ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰਬ ਸਾਂਝੀਵਾਲਤਾ ਦਾ ਸੰਦੇਸ਼

ਅਕਾਲ ਪੁਰਖ ਦੀ ਹਰੇਕ ਕਿਰਤ ਜਿਵੇਂ ਸੂਰਜ ਦੀ ਰੋਸ਼ਨੀ, ਚੰਦਰਮਾ ਦੀ ਚਾਨਣੀ, ਪ੍ਰਕਿਰਤੀ ਦੇ ਰੰਗ ਤੇ ਖੂਬਸੁਰਤੀ, ਫੁੱਲਾਂ ਦੀ ਸੁਗੰਧੀ, ਮਾਸੂਮ ਦੀ ਮੁਸਕਰਾਹਟ, ਅੱਗ ਤੋਂ ਉਪਜੀ ਤਪਸ਼ ਅਤੇ ਵਰਖਾ ਦੀ ਠੰਡੀ ਫੁਆਰ ਆਦਿ ਪੂਰੀ ਕਾਇਨਾਤ ਲਈ ਸਾਂਝੀ ਕਿਰਤ ਹੈ, ਉਸੇ ਤਰ੍ਹਾਂ ਅਕਾਲ ਪੁਰਖ ਤੋਂ ਆਈ ‘ਧੁਰ ਕੀ ਬਾਣੀ’ ਜੋ ਗੁਰੂ ਸਾਹਿਬਾਨ, ਭਗਤਾਂ, ਭੱਟਾਂ, ਗੁਰੂ ਘਰ ਦੇ ਸੰਬੰਧੀ ਰਾਗੀ ਰਬਾਬੀਆਂ ਤੋਂ ਪ੍ਰਗਟਾਈ ਗਈ ਤੇ ਮੋਜੂਦਾ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਸੰਕਲਿਤ ਕੀਤੀ ਗਈ, ਇਹ ਬਾਣੀ ਵੀ ਪੂਰੀ ਮਾਨਵ ਕੌਮ ਦੀ ਸਰਵਸਾਂਝੀ ਬਾਣੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਈ. ਨੂੰ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਹੋਇਆ। ਇਸ ਵਿਚ ਭਾਰਤ ਦੇ ਮੁਸਲਿਮ ਤੇ ਹਿੰਦੂ ਬਾਣੀਕਾਰਾਂ ਦੀ ਬਾਣੀ ਦਰਜ ਹੈ, ਜੋ ਕਿ ਬਾਰ੍ਹਵੀਂ ਤੋਂ ਲੈ ਕੇ ਸਤਾਰ੍ਹਵੀਂ ਸਦੀ ਤੱਕ ਫੈਲੇ ਹੋਏ ਹਨ। ਇਸ ਪਾਵਨ ਗ੍ਰੰਥ ਵਿਚ ਕਿਸੇ ਧਰਮ, ਵਰਗ ਅਤੇ ਜਾਤ ਦੀ ਉੱਚਤਾ ਆਦਿ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਇਹ ਸਾਰੀ ਇਨਸਾਨੀਅਤ ਨੂੰ ਸਰਵਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲਾ ਪ੍ਰਥਮ ਧਾਰਮਿਕ ਗ੍ਰੰਥ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਹਨਾਂ ਵੀ ਬਾਣੀਕਾਰਾਂ ਦੀ ਬਾਣੀ ਦਰਜ ਕੀਤੀ ਗਈ, ਉਹਨਾਂ ਦਾ ਕਾਲ ਲਗਭਗ ਪੰਜ ਸਦੀਆਂ ਵਿਚ ਵਿਆਪਕ ਹੈ। ਪੱਛਮੀ ਪਾਕਿਸਤਾਨ ਤੋਂ ਲੈ ਕੇ, ਮਹਾਂਰਾਸ਼ਟਰ ਤੱਕ ਇਹਨਾਂ ਦੇ ਜਨਮ ਸਥਾਨ ਦਰਜ ਹਨ, ਸੋ ਇਹ ਵੀ ਸਪਸ਼ਟ ਹੈ ਕਿ ਇਹਨਾਂ ਸਾਰੇ ਬਾਣੀਕਾਰਾਂ ਦੀ ਬੋਲੀ ਵੀ ਇਕ ਨਹੀਂ ਸੀ। ਇਨ੍ਹਾਂ ਸਾਰੀਆਂ ਬੋਲੀਆਂ ਨੂੰ ਇਕ ਲਿਪੀ ਵਿਚ ਬੰਨਕੇ ਰੂਪਮਾਨ ਕਰਨ ਵਿਚ ਗੁਰੂ ਅਰਜਨ ਦੇਵ ਜੀ ਦਾ ਕਮਾਲ ਹੈ। ਇਸ ਵਿਚ ਦਰਜ ਹਰੇਕ ਬਾਣੀਕਾਰ ਦੀ ਬਾਣੀ ਦਾ ਮੂਲ ਉਹਨਾਂ ਦੀ ਸਥਾਨਕ ਬੋਲੀ ਹੀ ਰਹੀ ਪਰ ਲਿਪੀ ਗੁਰਮੁਖੀ ਹੋ ਗਈ। ਇਹ ਕਾਫ਼ੀ ਕਠਿਨ ਕਾਰਜ ਸੀ। ਇਸੇ ਕਰਕੇ ਦੁਨੀਆ ਭਰ ਦੇ ਗ੍ਰੰਥਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖੀ ਸੁਰਤ ਨੂੰ ਇਨ੍ਹਾਂ ਉੱਚਾ ਉੱਠਾ ਦਿੰਦੀ ਹੈ ਕਿ ਉਹ ਆਪ ਮੁਹਾਰੇ ਹੀ ਸਰਬਸਾਂਝੀ ਵਾਲਤਾ, ਸਰਬ ਸਤਿਕਾਰ ਅਤੇ ਮਨੁੱਖ ਮਾਤਰ ਦੀ ਬਰਾਬਰੀ ਵਿਚ ਯਕੀਨ ਕਰਨ ਲੱਗ ਪੈਂਦਾ ਹੈ। ਜਿਸ ਨਾਲ ਮਨੁੱਖ ਦੁਨਿਆਵੀ ਸੁਆਰਥ ਦੀ ਭਾਵਨਾ ਨੂੰ ਤਿਆਗ ਕੇ ਸਾਰੀ ਕਾਇਨਾਤ ਪ੍ਰਤੀ ਮਿਲਣਸਾਰ ਅਤੇ ਪ੍ਰੇਮ ਦੀ ਭਾਵਨਾ ਵਰਗੇ ਉੱਚੇ ਗੁਣਾਂ ਨੂੰ ਗ੍ਰਹਿਣ ਕਰ ਲੈਂਦਾ ਹੈ।
ਕਬੀਰ ਜੀ ਨੇ ਪ੍ਰਭਾਤੀ ਰਾਗ ਅੰਦਰ ਇਸ ਵਿਚਾਰ ਨੂੰ ਬੜਾ ਜੋਰ ਦੇ ਕੇ ਬਿਆਨ ਕੀਤਾ ਹੈ ਕਿ ਲੋਕ ਆਪਣੇ ਆਪ ਨੂੰ ਰੱਬ ਦੀ ਹਸਤੀ ਸੰਬੰਧੀ ਕਿਸੇ ਭੁਲੇਖੇ ਵਿਚ ਪਾ ਕੇ ਖ਼ੁਆਰ ਨਾ ਕਰਨ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਤੇ ਫਿਰ ਆਪ ਹੀ ਸਾਰੀ ਖ਼ਲਕਤ ਵਿਚ ਨਿਵਾਸ ਕਰਨ ਵਾਲਾ ਹੈ।
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥(ਪੰਨਾ 1350)
ਉਹ ਲੋਕ ਜਿਹੜੇ ਆਪਣੇ ਧਰਮ ਗ੍ਰੰਥਾਂ ਦੀ ਬੋਲੀ ਅਨੁਸਾਰ ਪਰਮਾਤਮਾ ਨੂੰ ਵੱਖੋ ਵੱਖ ਨਾਵਾਂ ਨਾਲ ਯਾਦ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਨੇ ਉਨ੍ਹਾਂ ਉਪਰ ਵੀ ਆਪਣੀ ਇਹ ਛਾਪ ਲਾਈ ਹੈ ਕਿ ਪਰਮਾਤਮਾ ਸਭ ਦਾ ਸਾਂਝਾ ਹੈ।
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥
ਕਾਰਣ ਕਰਣ ਕਰੀਮ॥
ਕਿਰਪਾ ਧਾਰਿ ਰਹੀਮ॥ (ਪੰਨਾ 885)
ਗੁਰੂ ਗ੍ਰੰਥ ਸਾਹਿਬ ਇਕ ਹੋਰ ਪੱਖੋਂ ਵੀ ਸਰਬ ਸਾਂਝੀਵਾਲਤਾ ਦੇ ਸੁਆਮੀ ਹਨ। ਭਾਰਤ ਦੇਸ਼ ਅੰਦਰ ਉਪਾਸ਼ਕਾਂ ਨੇ ਆਪਣੇ ਵੱਖੋ-ਵੱਖਰੇ ਵਰਗ ਬਣਾਏ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਕੁ ਉਪਾਸ਼ਕ ਨਿਰਗੁਣ ਬ੍ਰਹਮ ਵਿਚ ਯਕੀਨ ਕਰਦੇ ਹਨ ਅਤੇ ਕੁਝ ਕੁ ਸਰਗੁਣ ਬ੍ਰਹਮ ਦੀ ਅਰਾਧਨਾ ਕਰਦੇ ਹਨ। ਪੰਰਤੂ ਸਿੱਖ-ਧਰਮ ਵਿਚ ਅਜਿਹਾ ਕੋਈ ਵਖਰੇਂਵਾ ਵੇਖਣ ਨੂੰ ਨਹੀਂ ਮਿਲਦਾ। ਸਿੱਖ ਕੇਵਲ ਸ਼ਬਦ-ਗੁਰੂ ਦਾ ਹੀ ਉਪਾਸ਼ਕ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸ਼ਬਦ-ਗੁਰੂ ਨਿਰਗੁਣ ਤੇ ਸਰਗੁਣ ਦੋਹਾਂ ਦਾ ਹੀ ਇਕ ਖੂਬਸੂਰਤ ਸੁਮੇਲ ਹੈ।
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥ (ਪੰਨਾ 290)
ਗੁਰਬਾਣੀ ਵਿਚ ਸ੍ਰਿਸ਼ਟੀ ਜ਼ਰੇ-ਜ਼ਰੇ ਅੰਦਰ ਵਿਗਸ ਰਹੀ ਅਕਾਲ ਪੁਰਖ ਦੀ ਇਕ ਜੋਤਿ ਉੱਪਰ ਜੋਰ ਦਿੱਤਾ ਗਿਆ ਹੈ। ਇਹ ਪ੍ਰਕਾਸ਼ਮਾਨ ਜੋਤਿ ਹੀ ਸਮਅਸਤ ਕਾਇਨਾਤ ਨੂੰ ਪ੍ਰਕਾਸ਼ਮਾਨ ਕਰ ਰਹੀ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥ (ਪੰਨਾ 13)
ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਅਨੇਕਤਾ ਵਿਚੋਂ ਏਕਤਾ ਪੈਦਾ ਕਰਨਾ ਹੈ। ਆਮ ਲੋਕਾਈ ਦੀ ਸੋਚ ਤੇ ਸਮਝ ਦੀ ਮਿਆਰ ਨੂੰ ਉੱਚਾ ਚੁੱਕਣ ਲਈ ਗੁਰਬਾਣੀ ਸਦਾਚਾਰ ਭਾਵ ਸਦ ਆਚਾਰ ਜਾਂ ਚੰਗੀ ਰਹਿਣੀ ਉੱਤੇ ਵਿਸ਼ੇਸ਼ ਬਲ ਦਿੰਦੀ ਹੈ। ਹਰੇਕ ਧਰਮ ਵਿਚ ਵੱਖੋ ਵੱਖ ਤਰੀਕਿਆਂ ਨਾਲ ਸਦਾਚਾਰਕ ਗੁਣਾਂ ਉੱਤੇ ਬਲ ਦਿੱਤਾ ਗਿਆ ਹੈ। ਉਦਾਹਰਣ ਦੇ ਤੋਰ ‘ਤੇ ਜੈਨ ਧਰਮ ਅੰਦਰ ਪ੍ਰਮੱਖ ਬਲ ਅਹਿੰਸਾ ਅਤੇ ਬੁੱਧ ਧਰਮ ਵਿਚ ਪ੍ਰਮੱਖ ਜੋਰ ਦਇਆ ‘ਤੇ ਦਿੱਤਾ ਗਿਆ ਹੈ ਆਦਿ। ਪਰ ਸਿੱਖ ਧਰਮ ਵਿਚ ਅਧਿਕ ਜੋਰ ਸੱਚ ਅਤੇ ਸੱਚੀ ਰਹਿਣੀ-ਬਹਿਣੀ ਉੱਤੇ ਦਿੱਤਾ ਗਿਆ ਹੈ।
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥(ਪੰਨਾ 62)
ਅਸਲ ਵਿਚ ਸੱਚੀ ਕਰਣੀ ਵਾਲਾ ਇਨਸਾਨ ਹੀ ਸੱਚ ਦੀ ਸਮਝ ਰੱਖਣ ਕਾਰਨ ਸੱਚ ਦਾ ਧਾਰਣੀ ਬਣ ਸਕਦਾ ਹੈ। ਸੱਚ ਦੇ ਅਨੁਭਵੀ ਲਈ ਗੁਰਬਾਣੀ ਅੰਦਰ ਇਹ ਸ਼ਬਦ ਦਰਜ ਹਨ:

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥(ਪੰਨਾ 470)

ਮਨ ਮੇਰੇ ਭੂਲੇ ਕਪਟੁ ਨ ਕੀਜੈ॥

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ (ਪੰਨਾ 656)

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ (ਪੰਨਾ 85)
ਗੁਰਬਾਣੀ ਅੰਦਰ ਹੱਥੀ ਕਿਰਤ ਕਰਨ ਤੇ ਫਿਰ ਵੰਡ ਛੱਕਣ ਦਾ ਸੰਦੇਸ਼ ਸਾਰੀ ਮਾਨਵਤਾ ਲਈ ਇਕ ਸਾਂਝਾ ਉਪਦੇਸ਼ ਹੈ। ਜਿਸ ਨਾਲ ਇਨਸਾਨ ਜ਼ਿੰਦਗੀ ਵਿਚ ਅਕਸਰ ਸਹੀ ਰਸਤਾ ਪਛਾਣਦੇ ਹਨ।
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਅਸਲ ਗਿਆਨ ਨਾਲ ਜੋੜਨ ਅਤੇ ਜਾਤ-ਪਾਤ ਆਦਿ ਦੇ ਵਿਤਕਰੇ ਤੋਂ ਉੱਚਾ ਉਠਾਉਣ ਲਈ ਦੂਰ-ਦੁਰਾਡੇ ਚਾਰ ਉਦਾਸੀਆਂ ਕੀਤੀਆਂ। ਆਪ ਜੀ ਦੁਆਰਾ ਆਰੰਭ ਕੀਤੀ ‘ਸੰਗਤ ਅਤੇ ਪੰਗਤ’ ਦੀ ਰੀਤ ਵਿੱਚ ਵੱਖੋ ਵੱਖ ਜਾਤਾਂ ਦੇ ਸਮੂਹ ਵਿਅਕਤੀ ਇਕ ਸਮਾਨ ਬੈਠਦੇ ਹਨ। ਇਸ ਤਰ੍ਹਾਂ ਲੰਗਰ ਪ੍ਰਥਾ ਗੁਰੂ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਈ ਸੀ। ਜਿਸ ਨੂੰ ਇਕ ਸੰਸਥਾ ਦਾ ਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ। ਆਪ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬਕਾਇਦਾ ‘ਪਹਿਲੇ ਪੰਗਤ ਪਾਛੈ ਸੰਗਤ’ ਦੀ ਤਾਕੀਦ ਕੀਤੀ ਗਈ ਸੀ। ਆਪ ਜੀ ਦੇ ਇਹਨਾਂ ਬਚਨਾਂ ਨੂੰ ਪ੍ਰਵਾਨ ਕਰਦੇ ਹੋਏ ਅਕਬਰ ਵਰਗੇ ਬਾਦਸ਼ਾਹ ਨੇ ਵੀ ਗੋਇੰਦਵਾਲ ਵਿਖੇ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਵਿਚ ਬੈਠਕੇ ਪ੍ਰਸ਼ਾਦਾ ਛਕਿਆ। ਇਸ ਤਰ੍ਹਾਂ ਲੰਗਰ ਪ੍ਰਥਾ ਨੇ ਰਾਜਾ-ਰੰਕ ਦੀ ਬਰਾਬਰੀ ਲਈ ਰਾਹ ਪੱਧਰਾ ਕੀਤਾ। ਜਾਤ-ਪਾਤ ਵਿਚ ਬੁਰੀ ਤਰ੍ਹਾਂ ਫਸੇ ਭਾਰਤੀ ਸਮਾਜ ਵਿਚ ਇਹ ਇਕ ਬਹੁਤ ਵੱਡਾ ਇਨਕਲਾਬ ਸੀ।
ਗੁਰੂ ਅਮਰਦਾਸ ਜੀ ਅਨੁਸਾਰ ਬ੍ਰਹਮ ਦੀ ਸੱਚੀ ਅਰਾਧਨਾ ਕਰਨ ਵਾਲਾ ਹੀ ਅਸਲੀ ਬ੍ਰਾਹਮਣ ਹੋ ਸਕਦਾ ਹੈ। ਸੋ ਬ੍ਰਾਹਮਣ ਦਾ ਸੰਬੰਧ ਜਾਤ ਨਾਲ ਨਹੀਂ ਸਗੋਂ ਬੰਦਗੀ ਨਾਲ ਹੈ। ਇਸ ਪ੍ਰਥਾਇ ਗੁਰ ਫ਼ਰਮਾਨ ਹੈ:
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ (ਪੰਨਾ 1127)
ਸਮਅਸਤ ਕਾਇਨਾਤ ਅੰਦਰ ਵਿਭਿੰਨ ਜੂਨੀਆਂ ਮੌਜੂਦ ਹਨ, ਜਿਨ੍ਹਾਂ ਵਿਚੋਂ ਮਾਨਸ ਦੀ ਜੂਨ ਨੂੰ ਸਰਵੋਤਮ ਜੂਨ ਦਾ ਦਰਜਾ ਦਿੱਤਾ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਾਨਵ ਹੀ ਇਕ ਮਾਤਰ ਅਜਿਹਾ ਪ੍ਰਾਣੀ ਹੈ ਜੋ ਤਮਾਮ ਜੀਵਾਂ ਨਾਲੋਂ ਮਾਨਸਿਕ ਅਤੇ ਅਧਿਆਤਮਿਕ ਪੱਧਰ ਉੱਤੇ ਵਧੇਰੇ ਸੁਚੇਤ ਹੈ। ਮਨੁੱਖ ਚਾਹੇ ਤਾਂ ਅਧਿਆਤਮਿਕ ਜਗਤ ਵਿਚ ਘਾਲਣਾ ਘਾਲਕੇ ਆਪਣੇ ਮੂਲ ਨੂੰ ਪਛਾਨਣ ਦੀ ਸਮਰੱਥ ਹੋ ਸਕਦਾ ਹੈ। ਆਪਣੀ ਵਾਸਤਵਿਕਤਾ ਸੰਬੰਧੀ ਜਾਗਰੂਕ ਕਰਵਾਉਣ ਦਾ ਇਹ ਸੰਦੇਸ਼ ਸ਼ਬਦ-ਗੁਰੂ ਵੱਲੋਂ ਕੇਵਲ ਸਿੱਖ ਨੂੰ ਨਹੀਂ ਸਗੋਂ ਸਾਰੀ ਮਾਨਵ ਕੌਮ ਲਈ ਸਾਂਝਾ ਸੰਦੇਸ਼ ਹੈ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥(ਪੰਨਾ 441)
ਗੁਰਬਾਣੀ ਅੰਦਰ ਮਾਨਵ ਜਨਮ ਨੂੰ ਸਫਲ ਬਨਾਉਣ ਲਈ, ਮਾਨਵ ਦੀ ਮੰਜ਼ਿਲ ਅਰਥਾਤ ਨੂਰ ਅੰਦਰ ਨੂਰ ਹੋ ਕੇ ਸਮਾਉਣ ਲਈ ਨਾਮ ਸਿਮਰਨ ਉੱਤੇ ਅਦਿਕ ਬਲ ਦਿੱਤਾ ਗਿਆ ਹੈ। ਗੁਰਬਾਣੀ ਅਨੁਸਾਰ ਨਾਮ ਸਿਮਰਨ ਲਈ ਕਿਸੇ ਵੀ ਤਰ੍ਹਾਂ ਦੇ ਕਰਮਕਾਂਡ ਦੀ ਲੋੜ ਨਹੀਂ ਹੈ। ਨਾਮ ਸਿਮਰਨ ਲਈ ਕਿਸੇ ਨਿਸ਼ਚਿਤ ਸਮੇਂ ਦਾ ਕੋਈ ਵਿਧਾਨ ਨਹੀਂ ਹੈ। ਸਗੋਂ ਅੱਠੇ ਪਹਿਰ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ।

ਆਠ ਪਹਰ ਹਰਿ ਕਾ ਨਾਮੁ ਲੇਇ॥

ਸਚੁ ਉਪਦੇਸੁ ਸੇਵਕ ਕਉ ਦੇਇ॥ (ਪੰਨਾ 287)

ਊਠਤ ਬੈਠਤ ਸੋਵਤ ਧਿਆਈਐ॥
ਮਾਰਗਿ ਚਲਤ ਹਰੇ ਹਰਿ ਗਾਈਐ॥ (ਪੰਨਾ 386)
ਗੁਰੂ ਅਰਜਨ ਦੇਵ ਜੀ ਅਨੁਸਾਰ ਸਾਰੀ ਮਾਨਸ ਜਾਤ ਇਕੋ ਹੀ ਪਿਤਾ ਪਰਮਾਤਮਾ ਦੀ ਸੰਤਾਨ ਹੈ। ਆਪਣੇ ਇਨ੍ਹਾਂ ਵਿਚਾਰਾਂ ਨੂੰ ਗੁਰੂ ਜੀ ਨੇ ਰਾਗੁ ਸੋਰਠਿ ਅੰਦਰ ਇਸ ਤਰ੍ਹਾਂ ਬਿਆਨ ਕੀਤਾ ਹੈ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ॥ (ਪੰਨਾ 611)
ਗੁਰੂ ਅਰਜਨ ਦੇਵ ਜੀ ਅਨੁਸਾਰ ਵਰਨ-ਵੰਡ ਤੋਂ ਪੈਦਾ ਹੋਈਆਂ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਚਾਰੇ ਹੀ ਜਾਤਾਂ ਰੱਬੀ ਗਿਆਨ ਅੰਦਰ ਇੱਕੋ ਜਿਹੀਆਂ ਭਾਈਵਾਲ ਹਨ। ਸੋ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਆਮ ਲੋਕਾਈ ਦੀਆਂ ਦੁਬੰਧ ਭਰੀਆਂ ਨਜ਼ਰਾਂ ਵਿਚੋਂ ਭਰਮ ਨੂੰ ਕੱਢ ਕੇ ਏਕਤਾ ਦੇ ਅਹਿਸਾਸ ਵਿਚ ਸਮਾਉਣ ਦੀ ਵਿਚਾਰਧਾਰਾ ਨੂੰ ਬੜੀ ਸੁਹਜਤਾ ਨਾਲ ਪ੍ਰਸਤੁਤ ਕਰਦੀ ਹੈ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747)
