ਓਪਟਸ ਸਾਈਬਰ ਹਮਲਾ -ਕੀ ਕਿਹਾ ਪ੍ਰਧਾਨ ਮੰਤਰੀ ਨੇ

ਬੀਤੇ ਹਫ਼ਤੇ, ਓਪਟਸ ਕੰਪਨੀ ਦੇ ਗ੍ਰਾਹਕਾਂ ਵਾਲੀਆਂ ਸੂਚਨਾਵਾਂ ਉਪਰ ਹੋਏ ਸਾਈਬਰ ਹਮਲੇ ਤੋਂ ਕਾਫੀ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਨੇ ਪੀੜਿਤ ਗ੍ਰਾਹਕਾਂ ਨਾਲ ਲਗਾਤਾਰ ਸੰਪਰਕ ਸਾਧਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਚਿਤਾਵਨੀਆਂ ਦੇ ਨਾਲ ਨਾਲ ਬਚਾਉ ਵਾਸਤੇ ਹੋਰ ਕੀ ਕੁੱਝ ਕਰਨਾ ਹੈ, ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਗ਼ਨੀਮਤ ਹੈ ਕਿ ਗ੍ਰਾਹਕਾਂ ਦੇ ਪਾਸਵਰਡਾਂ ਅਤੇ ਪੈਸੇ ਵਾਲੇ ਅਕਾਊਂਟਾਂ ਆਦਿ ਨੂੰ ਹੈਕਰ ਛੇੜ ਨਹੀਂ ਸਕਿਆ ਹੈ। ਇਹ ਸੁਰੱਖਿਅਤ ਹਨ। ਫੇਰ ਵੀ ਕੰਪਨੀ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਕਿਸਮ ਦੀ ਅਣਪਛਾਤੀ ਈਮੇਲ ਜਾਂ ਮੈਸਜ ਅਤੇ ਜਾਂ ਫੇਰ ਮੋਬਾਇਲ ਕਾਲ ਦਾ ਜਵਾਬ ਨਾਂ ਹੀ ਦਿੱਤਾ ਜਾਵੇ ਅਤੇ ਕਿਸੇ ਨਾਲ ਵੀ ਆਪਣੇ ਅਕਾਊਂਟ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਾਂ ਕੀਤੀ ਜਾਵੇ।
ਪ੍ਰਧਾਨ ਮੰਤਰੀ ਨੇ ਇਸ ਬਾਬਤ ਬੋਲਦਿਆਂ ਕਿਹਾ ਹੈ ਇਹ ਇੱਕ ਵੱਡਾ ਹਮਲਾ ਹੈ ਜੋ ਕਿ ਕਾਰਪੋਰੇਟ ਸੰਸਥਾਵਾਂ ਵਾਸਤੇ ਭਵਿੱਖ ਦੀਆਂ ਚਿਤਾਵਨੀਆਂ ਹਨ ਜਿਨ੍ਹਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਸ ਵਾਸਤੇ ਜ਼ਰੂਰੀ ਕਦਮ ਚੁੱਕੇਗੀ ਬੈਂਕ ਅਤੇ ਹੋਰ ਅਜਿਹੇ ਅਦਾਰਿਆਂ ਵਾਸਤੇ ਇਹ ਲਾਜ਼ਮੀ ਕੀਤਾ ਜਾਵੇਗਾ ਕਿ ਉਹ ਗ੍ਰਾਹਕਾਂ ਦੇ ਅਕਾਊਂਟ ਅਤੇ ਹੋਰ ਜ਼ਰੂਰੀ ਸੂਚਨਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇਸ ਵਾਸਤੇ ਸਰਕਾਰ ਜੋ ਵੀ ਕਰ ਸਕੇਗੀ ਉਹ ਕਰੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਦੁਨੀਆਂ ਵਿੱਚ ਨਾਇਕ ਵੀ ਹਨ ਅਤੇ ਖਲਨਾਇਕ ਵੀ ਹਨ ਅਤੇ ਸਾਨੂੰ ਆਪਣੇ ਨਾਇਕਾਂ ਦੇ ਜ਼ਰੀਏ ਹੀ ਇਨ੍ਹਾਂ ਖਲਨਾਇਕਾਂ ਦਾ ਡੱਟ ਕੇ ਸਾਹਮਣਾ ਅਤੇ ਮੁਕਾਬਲਾ ਕਰਨਾ ਹੈ ਅਤੇ ਇਨ੍ਹਾਂ ਉਪਰ ਜਿੱਤ ਪ੍ਰਾਪਤ ਕਰਨੀ ਹੈ।
ਜ਼ਿਕਰਯੋਗ ਹੈ ਕਿ ਓਪਟਸ ਕੰਪਨੀ ਉਪਰ ਸਾਈਬਰ ਹਮਲਾ ਕਰਨ ਵਾਲੇ ‘ਹੈਕਰਾਂ’ ਦਾ ਅਜੇ ਤੱਕ ਵੀ ਕੋਈ ਥਹੂ-ਟਿਕਾਣਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।