ਬਾਬਾ ਫਰੀਦ ਨਰਸਿੰਗ ਕਾਲਜ ‘ਚ ਕੌਮੀ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਝੂਮੇ ਸਰੋਤੇ

ਔਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ: ਡਾ. ਬਲਜੀਤ ਕੌਰ

(ਫਰੀਦਕੋਟ) :- ਬਾਬਾ ਫਰੀਦ ਆਗਮਨ ਪੁਰਬ ਦੀ ਖੁਸ਼ੀ ਵਿੱਚ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਜਿੱਥੇ ਦੇਸ਼ ਭਰ ਦੇ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਆਪਣੀ ਕਲਾ ਦੇ ਖੂਬ ਜੋਹਰ ਦਿਖਾਏ, ਉੱਥੇ ਬਾਬਾ ਫਰੀਦ ਨਰਸਿੰਗ ਕਾਲਜ ਦੀਆਂ ਲੜਕੀਆਂ ਨੇ ਮਲਵਈ ਗਿੱਧੇ ਅਤੇ ਭੰਗੜੇ ਦੀਆਂ ਸ਼ਾਨਦਾਰ ਵੰਨਗੀਆਂ ਨਾਲ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਅਮੋਲਕ ਸਿੰਘ ਵਿਧਾਇਕ ਜੈਤੋ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਉਹਨਾਂ ਦੱਸਿਆ ਕਿ ਉਕਤ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦਾ ਡੇਡੀਆ, ਆਸਾਮ ਦਾ ਬੀਹੂ, ਭੰਡ (ਸੋਮ ਸਹੋਤਾ ਤੇ ਸਾਥੀ), ਹਰਿਆਣਾ ਦਾ ਘੂਮਰ, ਮਾਰਸ਼ਲ ਆਰਟ ਗਤਕਾ, ਰਾਜਸਥਾਨ ਦਾ ਭੁਪੰਗ (ਸੰਗੀਤ ਵਾਦਨ) ਸਮੇਤ ਮਾਣਕ ਅਲੀ ਨੇ ਸੂਫੀਆਨਾ ਗੀਤਾਂ ਦੀ ਪੇਸ਼ਕਾਰੀ ਕੀਤੀ। ਸਟੇਜ ਸੰਚਾਲਨ ਕਰਦਿਆਂ ਸੰਜੀਵ ਸ਼ਾਦ ਅਤੇ ਪਵਨ ਸ਼ਰਮਾ ਸੁੱਖਣਵਾਲਾ ਨੇ ਉਕਤ ਟੀਮਾਂ ਦੀ ਜਾਣ-ਪਛਾਣ ਕਰਵਾਈ। ਆਪਣੇ ਸੰਬੋਧਨ ਦੌਰਾਨ ਡਾ ਬਲਜੀਤ ਕੌਰ ਨੇ ਜਿੱਥੇ ਕਾਲਜ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਕਲਾਕਾਰਾਂ ਦੀ ਪੇਸ਼ਕਾਰੀ ਦੀ ਪ੍ਰਸੰਸਾ ਕੀਤੀ, ਉੱਥੇ ਔਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਡਾ. ਗੁਰਜੀਤ ਕੌਰ ਬਰਾੜ, ਪ੍ਰਬੰਧਕ ਅਫਸਰ ਹਰਪ੍ਰੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ ਸਮੇਤ ਭਾਰੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਲੱਬਾਂ, ਯੂਨੀਅਨਾਂ ਅਤੇ ਐਸੋਸੀਏਸ਼ਨ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਮੁੱਖ ਮਹਿਮਾਨ ਡਾ. ਬਲਜੀਤ ਕੌਰ ਅਤੇ ਕਾਲਜ ਦੀ ਮੈਨੇਜਮੈਂਟ ਵੱਲੋਂ ਵੱਖ-ਵੱਖ ਰਾਜਾਂ ਦੀਆਂ ਕਲਾਕਾਰ ਟੀਮਾਂ ਅਤੇ ਉੱਘੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।