‘000’ ਦੀ ਕਾਰਗੁਜ਼ਾਰੀ ਵਿੱਚ ਦੇਰੀ: 33 ਮੌਤਾਂ: ਡੇਨੀਅਲ ਐਂਡ੍ਰਿਊਜ਼ ਨੇ ਮੰਗੀ ਮੁਆਫ਼ੀ

ਜਦੋਂ ਅਸੀਂ ਸਰਕਾਰ ਚਲਾ ਰਹੇ ਹੁੰਦੇ ਹਾਂ ਤਾਂ ਇਹ ਜ਼ਾਹਿਰ ਹੀ ਹੁੰਦਾ ਹੈ ਕਿ ਰਾਜ ਵਿੱਚ ਚੱਲਣ ਵਾਲਾ ਹਰ ਇੱਕ ਅਦਾਰਾ ਜੋ ਕਿ ਜਨਤਕ ਸੇਵਾਵਾਂ ਲਈ ਹੈ, ਦੀ ਕਾਰਗੁਜ਼ਾਰੀ ਲਈ ਅਸੀਂ ਹੀ ਜ਼ਿੰਮੇਵਾਰ ਹੁੰਦੇ ਹਾਂ -ਫੇਰ ਕਾਰਗੁਜ਼ਾਰੀ ਭਾਵੇਂ ਵਧੀਆ ਹੋਵੇ ਅਤੇ ਜਾਂ ਫੇਰ ਮਾੜੀ।
ਇਸ ਦੀ ਮਿਸਾਲ ਪੇਸ਼ ਕਰਦਿਆਂ ਵਿਕਟੌਰੀਆ ਦੇ ਪ੍ਰੀਮੀਅਰ -ਡੇਨੀਅਲ ਐਂਡ੍ਰਿਊਜ਼ ਨੇ ਜਨਤਕ ਤੌਰ ਤੇ ਮੁਆਫ਼ੀ ਮੰਗਦਿਆਂ ਕਿਹਾ ਕਿ 000 ਜਨਤਕ ਸੇਵਾਵਾਂ ਦਾ ਅਦਾਰਾ ਹੈ ਅਤੇ 24 ਘੰਟੇ ਜਨਤਾ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ। ਇਸ ਅਦਾਰੇ ਦੀ ਜ਼ਿੰਮੇਵਾਰੀ, ਉਸ ਸਮੇਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਕਿਸੇ ਮਰੀਜ਼ ਜਾਂ ਮੁਸੀਬਤ ਵਿੱਚ ਫਸੇ ਹੋਏ ਵਿਅਕਤੀ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ ਅਤੇ ਇਸ ਸਮੇਂ ਜੇਕਰ ਅਦਾਰੇ ਵੱਲੋਂ ਸੇਵਾਵਾਂ ਵਿੱਚ ਢਿੱਲ ਦਿਖਾਈ ਜਾਂਦੀ ਹੈ ਜਾਂ ਦੇਰੀ ਕੀਤੀ ਜਾਂਦੀ ਹੈ, ਇਸ ਵਾਸਤੇ ਅਸੀਂ ਸਿੱਧੇ-ਜਾਂ ਅਸਿੱਧੇ ਤੌਰ ਤੇ ਹੀ ਜ਼ਿੰਮੇਵਾਰ ਹੁੰਦੇ ਹਾਂ।
ਦਰਅਸਲ, ਰਾਜ ਦੇ ਇੰਸਪੈਕਟਰ ਜਨਰਲ (ਆਪਾਤਕਾਲੀਨ ਸੇਵਾਵਾਂ) ਵੱਲੋਂ ਬੀਤੇ ਸ਼ਨਿਚਰਵਾਰ ਨੂੰ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿੱਚ ਦਰਸਾਇਆ ਗਿਆ ਹੈ ਕਿ ‘000’ ਵੱਲੋਂ ਸੇਵਾਵਾਂ ਵਿੱਚ ਦੇਰੀ ਕਾਰਨ 33 ਲੋਕਾਂ ਦੀ ਮੌਤ ਹੋਈ ਸੀ ਅਤੇ ਇਹ ਇੱਕ ਵੱਡਾ ਘਾਟਾ ਹੈ ਜਿਸਨੂੰ ਕਿ ਕਦੀ ਵੀ ਪੂਰਿਆ ਨਹੀਂ ਜਾ ਸਕਦਾ।
ਪ੍ਰੀਮੀਅਰ ਨੇ ਕਿਹਾ ਕਿ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ, ਪਰੰਤੂ ਸਾਡਾ ਫ਼ਰਜ਼ ਹੈ ਕਿ ਜਦੋਂ ਜਨਤਾ ਨੇ ਰਾਜ ਦੀ ਕਮਾਂਡ ਸਾਡੇ ਹੱਥਾਂ ਵਿੱਚ ਸੌਂਪੀ ਹੈ ਤਾਂ ਫੇਰ ਜਨਤਾ ਦੇ ਹਰ ਨੁਕਸਾਨ ਦੇ ਅਸੀਂ ਹੀ ਜ਼ਿੰਮੇਵਾਰ ਹਾਂ। ਇਸ ਘਾਟੇ ਨੂੰ ਕਦੀ ਵੀ ਪੂਰਿਆ ਨਹੀਂ ਜਾ ਸਕਦਾ ਪਰੰਤੂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਦੋਬਾਰਾ ਨਾ ਵਾਪਰੇ ਅਤੇ ਇਸ ਵਾਸਤੇ ਅਦਾਰੇ ਨੂੰ ਪੂਰੀ ਤਰ੍ਹਾਂ ਨਾਲ ਆਧੁਨਿਕ ਬਣਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ।