ਆਸਟ੍ਰੇਲੀਆਈ ਮੂਲ ਨਿਵਾਸੀ ਬਜ਼ੁਰਗ ‘ਹਸਤੀ’ ਦਾ ਅਕਾਲ ਚਲਾਣਾ -ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਅਫ਼ਸੋਸ

“ਅੰਕਲ ਜੈਕ ਚਾਰਲਸ” -ਅਸਟ੍ਰੇਲੀਆ ਦੇ ਮੂਲ ਨਿਵਾਸੀ ਬਜ਼ੁਰਗ ਜੋ ਕਿ ਇੱਕ ਜਾਣੀ ਪਹਿਚਾਣੀ ਹਸਤੀ ਹੋਣ ਦੇ ਨਾਲ ਨਾਲ ਇੱਕ ਵਧੀਆ ਅਦਾਕਾਰ, ਕਲਾਕਾਰ, ਸੰਗੀਤਕਾਰ ਅਤੇ ਸਮਾਜ ਸੇਵਕ ਦੇ ਤੌਰ ਤੇ ਮਸ਼ਹੂਰ ਸਨ, 79 ਸਾਲਾਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਆਸਟ੍ਰੇਲੀਆਈ ਮੂਲ ਨਿਵਾਸੀਆਂ ਦੇ ਬੂਨ ਵੁਰਾਂਗ, ਜਾ ਜਾ ਵੂਰੂੰਗ, ਵੋਇਵੂਰੂੰਗ ਅਤੇ ਯੋਰਟਾ ਯੋਰਟਾ ਨਾਲ ਸਬੰਧਤ ਸਨ ਅਤੇ ਆਪਣੇ ਪਿੱਛੇ ਆਪਣੇ ਦੋਸਤਾਂ ਮਿੱਤਰਾਂ ਅਤੇ ਹਮਦਰਦਾਂ ਪਿਆਰਿਆਂ ਤੋਂ ਇਲਾਵਾ ਆਪਣਾ ਭਰਿਆ ਪੂਰਿਆ ਪਰਿਵਾਰ ਛੱਡ ਗਏ ਹਨ।
ਉਨ੍ਹਾਂ ਨੇ ਆਪਣੀ ਤਾਅ ਜ਼ਿੰਦਗੀ ਬਹੁਤ ਸਾਰੇ ਇਨਾਮ ਹਾਸਿਲ ਕੀਤੇ ਅਤੇ ਇਨ੍ਹਾਂ ਇਨਾਮਾਂ ਵਿੱਚ ‘ਨਾਇਡੋਕ ਮੇਲ ਐਲਡਰ ਆਫ਼ ਦਾ ਯਿਅਰ ਇਨਾਮ-2022’ ਵੀ ਸ਼ਾਮਿਲ ਹੈ।
ਉਨ੍ਹਾਂ ਨੇ 1970ਵਿਆਂ ਦੌਰਾਨ ਇੰਡੀਜੀਨਸ ਥਿਏਟਰ ਦੀ ਸ਼ੁਰੂਆਤ ਦੇ ਨਾਲ ਨਾਲ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਜਨਤਕ ਤੌਰ ਤੇ ਕਰਨਾ ਸ਼ੁਰੂ ਕੀਤਾ ਅਤੇ ਜਲਦੀ ਹੀ ਉਹ ਆਪਣੀ ਵਧੀਆ ਕਾਰਗੁਜ਼ਾਰੀ ਕਾਰਨ ਲੋਕਾਂ ਦੀ ਪਿਆਰ ਹਾਸਿਲ ਕਰਨ ਵਿੱਚ ਸਫ਼ਲ ਹੋ ਗਏ। ਉਨ੍ਹਾਂ ਨੇ ਆਪਣੀ ਅਦਾਕਾਰੀ ਦੌਰਾਨ, ਨੌਜਵਾਨ ਜੋ ਕਿ ਇੰਡੀਜੀਨਸ ਹੁੰਦੇ ਸਨ ਅਤੇ ਜੇਲ੍ਹਾਂ ਵਿੱਚ ਸਜ਼ਾਵਾਂ ਭੁਗਤਦੇ ਸਨ, ਦਾ ਦਰਦ ਲੋਕਾਂ ਤੱਕ ਪਹੁੰਚਾਇਆ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਟਵੀਟ ਰਾਹੀਂ, ਇਸ ਮਹਾਨ ਸ਼ਖ਼ਸੀਅਤ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਕਿਹਾ ਹੈ ਕਿ ਅੰਕਲ ਜੈਕ ਦੀ ਜ਼ਿੰਦਗੀ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆਈ ਸਮਾਜ ਨੂੰ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਹਮੇਸ਼ਾ ਇਸ ਸਮਾਜ ਵਿੱਚ ਆਪਣੀਆਂ ਕਾਰਗੁਜ਼ਾਰੀਆਂ ਕਾਰਨ ਜ਼ਿੰਦਾ ਰਹਿਣਗੇ।