ਮੰਗਦੇ ਥੋੜਾ-ਮਿਲਦਾ ਜਿਆਦਾ -ਕਹਿੰਦੇ ਵਾਰ-ਵਾਰ ਕਿੱਥੇ ਆਉਣਗੇ

ਹੁਣੇ ਚੱਕ ਲਓ ਵਿਜ਼ਟਰ ਵੀਜੇ ਵਾਧੂ ਮਿਆਦ ਵਾਲੇ

ਅੱਜਕੱਲ੍ਹ ਕਈਆਂ ਦੇ ਜਲਦੀ ਜਲਦੀ ਵਿਜ਼ਟਰ ਵੀਜੇ ਵੀ ਲੱਗ ਰਹੇ ਹਨ ਅਤੇ ਕਈਆਂ ਨੂੰ ਉਡੀਕ ਵਾਲੀ ਤਾਰ ਉਤੇ ਸੁੱਕਣਾ ਵੀ ਪਾਇਆ ਹੋਇਆ ਹੈ । ਪਤਾ ਲੱਗਾ ਹੈ ਕਿ ਕਈ ਲੋਕਾਂ ਨੇ ਘੱਟ ਸਮੇਂ ਲਈ ਵੀਜ਼ਾ ਮੰਗਿਆ ਸੀ, ਪਰ ਇਮੀਗ੍ਰੇਸ਼ਨ ਵਾਲਿਆਂ ਨੇ ਲੰਬੀ ਮਿਆਦ ਵਾਲੇ ਵੀਜ਼ੇ ਲਾ ਕੇ ਝੱਟ ਦੇਣੀ ਜਹਾਜ਼ ਦੀਆਂ ਟਿਕਟਾਂ ਟਟੋਲਣ ਵੱਲ ਇਸ਼ਾਰਾ ਕਰ ਦਿੱਤਾ। ਹੋ ਸਕਦਾ ਇਹ ਸੋਚਿਆ ਹੋਵੇ ਕਿ ਇਹ ਵਾਰ-ਵਾਰ ਵੀਜ਼ੇ ਨਾ ਮੰਗਣ ਇਸ ਕਰਕੇ ਆਪਣੀ ਮਰਜ਼ੀ ਦੇ ਨਾਲ ਹੀ ਮਲਟੀ ਐਂਟਰੀ ਵਾਲੇ ਤੇ ਲੰਬੀ ਮਿਆਦ ਵਾਲੇ ਵੀਜ਼ੇ ਦੇ ਦਿੱਤੇ ਜਾਣ, ਉਹ ਵੀ ਤਿੰਨ-ਤਿੰਨ ਸਾਲਾਂ ਲਈ। ਇਸ ਫੈਸਲੇ ਤੋਂ ਬਾਅਦ ਕੁਝ ਲੋਕ ਜੋ ਇਕ ਕਦਮ ਅੱਗੇ ਤੱਕ ਸੋਚਦੇ ਹਨ, ਬਿਨਾਂ ਕਿਸੀ ਆਧੁਨਿਕ ਮਸ਼ੀਨ ਦੇ ਨਬਜ਼ ਵੇਖ ਕੇ ਰੋਗ ਦੱਸ ਦਿੰਦੇ ਹਨ, ਇਸ ਗੱਲ ਦਾ ਇਹ ਪ੍ਰਭਾਵ ਲੈ ਰਹੇ ਕਿ ਜਿਹੜੇ ਸਿਆਣੇ ਬੰਦਿਆਂ ਨੂੰ ਉਹ ਤਿੰਨ-ਤਿੰਨ ਸਾਲ ਦਾ ਵਿਜ਼ਟਰ ਵੀਜਾ ਦੇ ਰਹੇ ਹਨ, ਉਸ ਤੋਂ ਲਗਦਾ ਹੈ ਕਿ ਉਹ ਇਹ ਨਹੀਂ ਚਾਹੁੰਦੇ ਕਿ ਉਹ ਇਥੇ ਪੱਕੇ ਹੋ ਕੇ ਰਹਿਣ। ਸ਼ਾਇਦ ਉਹ ਚਾਹੁੰਦੇ ਹਨ ਕਿ ਬੱਸ ਆਉਂਦੇ ਜਾਂਦੇ ਰਹੋ..ਰੌਣਕਾਂ ਲੱਗੀਆਂ ਰਹਿਣ। ਕਾਰੋਬਾਰ ਚਲਦੇ ਰਹਿਣ। ਮਾਪਿਆਂ ਦੇ ਪੱਕੇ ਹੋਣ ਵਾਲੀ ਸ਼ੇ੍ਰਣੀ ਵਾਲੀ ਫਾਈਲ ਅਜੇ ਫਾਈਲ ਰੈਕ ਦੇ ਉਪਰਲੇ ਪਾਸੇ ਕਿਤੇ ਟਿਕਾਈ ਹੋਈ ਲਗਦੀ ਹੈ, ਜਿਸ ਨੂੰ ਚੁੱਕਣ ਲਈ ਅਜੇ ਕੋਈ ‘ਸਟੈਪ ਲੈਡਰ’ ਦਾ ਖੜਕਾ ਸੁਣਾਈ ਨਹੀਂ ਦਿੰਦਾ।  ਇਸ ਪਿੱਛੇ ਸਚਾਈ ਕੀ, ਹੈ….ਹਿਸਾਬ ਆਪਣਾ-ਆਪਣਾ।