ਵੈਨਕੂਵਰ ਵਿਚਾਰ ਮੰਚ ਵੱਲੋਂ ਨਛੱਤਰ ਗਿੱਲ ਦੇ ਦੋ ਨਾਵਲ ‘ਚੱਕ ਦੋ ਬਟਾ ਚਾਰ’ ਅਤੇ ‘ਲਾਜੋ’ ਰਿਲੀਜ਼

(ਸਰੀ)-ਵੈਨਕੂਵਰ ਵਿਚਾਰ ਮੰਚ ਵੱਲੋਂ ਸਾਊਥ ਸਰੀ ਵਿਖੇ ਪ੍ਰਸਿੱਧ ਨਾਵਲਕਾਰ ਨਛੱਤਰ ਗਿੱਲ ਦੇ ਦੋ ਨਾਵਲ ‘ਚੱਕ ਦੋ ਬਟਾ ਚਾਰ’ ਅਤੇ ‘ਲਾਜੋ’ ਰਿਲੀਜ਼ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੋਹਨ ਗਿੱਲ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਮੋਹਨ ਗਿੱਲ ਨੇ ਨਛੱਤਰ ਗਿੱਲ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕਾਲਜ ਪੜ੍ਹਦਿਆਂ ਹੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਪਰ ਆਪਣੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਦਾ ਕਾਰਜ 1994 ਵਿਚ ਕੈਨੇਡਾ ਆ ਜਾਣ ਉਪਰੰਤ ਹੀ ਹੋਇਆ। ਇਨ੍ਹਾਂ ਹਮੇਸ਼ਾ ਮਜ਼ਲੂਮਾਂ ਦੀ ਧਿਰ ਬਣ ਕੇ ਜਾਬਰ ਤਾਕਤਾਂ ਦਾ ਵਿਰੋਧ ਕੀਤਾ ਹੈ ਅਤੇ ਲੋਕ-ਪੱਖੀ ਸਾਹਿਤ ਦੀ ਰਚਨਾ ਕੀਤੀ ਹੈ। ਮੌਲਿਕ ਰਚਨਾਵਾਂ ਦੇ ਨਾਲ ਨਾਲ ਇਨ੍ਹਾਂ ਹੋਰਨਾਂ ਭਾਸ਼ਾਵਾਂ ਦੇ ਲੋਕ ਪੱਖੀ ਸਾਹਿਤ ਦਾ ਅਨੁਵਾਦ ਕਰਕੇ ਵੀ ਪੰਜਾਬੀ ਸਾਹਿਤ ਦੇ ਪਾਠਕਾਂ ਤੀਕ ਪੁਚਾਇਆ ਹੈ। ਅਧਿਆਪਨ ਸੇਵਾ ਦੌਰਾਨ ਟੀਚਰ ਯੂਨੀਅਨ ਵਿਚ ਵੀ ਸ. ਗਿੱਲ ਮੋਹਰੀ ਰੋਲ ਅਦਾ ਕਰਦੇ ਰਹੇ ਹਨ।

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਨਛੱਤਰ ਗਿੱਲ ਨਾਲ ਆਪਣੀ ਦੋਸਤੀ ਦੀ ਗੱਲ ਕਰਦਿਆਂ ਕਿਹਾ ਕਿ ਸਾਡਾ ਮੇਲਜੋਲ ਤਾਂ ਅਧਿਆਪਕ ਯੂਨੀਅਨ ਦੌਰਾਨ ਪੰਜਾਬ ਵਿਚ ਹੀ ਹੋ ਗਿਆ ਸੀ ਪਰ ਸਾਹਿਤਕ ਸਾਂਝ ਕੈਨੇਡਾ ਆ ਕੇ ਪਕੇਰੀ ਹੋਈ। ਉਨ੍ਹਾਂ ਕੈਨੇਡਾ ਵਿਚ ਮੁੱਢਲੇ ਦਿਨਾਂ ਦੌਰਾਨ ਨਛੱਤਰ ਗਿੱਲ ਵੱਲੋਂ ਕੀਤੀਆਂ ਖੇਤੀ ਕਾਮਿਆਂ ਦੀ ਯੂਨੀਅਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਸ. ਸੇਖਾ ਨੇ ਕਿਹਾ ਨਛੱਤਰ ਗਿੱਲ ਨੇ ਵੱਡੀ ਗਿਣਤੀ ਨਾਵਲ ਲਿਖੇ ਹਨ ਅਤੇ ਸਿਰਫ ਗਿਣਤੀ ਹੀ ਨਹੀਂ ਮਿਆਰੀ ਪੱਖੋਂ ਵੀ ਇਹ ਨਾਵਲ ਬੜੇ ਉੱਚਪਾਏ ਦੇ ਹਨ। ਹੁਣ ਤੱਕ 30 ਤੋਂ ਵੱਧ ਪੁਸਤਕਾਂ ਨਾਲ ਪੰਜਾਬੀ ਸਾਹਿਤ ਵਿਚ ਨਿੱਗਰ ਯੋਗਦਾਨ ਪਾ ਚੁੱਕੇ ਹਨ। ਅਨੁਵਾਦ ਕਰਨ ਦਾ ਵੀ ਸ਼ਲਾਘਾਯੋਗ ਕਾਰਜ ਵੀ ਇਨ੍ਹਾਂ ਕੀਤਾ ਹੈ।

ਅੰਗਰੇਜ਼ ਬਰਾੜ, ਪਰਮਜੀਤ ਗਿੱਲ ਅਤੇ ਠਾਣਾ ਸਿੰਘ ਨੇ ਨਛੱਤਰ ਗਿੱਲ ਨਾਲ ਆਪਣੀ ਪਰਿਵਾਰਕ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਅਨੁਸ਼ਾਸਨ ਉੱਪਰ ਦਿੱਤਾ ਹੈ ਅਤੇ ਆਪਣੇ ਅਸੂਲਾਂ ਨੂੰ ਕਾਇਮ ਰੱਖਿਆ ਹੈ। ਇਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਇਨਸਾਨ ਹਨ ਅਤੇ ਇਨ੍ਹਾਂ ਦੀਆਂ ਸਾਹਿਤਕ ਕਿਰਤਾਂ ਵਿਚ ਲੋਕ ਮਸਲਿਆਂ ਦੀ ਹੀ ਗਾਥਾ ਹੈ।

ਦੋਹਾਂ ਨਾਵਲਾਂ ਦੇ ਲੋਕ ਅਰਪਣ ਕਰਨ ਦੀ ਰਸਮ ਉਪਰੰਤ ਨਾਵਲਕਾਰ ਨਛੱਤਰ ਗਿੱਲ ਨੇ ਦੋਹਾਂ ਨਾਵਲਾਂ ਦੀ ਪਿੱਠਭੂਮੀ ਅਤੇ ਸੰਖੇਪ ਕਹਾਣੀ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਸ ਗੱਲ ਦੇ ਮੁਦਈ ਰਹੇ ਹਨ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਇਕਮਿਕ ਕਰਕੇ ਹੀ ਇਸ ਖਿੱਤੇ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਸਫਲਤਾ ਵੱਲ ਵਧਿਆ ਜਾ ਸਕਦਾ ਹੈ। ਉਨ੍ਹਾਂ ਆਪਣੇ ਨਵੇਂ ਲਿਖੇ ਜਾ ਰਹੇ ਨਾਵਲਾਂ ਅਤੇ ਅਨੁਵਾਦ ਕਾਰਜਾਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਅਤੇ ਵੈਨਕੂਵਰ ਵਿਚਾਰ ਮੰਚ ਵੱਲੋਂ ਰਚਾਏ ਇਸ ਪ੍ਰੋਗਰਾਮ ਲਈ ਮੰਚ ਮੈਂਬਰਾਂ ਦਾ ਧੰਨਵਾਦ ਕੀਤਾ।

ਜਰਨੈਲ ਸਿੰਘ ਆਰਟਿਸਟ, ਸ਼ਾਇਰ ਪਾਲ ਢਿੱਲੋਂ, ਹਰਦਮ ਮਾਨ, ਮਹਿੰਦਰ ਪਾਲ ਸਿੰਘ ਪਾਲ, ਕਾਮਰੇਡ ਨਵਰੂਪ ਸਿੰਘ ਅਤੇ ਛਿੰਦਾ ਢਿੱਲੋਂ ਨੇ ਨਛੱਤਰ ਗਿੱਲ ਨੂੰ ਇਨ੍ਹਾਂ ਨਾਵਲਾਂ ਲਈ ਮੁਬਾਰਕਬਾਦ ਦਿੱਤੀ। ਜਰਨੈਲ ਸਿੰਘ ਆਰਟਿਸਟ ਨੇ ਅੰਤ ਵਿਚ ਸਾਰਿਆਂ ਦਾ ਧੰਨਵਾਦ ਕੀਤਾ। ਹਾਜਰ ਲੇਖਕਾਂ, ਪਾਠਕਾਂ ਨੇ ਇਸ ਮੌਕੇ ਨਛੱਤਰ ਗਿੱਲ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।

(ਹਰਦਮ ਮਾਨ) +1 604 308 6663

maanbabushahi@gmail.com