਰੋਹ ਵਿਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਪਾਲ ਸਿੰਘ ਨੌਲ਼ੀ, ਡਾ.ਰਾਜਿੰਦਰ ਰਿਖੀ,ਰਾਜਨ ਮਾਨ,ਬਿੰਦੂ ਸਿੰਘ ,ਬਲਜੀਤ ਸਿੰਘ ਜਲਾਲਉਸਮਾ,ਸੰਤੋਖ ਸਿੰਘ ਭਲਾਈਪੁਰ ਦੋਵੇਂ ਸਾਬਕਾ ਵਿਧਾਇਕ, ਸੁਰਜੀਤ ਸਿੰਘ ਕੰਗ,ਅਰਵਿੰਦਰ ਭੱਟੀ ਆਮ ਆਦਮੀ ਪਾਰਟੀ ਆਗੂ ਨੇ ਸੰਬੋਧਨ ਕੀਤਾ ਅਤੇ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਰਾਜੇਸ਼ ਸ਼ਰਮਾ,ਜ਼ਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ,ਐੱਸ ਡੀ ਐਮ ਬਾਬਾ ਬਕਾਲਾ ਅਲਕਾ ਕਾਲੀਆ ਅਤੇ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ, ਸਮਾਜ-ਸੇਵੀ, ਪੱਤਰਕਾਰ, ਸਿੱਖਿਆ ਸ਼ਾਸਤਰੀ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਸਬ ਡਿਵੀਜ਼ਨ ਬਾਬਾ ਬਕਾਲਾ ਦੇ ਪ੍ਰਧਾਨ ਡਾ.ਰਜਿੰਦਰ ਰਿਖੀ ਨੇ ਨਿਭਾਈ।