ਪਿੰਡ, ਪੰਜਾਬ ਦੀ ਚਿੱਠੀ (109)

ਮਿਤੀ : 18-09-2022

ਪਿਆਰੇ, ਪੇਂਡੂ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ ਸਭ ਰਾਜੀ-ਖੁਸ਼ੀ ਹਾਂ, ਤੁਹਾਡੀ ਰਾਜੀ-ਖੁਸ਼ੀ ਪਰਮਾਤਮਾ ਪਾਸੋਂ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਸ਼ਿੰਗਾਰਾ ਸਿੰਘ ਭੁੱਲਰ ਕਿਆਂ ਨੇ ਸੌ ਕਿੱਲੇ ਦੇ ਮਾਲਕ ਬਣਨ ਦੀ ਖੁਸ਼ੀ ਵਿੱਚ ਅਖੰਡ-ਪਾਠ ਕਰਾਇਆ ਅਤੇ ਲੰਗਰ ਲਾਇਆ। ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਲਿਆਂ ਦੇ ਆਉਣ ਨਾਲ ਵਿਆਹ ਵਰਗਾ ਮਾਹੌਲ ਬਣ ਗਿਆ। ਮਗਰੋਂ ਕੁੜੀਆਂ ਨੇ ਗਿੱਧੇ ਵਿੱਚ ਬੋਲੀ ਪਾਈ, ‘ਸਾਡਾ ਫੁੱਫੜ ਜੀ, ਚਾਰ ਮੁਰੱਬਿਆਂ ਵਾਲਾ’। ਬਾਬੇ ਭੁੱਲਰ ਦੀਆਂ ਅੱਖਾਂ ਚਮਕ ਉੱਠੀਆਂ, ਜਦੋਂ ਪਿਛਲੇ ਦਿਨੀਂ ਉਹਦੇ ਪੋਤਿਆਂ ਨੇ ਰਜਿਸਟਰੀ ਵਿਖਾਉਂਦਿਆਂ ਕਿਹਾ, ”ਬਾਬਾ ਜੀ ਵਧਾਈਆਂ, ਆਪਾਂ ਸੌ ਕਿੱਲੇ ਆਲੇ ਹੋ ਗਏ ਹਾਂ।” ਲੈ ਬਈ, ਦਾਦੇ-ਪੋਤਿਆਂ ਪ੍ਰਣ ਪੂਰਾ ਕਰਦਿਆਂ ਘੁੱਟ-ਘੁੱਟ ਜੱਫ਼ੀਆਂ ਪਾਈਆਂ। ਕਹਾਣੀ ਲੰਮੀ ਆ। ਬਾਬੇ ਭੁੱਲਰ ਦੇ ਦਾਦੇ ਨੇ ਸੁਪਨਾ ਲਿਆ ਸੀ, ਸੌ ਕਿੱਲੇ ਦੇ ਮਾਲਕ ਬਣਨਾ ਹੈ, ਖ਼ੂਬ ਕਮਾਈ ਕੀਤੀ ਪਰ ਕਈ ਕੁੜੀਆਂ ਤੇ ਇੱਕੋ ਭੋਲਾ। ਕਰ ਕਰਾ ਕੇ ਸਤਾਰਾਂ ਤੋਂ ਪੱਚੀ ਹੀ ਬਣੇ। ਫਿਰ ਭੋਲਾ ਸਿੰਹੁ, ਸ਼ਿੰਗਾਰਾ ਸਿੰਹੁ ਦਾ ਪਿਓ ਲੱਗ ਪਿਆ। ਮਿੱਟੀ ਨਾਲ ਮਿੱਟੀ ਹੋ ਕੇ ਚਾਲੀਆਂ ਤੱਕ ਅੱਪੜਿਆ। ਖਵੀਆਂ ਖਾਂਦੇ ਸ਼ਿੰਗਾਰਾ ਸਿੰਹੁ ਨੇ ਇਕੱਲੇ ਮੁੰਡੇ ਨੂੰ ਰਲਾ, ਸਾਰੀ ਉਮਰ ਕਾਲਾ ਬਲਦ ਬਣ ਕੇ ਅੱਸੀਆਂ ਤੱਕ ਲਿਆਂਦੀ। ਪੋਤੇ ਆਖਣ, ”ਬਾਬਾ ਹੁਣ ਬਹੁਤ ਐ, ਸਾਨੂੰ ਸਰਪੰਚ, ਐਮ.