ਮਾਨਵ ਦੀ ਤਰਸਯੋਗ ਹਾਲਤ ਉਦੋਂ ਹੁੰਦੀ ਹੈ ਜਦੋਂ ਪਦਾਰਥਵਾਦੀ ਖਿਆਲਾਂ ਕਾਰਨ ਉਸ ਦੀਆਂ ਨਜ਼ਰਾਂ ਇਸ ਏਕਤਾ ਨੂੰ ਦੇਖਣ ਤੋਂ ਚੂਕ ਜਾਂਦੀਆਂ ਹਨ। ਜਿਸ ਕਾਰਨ ਅੱਜ ਦੇ ਮਾਨਵ ਨੇ ਆਪਣੇ ਆਪ ਨੂੰ ਧਰਮ, ਊਚ-ਨੀਚ, ਜਾਤ-ਪਾਤ ਆਦਿ ਦੇ ਵਖਰੇਵੇਂ ਕਾਰਨ ਇੱਕ ਸੀਮਤ ਦਾਇਰੇ ਵਿਚ ਕੈਦ ਕਰ ਲਿਆ ਹੈ। ਜਦੋਂ ਕਿ ਮਾਨਵ ਮੂਲ ਰੂਪ ਵਿਚ ਹਰ ਦਮ ਆਪਣੀ ਮੰਜ਼ਿਲ ਨੂੰ ਪਾਉਣ ਲਈ ਹਰ ਵਖ਼ਤ ਆਜ਼ਾਦ ਹੈ, ਉਹ ਮੰਜ਼ਿਲ ਜੋ ਸਾਰੀ ਮਾਨਵ ਕੌਮ ਦੀ ਸਾਂਝੀ ਮੰਜ਼ਿਲ ਹੈ।
ਕਾਦਰ ਦੀ ਸਿਰਜੀ ਇਹ ਸ੍ਰਿਸ਼ਟੀ ਪਾਕ ਹੈ, ਇਸ ਸ੍ਰਿਸ਼ਟੀ ਦਾ ਹਰ ਜੀਵ ਪਾਕ ਹੈ। ਪਰਮਾਤਮਾ ਖੁਦ ਆਪਣੀ ਰਚਨਾ ਅੰਦਰ ਬਿਰਾਜਮਾਨ ਹੈ। ਗੁਰਬਾਣੀ ਅਨੁਸਾਰ ਇਨਸਾਨ ਨੂੰ ਖੁਦ ਦੀ ਪਛਾਣ ਕਰਨੀ ਚਾਹੀਦੀ ਹੈ ਤੇ ਉਚ ਗੁਣਾਂ ਦਾ ਧਾਰਨੀ ਬਣਨਾ ਚਾਹੀਦਾ ਹੈ। ਜਿਸ ਰੂਹ ਅੰਦਰ ਰੱਬੀ ਪ੍ਰੇਮ ਦਾ ਜਾਗ ਲੱਗ ਜਾਵੇ, ਉਸ ਰੂਹ ਨੂੰ ਪੂਰੀ ਕਾਇਨਾਤ ਅੰਦਰ ਕੇਵਲ ਰੱਬੀ ਨੂਰ ਹੀ ਝਲਕਦਾ ਨਜ਼ਰ ਆਉਂਦਾ ਹੈ। ਸਰਬ ਸਾਂਝੀਵਾਲਤਾ ਨੂੰ ਮਹਿਸੂਸ ਕਰਨਾ ਤੇ ਹਮੇਸ਼ਾਂ ਕਾਇਮ ਰੱਖਣਾ ਗੁਣੀ ਰੂਹਾਂ ਲਈ ਕੋਈ ਔਖਾ ਕਾਰਜ ਨਹੀਂ ਹੈ। ਮਾਨਵੀ ਏਕਤਾ ਦੇ ਸੰਕਲਪ ਨੂੰ ਲੈ ਕੇ ਜਿਸ ਸਮਾਜ ਦੀ ਬਾਣੀਕਾਰਾਂ ਨੇ ਕਲਪਨਾ ਕੀਤੀ, ਉਸ ਵਿਚ ਊਚ-ਨੀਚ ਦਾ ਕੋਈ ਸਥਾਨ ਨਹੀਂ ਹੈ।
ਨਾਨਕ ਉਤਮੁ ਨੀਚੁ ਨ ਕੋਇ॥ (ਪੰਨਾ 7)

(ਰਜਿੰਦਰ ਕੌਰ )

raj.inder9877@gmail.com
(ਰਿਸਰਚ ਸਕਾਲਰ,)
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।