ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਤੋਂ ਬਚਾਉ ਵਾਲੇ ਆਪ੍ਰੇਸ਼ਨ ਵਧੇ

ਐਸ.ਈ.ਐਸ. ਵੱਲੋਂ ਜਾਰੀ ਇੱਕ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਮੌਸਮ ਦੇ ਬਦਲਣ ਨਾਲ ਰਾਜ ਅੰਦਰ ਹੜ੍ਹਾਂ ਕਾਰਨ ਲੋਕਾਂ ਅੰਦਰ ਬੇਚੈਨੀ ਵਧਣ ਲੱਗ ਪਈ ਹੈ ਅਤੇ ਹੁਣ ਤੱਕ ਘੱਟੋ ਘੱਟ 10 ਅਜਿਹੇ ਆਪ੍ਰੇਸ਼ਨ ਕੀਤੇ ਵੀ ਜਾ ਚੁਕੇ ਹਨ ਜਿੱਥੇ ਕਿ ਹੜ੍ਹ ਵਿੱਚ ਫਸੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਐਸ.ਈ.ਐਸ. ਟੀਮ ਵੱਲੋਂ ਕੀਤੀ ਗਈ ਹੈ।
ਵਿਭਾਗ ਵੱਲੋਂ ਜਾਰੀ ਆਂਕੜੇ ਦਰਸਾਉਂਦੇ ਹਨ ਕਿ ਮੈਕੁਆਇਰ, ਲੈਸ਼ਲਨ, ਬੋਗਾਨ, ਗਵਾਈਡਰ, ਨਾਮੋਈ ਅਤੇ ਕੁਲੋਗਾ ਆਦਿ ਨਦੀਆਂ ਵਿੱਚ ਪਾਣੀ ਪੂਰੇ ਉਫ਼ਾਨ ਤੇ ਹੈ ਅਤੇ ਨਾਲ ਲਗਦੇ ਖੇਤਰਾਂ ਵਿੱਚ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਰਾਜ ਅੰਦਰ ਇਸ ਸਮੇਂ 15 ਖੇਤਰ ਅਜਿਹੇ ਹਨ ਜਿੱਥੇ ਕਿ ਹੜ੍ਹਾਂ ਦੀਆਂ ਚਿਤਾਵਨੀਆਂ ਦਿੱਤੀਆਂ ਹੋਈਆਂ ਹਨ।
ਨਿਊ ਇੰਗਲੈਂਡ ਦਾ ਵੀ-ਵਾ ਖੇਤਰ ਹੜ੍ਹਾਂ ਕਾਰਨ ਮੁੱਖ ਸ਼ਹਿਰ ਨਾਲੋਂ ਕੱਟਿਆ ਹੋਇਆ ਹੈ ਅਤੇ ਬਚਾਉ ਦਲਾਂ ਵੱਲੋਂ ਇੱਥੇ ਖਾਣ ਪੀਣ ਅਤੇ ਹੋਰ ਜੀਵਨ ਸਬੰਧੀ ਜ਼ਰੂਰਤ ਦੀਆਂ ਵਸਤੂਆਂ ਦੀ ਸਪਲਾਈ ਕੀਤੀ ਜਾ ਰਹੀ ਹੈ।
ਗਨੇਡਾਹ ਖੇਤਰ ਵਿੱਚ ਨਾਮੋਈ ਨਦੀ ਵਿਚਲਾ ਪਾਣੀ ਆਪਣੇ ਖਤਰੇ ਦੇ ਨਿਸ਼ਾਨ ਤੋਂ ਉਪਰ (8.24 ਮੀਟਰ) ਹੀ ਚੱਲ ਰਿਹਾ ਹੈ।
ਮੈਕੁਆਇਰ ਨਦੀ ਵਿੱਚ ਵੀ ਪਾਣੀ ਆਪਣੇ ਪੂਰੇ ਉਫ਼ਾਨ (9.29 ਮੀਟਰ) ਤੇ ਹੈ ਅਤੇ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਚੁਕੀਆਂ ਹਨ।
ਕੋਂਡੋਬੋਲਿਨ ਨਦੀ ਵੀ ਰਾਤੋਂ-ਰਾਤ ਹੀ ਪਾਣੀ ਨਾਲ ਭਰ (6.72 ਮੀਟਰ) ਚੁਕੀ ਹੈ ਅਤੇ ਖੇਤਰ ਵਿੱਚ ਅਲਰਟ ਜਾਰੀ ਹਨ। ਅੱਜ ਨਦੀ ਦਾ ਪਾਣੀ 6.8 ਮੀਟਰ ਨੂੰ ਪਾਰ ਕਰਨ ਦੀਆਂ ਸੂਚਨਾਵਾਂ ਵੀ ਹਨ ਜਿਨ੍ਹਾਂ ਨਾਲ ਕਈ ਸੜਕਾਂ ਉਪਰ ਪਾਣੀ ਭਰ ਜਾਵੇਗਾ।
ਹੜ੍ਹਾਂ ਕਾਰਨ, ਆਪਾਤਕਾਲੀਨ ਸਥਿਤੀਆਂ ਵਿੱਚ ਮਦਦ ਵਾਸਤੇ ਕਾਲ ਕਰਨ ਲਈ 132 500 ਨੰਬਰ ਜਾਰੀ ਕੀਤਾ ਗਿਆ ਹੈ।