ਐਲ.ਏ. ਬਨਣ ਦੇ!” ਬਾਬੇ ਦੀ ਜਿੱਦ! ਅਖੀਰ ਉਨ੍ਹਾਂ ਕਰ-ਕਰਾ ਪੂਰਾ ਸੌ ਕਰਤਾ। ”ਲੈ ਬਈ ਸ਼ੇਰੋ! ਹੁਣ ਜੋ ਮਰਜ਼ੀ ਬਣੋ ਪਰ ਪਾਠ ਤੇ ਲੰਗਰ ਜ਼ਰੂਰ ਕਰਾ ਦਿਓ। ਆਪਾਂ, ਪਿੰਡ ‘ਚ ਸੌ ਕਿੱਲੇ ਵਾਲੇ ਬਣ ਗੇ। ਵਾਹਿਗੁਰੂ ਤੇਰਾ ਸ਼ੁਕਰ ਹੈ।” ਬਾਬੇ ਨੇ ਜੋਰ ਇਕੱਠਾ ਕਰ, ਬੁਲਬਲੀ ਵੀ ਕੱਢੀ।
ਹੋਰ, ਬਾਈ ਭੂਰਾ, ਅਜੇ ਵੀ ਸੱਜੇ ਹੱਥ ਨਾਲ, ਬਾਂਹ ਮੋੜ ਕੇ ਢੂਈ ਪਿੱਛੇ, ਪੁੱਠੀ ਕਰਦ ਨਾਲ ਖ਼ੁਰਕ ਕਰਦਾ ਹੈ। ਮਿੱਠੂ ਰੋਜ ਆਥਣੇ, ਅੱਡੇ ਆਲੇ ਠੇਕੇ ਤੇ ਪਊਆ ਪੀ ਕੇ, ਉਂਗਲ ਨਾਲ ਲਾ ਕੇ ਲੂਣ ਚੱਟਦਾ ਹੈ। ਮਦਨ ਸਿੰਘ ਸਾਰੀ ਉਮਰ ਵਾਂਗ ਹੀ, ਚਿੱਟੇ ਲੀੜੇ ਪਾ ਕੇ ਮੋੜ ਉੱਤੇ ਬੈਠਦਾ ਹੈ, ਗੁਜ਼ਾਰਾ ਪਤਾ ਨੀਂ ਕਿਵੇਂ ਹੁੰਦਾ ਹੈ? ਗੁਲਵੀਰ ਫ਼ੌਜੀ, ਜਾਲੀ ਨਾਲ ਦਾਹੜੀ ਬੰਨ੍ਹ ਕੇ ਚਾਦਰੇ ਦਾ ਲੜ੍ਹ ਫੜ੍ਹ ਖੇਤ ਗੇੜ੍ਹਾ ਮਾਰਨ ਜਾਂਦਾ ਹੈ। ਮਲੇਰੀਏ ਵੀ ਗੇੜਾ ਦੇਈ ਜਾਂਦੇ ਐ ਵਿੱਚੇ। ਬੱਬੀ, ਬੱਲੂਰਾਜਾ ਅਤੇ ਬੰਤਾ ਕਾਇਮ ਹਨ। ਭੁਪਿੰਦਰ ਮਾਨ, ਉਵੇਂ ਹੀ ਟਿੱਚਰਾਂ ਕਰਦਾ ਹੈ।
ਸੱਚ, ਦਸੰਬਰ ‘ਚ ਵਿਆਹ ਬਹੁਤ ਐ ਐਤਕੀਂ, ਤੁਸੀਂ ਵੀ ਆ ਜਾਇਓ।
ਚੰਗਾ, ਆਰ ਨਾ ਪਾਰ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com