ਜੀ ਆਇਆਂ ਨੂੰ -ਨਵੀਂ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਦਾ ਵਲਿੰਗਟਨ ਦਫਤਰ ਪੁੱਜਣ ਉਤੇ ਸਵਾਗਤ

ਮਹਾਤਮਾ ਗਾਂਧੀ ਦੇ ਬੁੱਤ ਉਤੇ ਫੁੱਲ ਚੜ੍ਹਾ ਕੇ ਕੀਤਾ ਨਮਨ

(ਆਕਲੈਂਡ):-ਬੀਤੀ 8 ਸਤੰਬਰ ਨੂੰ  ਭਾਰਤ ਸਰਕਾਰ ਵੱਲੋਂ ਨਿਊਜ਼ੀਲੈਂਡ ਲਈ ਨਵੀਂ ਹਾਈ ਕਮਿਸ਼ਨਰ ਵਜੋਂ ਸ੍ਰੀਮਚੀ ਨੀਤਾ ਭੂਸ਼ਣ ਦੀ ਨਿਯੁਕਤੀ ਕੀਤੀ ਗਈ  ਸੀ। ਅੱਜ ਉਨ੍ਹਾਂ ਦਾ ਰਾਜਧਾਨੀ ਸਥਿਤ ਦਫਤਰ ਉਤੇ ਪੁੱਜਣ ਉਤੇ ਸਟਾਫ ਨੇ ਭਰਵਾਂ ਸਵਾਗਤ ਕੀਤਾ। ਸ੍ਰੀ ਦੁਰਗਾ ਦਾਸ ਤੇ ਸ੍ਰੀ ਮੁਕੇਸ਼ ਘੀਆ ਹੋਰਾਂ ਫੁੱਲਾਂ ਦਾ ਹਾਰ ਭੇਟ ਕੀਤਾ।  ਉਹ ਮਹਾਤਮਾ ਗਾਂਧੀ ਦੇ ਕਾਂਸੀ ਦੇ ਬੁੱਤ ਜੋ ਕਿ ਸਟੇਸ਼ਨ ਸਾਹਮਣੇ 2007 ਵਿਚ ਲਗਾਇਆ ਗਿਆ ਸੀ  ਵਿਖੇ ਉਨ੍ਹਾਂ ਨੂੰ ਨਮਨ ਕਰਨ ਗਏ ਅਤੇ ਫੁੱਲਾਂ ਅਰਪਿਤ ਕੀਤੇ। ਵਰਨਣਯੋਗ ਹੈ ਕਿ ਨਿਊਜ਼ੀਲੈਂਡ-ਭਾਰਤ ਦੇ ਵਪਾਰਕ ਸਬੰਧ 1950 ਤੋਂ ਦਿਨ ਪ੍ਰਤੀ ਦਿਨ ਗੂੜੇ ਹੋ ਰਹੇ ਹਨ ਅਤੇ ਅਤੇ ਇਥੇ ਭਾਰਤੀਆਂ ਦੀ ਆਮਦ ਵੀ ਲਗਾਤਾਰ ਵਧਦੀ ਹੈ।

1950 ਤੋਂ ਟ੍ਰੇਡ ਕਮਿਸ਼ਨਰ ਦੀ ਜਿੰਮੇਵਾਰੀ ਨਾਲ ਇਹ ਸਬੰਧ ਸਰਕਾਰੀ ਪੱਧਰ ਉਤੇ ਹੋਰ ਮਜ਼ਬੂਤ ਹੁੰਦੇ ਗਏ। 1952 ਤੋਂ 1963 ਤੱਕ ਕੈਨਬਰਾ ਵਾਲੇ ਹਾਈ ਕਮਿਸ਼ਨਰ ਨੇ ਨਿਊਜ਼ੀਲੈਂਡ ਦਾ ਕੰਮ ਵੇਖਿਆ ਅਤੇ ਫਿਰ 1963 ਤੋਂ ਨਿਊਜ਼ੀਲੈਂਡ ਨੂੰ ਆਪਣਾ ਰੈਜ਼ੀਡੈਂਟ ਹਾਈ ਕਮਿਸ਼ਨਰ ਮਿਲ ਰਿਹਾ ਹੈ। ਪਿਛਲੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸੀ ਜੋ ਕਿ 11 ਜੁਲਾਈ ਨੂੰ ਵਿਦਾਇਗੀ ਲੈ ਕੇ ਅਗਲੇ ਦਿਨ ਹੀ ਭਾਰਤ ਕਿਸੇ ਹੋਰ ਦੂਜੇ ਅਹੁਦੇ ਵਾਸਤੇ ਚਲੇ ਗਏ ਸਨ, ਦੀ ਸੀਟ ਖਾਲੀ ਚੱਲ ਰਹੀ ਸੀ।

ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਸ੍ਰੀਮਤੀ ਨੀਤਾ ਭੂਸ਼ਣ ਹੋਰਾਂ ਨੇ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਕੋਲੋਂ ਪ੍ਰਮਾਣਪੱਤਰ ਹਾਸਿਲ ਕੀਤਾ। ਉਹ ਨਿਊਜ਼ੀਲੈਂਡ ਦੀ ਗਵਰਨਰ ਨੂੰ ਮਿਲ ਕੇ ਵੀ ਅਜਿਹਾ ਕਰਨਗੇ।

ਮਹਾਤਮਾ ਗਾਂਧੀ ਦਾ 153ਵਾਂ ਜਨਮ ਦਿਵਸ ਵੀ 2 ਅਕਤੂਬਰ ਨੂੰ ਆ ਰਿਹਾ ਹੈ ਅਤੇ ਵਲਿੰਗਟਨ ਵਿਖੇ ਉਨ੍ਹਾਂ ਦੇ ਬੁੱਤ ਲਾਗੇ ਸਵੇਰੇ 11 ਵਜੇ ਇਕ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ। ਇਸ ਦਿਨ ਨੂੰ ਅੰਤਰਰਾਸ਼ਟਰੀ ਅਹਿੰਦਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਤੇ ਵਲਿੰਗਟਨ ਸਿਟੀ ਕੌਂਸਿਲ ਵੀ ਇਸ ਮੌਕੇ ਸ਼ਿਰਕਤ ਕਰੇਗੀ।