ਟੈਸਮਨ ਸਮੁੰਦਰ ਦੇ ਖਰਾਬ ਮੌਸਮ ਵਿੱਚ ਫਸੇ ਦੋ ਨਾਵਿਕਾਂ ਨੂੰ ਬਚਾਇਆ

ਨਿਊ ਸਾਊਥ ਵੇਲਜ਼ ਪੁਲਿਸ ਨੇ ਸਮਾਂ ਰਹਿੰਦਿਆਂ ਬਚਾਉ ਅਭਿਆਨ ਕਰਦਿਆਂ, ਲੋਰਡ ਹੋਵੇ ਆਈਲੈਂਡ ਤੋਂ 300 ਕਿਲੋਮੀਟਰ ਦੂਰੀ ਤੇ ਟੈਸਮਨ ਸਮੁੰਦਰ ਦੀ ਪਾਣੀਆਂ ਵਿੱਚ ਫਸੀ ਇੱਕ ਮੋਟਰ ਬੋਟ ਦੇ ਦੋ ਯਾਤਰੀਆਂ ਨੂੰ ਬਚਾਇਆ ਅਤੇ ਸਹੀ ਸਲਾਮਤ ਕਿਨਾਰੇ ਤੇ ਲੈ ਕੇ ਆਏ।
ਬੀਤੇ ਸੋਮਵਾਰ ਨੂੰ ਇਹ ਨਾਵਿਕ, ਆਪਣੀ 14 ਮੀਟਰ ਦੀ ਮੋਟਰ ਬੋਟ ਰਾਹੀਂ ਸਮੁੰਦਰ ਦੇ ਪਾਣੀਆਂ ਵਿੱਚ ਯਾਤਰਾ ਕਰ ਰਹੇ ਸਨ ਤਾਂ ਅਚਾਨਕ ਮੌਸਮ ਖਰਾਬ ਹੋਣ ਕਾਰਨ ਇਨ੍ਹਾਂ ਦੀ ਯਾਚ ਸਮੁੰਦਰੀ ਲਹਿਰਾਂ ਵਿੱਚ ਫੱਸ ਗਈ ਤਾਂ ਇਨ੍ਹਾਂ ਨੇ ਆਪਾਤਕਾਲੀਨ ਸਿਗਨਲ ਦੇਣੇ ਸ਼ੁਰੂ ਕਰ ਦਿੱਤੇ ਸਨ।
ਨਿਊ ਸਾਊਥ ਵੇਲਜ਼ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ 70 ਸਾਲਾਂ ਦੇ ਬਜ਼ੁਰਗ ਅਤੇ ਉਸਦੇ ਨਾਵਿਕ ਸਾਥੀ ਨੂੰ ਬਚਾ ਲਿਆ।
ਇਸ ਬਚਾਉ ਅਭਿਆਨ ਦੌਰਾਨ ਮੈਲਬੋਰਨ ਤੋਂ ਇੱਕ ਬਚਾਉ ਦਲ ਦਾ ਏਅਰਕ੍ਰਾਫਟ ਅਤੇ ਰਾਇਲ ਆਸਟ੍ਰੇਲੀਆਈ ਏਅਰ ਫੋਰਸ ਦੇ ਜਹਾਜ਼ ਵੀ ਸ਼ਾਮਿਲ ਸਨ।
ਬਚਾਉ ਅਭਿਆਨ ਦੌਰਾਨ, ਰਾਹ ਵਿੱਚ ਆ ਰਹੇ ਦੋ ਵਪਾਰੀ ਸਮੁੰਦਰੀ ਜਹਾਜ਼ਾਂ ਨੂੰ ਵੀ ਆਪਣੇ ਰਾਹ ਬਦਲਣੇ ਪਏ ਅਤੇ ਉਨ੍ਹਾਂ ਨੂੰ ਮਦਦ ਵਾਸਤੇ ਸਟੈਂਡਬਾਇ ਰਹਿਣ ਲਈ ਵੀ ਕਿਹਾ ਗਿਆ ਸੀ।
ਯਾਚ ਵਿੱਚੋਂ ਬਚਾਏ ਗਏ ਯਾਤਰੀਆਂ ਨੂੰ ਹੁਣ ਲੋਰਡ ਹੋਵੇ ਆਈਲੈਂਡ ਤੋਂ ਸਿਡਨੀ ਲਿਆਂਦਾ ਜਾ ਰਿਹਾ ਹੈ।