ਦੇਸ਼ ਅੰਦਰ 700 ਮਿਲੀਅਨ ਲਿਟਰ ਤੋਂ ਵੀ ਜ਼ਿਆਦਾ ਤੇਲ ਦਾ ਭੰਡਾਰ

ਨਹੀਂ ਵਧਣਗੀਆਂ ਕੀਮਤਾਂ -ਜਿਮ ਚਾਮਰਜ਼

ਖ਼ਜ਼ਾਨਾ ਮੰਤਰੀ -ਜਿਮ ਚਾਮਰਜ਼ ਨੇ ਇੱਕ ਹੋਰ ਬਿਆਨ ਰਾਹੀਂ ਕਿਹਾ ਹੈ ਕਿ ਇਹ ਸੱਚ ਹੈ ਕਿ ਆਉਣ ਵਾਲੀ 28 ਸਤੰਬਰ ਰਾਤ ਦੇ 11:59 ਤੇ, ਬੀਤੇ 6 ਮਹੀਨੇ ਪਹਿਲਾਂ ਜੋ ਐਕਸਾਈਜ਼ ਡਿਊਟੀ ਵਿੱਚ ਆਰਜ਼ੀ ਤੌਰ ਤੇ ਕਮੀ ਕੀਤੀ ਗਈ ਸੀ, ਉਹ ਖ਼ਤਮ ਹੋ ਜਾਵੇਗੀ ਪਰੰਤੂ ਇਹ ਵੀ ਸੱਚ ਹੈ ਕਿ ਸਰਕਾਰ ਕੋਲ ਇਸ ਸਮੇਂ ਦੇਸ਼ ਅੰਦਰ 700 ਮਿਲੀਅਨ ਲਿਟਰ ਤੋਂ ਵੀ ਜ਼ਿਆਦਾ ਤੇਲ ਦਾ ਅਜਿਹਾ ਭੰਡਾਰ ਮੌਜੂਦ ਹੈ ਜੋ ਕਿ ਘੱਟ ਕੀਮਤਾਂ ਉਪਰ ਖਰੀਦਿਆ ਗਿਆ ਹੈ ਅਤੇ ਇਸ ਨੂੰ ਜਨਤਕ ਸੇਵਾਵਾਂ ਵਿੱਚ ਹੀ ਰਿਲੀਜ਼ ਕੀਤਾ ਜਾਵੇਗਾ ਅਤੇ ਇੱਕ ਦਮ ਕੋਈ ਵੀ ਕੀਮਤ ਵਿੱਚ ਇਜ਼ਾਫ਼ਾ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਅਫ਼ਵਾਹ ਇਹ ਚੱਲ ਰਹੀ ਹੈ ਕਿ ਮੋਰੀਸਨ ਸਰਕਾਰ ਵੱਲੋਂ ਲਾਗੂ ਕੀਤੀ ਗਈ ਉਕਤ ਨੀਤੀ ਦੇ ਖ਼ਤਮ ਹੋਣ ਸਾਰ ਹੀ 23 ਸੈਂਟਾਂ ਦਾ ਵਾਧਾ ਪੈਟਰੋਲ ਦੀਆਂ ਕੀਮਤਾਂ ਵਿੱਚ ਪ੍ਰਤੀ ਲਿਟਰ ਦੇ ਹਿਸਾਬ ਨਾਲ ਕੀਤਾ ਜਾਵੇਗਾ, ਜੋ ਕਿ ਸਰਾਸਰ ਗਲਤ ਹੈ ਅਤੇ ਰਾਤੋ ਰਾਤ ਅਜਿਹਾ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ।