ਬੀ ਬੀ ਸੀ ਲੰਡਨ ਦਾ ਸੌ ਸਾਲ ਦਾ ਸਫ਼ਰ ਅਤੇ ਭਵਿੱਖ

ਬੀ ਬੀ ਸੀ ਦੀ ਸ਼ੁਰੂਆਤ 18 ਅਕਤੂਬਰ 1922 ਨੂੰ ਹੋਈ ਸੀ। ਉਦੋਂ ਇਸਦਾ ਨਾਂ ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਪਨੀ ਰੱਖਿਆ ਗਿਆ ਸੀ। ਪਹਿਲੀ ਜਨਵਰੀ 1927 ਨੂੰ ਇਸਨੂੰ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਵਜੋਂ ਜਾਣਿਆ ਜਾਣ ਲੱਗਾ। ਇਸਦਾ ਮੁੱਖ ਦਫ਼ਤਰ ਯੂਕੇ ਦੇ ਸ਼ਹਿਰ ਲੰਡਨ ਵਿਖੇ ਹੈ ਜਿਸਨੂੰ ਬ੍ਰਾਡਕਾਸਟਿੰਗ ਹਾਊਸ ਲੰਡਨ ਕਰਕੇ ਜਾਣਿਆ ਜਾਂਦਾ ਹੈ। ਇਸਦੇ ਰੇਡੀਓ, ਟੈਲੀਵਿਜ਼ਨ ਚੈਨਲਾਂ ਦਾ ਪ੍ਰਸਾਰਨ-ਘੇਰਾ ਪੂਰ ਦੁਨੀਆਂ ਹੈ। ਇਸਦੇ ਕਰਮਚਾਰੀਆਂ ਦੀ ਕੁੱਲ ਗਿਣਤੀ 22200 ਤੋਂ ਵੱਧ ਹੈ।

ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਕੌਮੀ ਪ੍ਰਸਾਰਨਕਰਤਾ ਹੈ। ਇਸਦਾ ਖਰਚਾ ਲੋਕਾਂ ਦੁਆਰਾ ਭਰੀ ਜਾਂਦੀ ਸਾਲਾਨਾ ਲਾਇਸੈਂਸ ਫ਼ੀਸ ਨਾਲ ਚੱਲਦਾ ਹੈ। ਇਸੇ ਕਰਕੇ ਇਸਨੂੰ ਲੋਕ ਪ੍ਰਸਾਰਨ ਸੇਵਾ ਦਾ ਨਾਂ ਦਿੱਤਾ ਗਿਆ ਹੈ। ਲਾਇਸੈਂਸ ਫ਼ੀਸ ਬ੍ਰਿਟਿਸ਼ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਹੈ।

ਬੀ ਬੀ ਸੀ ਦੀ ਵਰਲਡ ਸਰਵਿਸ ਦੁਨੀਆਂ ਦੀਆਂ 28 ਭਾਸ਼ਾਵਾਂ ਵਿਚ ਪ੍ਰੋਗਰਾਮ ਪ੍ਰਸਾਰਿਤ ਕਰਦੀ ਹੈ। ਪਰ ਜਿਸ ਤੇਜ਼ੀ ਨਾਲ ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਭਾਰਤ ਵਰਗੇ ਮੁਲਕਾਂ ਵਿਚ ਮੀਡੀਆ ਦਾ, ਸ਼ੋਸ਼ਲ ਮੀਡੀਆ ਦਾ ਪ੍ਰਚਾਰ ਪ੍ਰਸਾਰ ਹੋਇਆ ਹੈ ਉਸ ਨਾਲ ਲਗਾਤਾਰ ਬੀ ਬੀ ਸੀ ਦੇ ਮਹੱਤਵ ਅਤੇ ਦਰਸ਼ਕ-ਗਿਣਤੀ ਨੂੰ ਖੋਰਾ ਲੱਗਾ ਹੈ।

1923 ਤੋਂ 1926 ਦੌਰਾਨ ਕਈ ਉਤਰਾਅ ਚੜ੍ਹਾਅ ʼਚੋਂ ਲੰਘਦਿਆਂ ਇਸਨੇ ਇਕ ਨਿੱਜੀ ਕੰਪਨੀ ਤੋਂ ਲੋਕ ਸੇਵਾ ਕਾਰਪੋਰੇਸ਼ਨ ਤੱਕ ਦਾ ਸਫ਼ਰ ਤੈਅ ਕੀਤਾ। ਸ਼ੁਰੂਆਤੀ ਸਾਲਾਂ ਦੌਰਾਨ ਜਦ ਇਸਨੇ ਬੇੜੀ-ਦੌੜਾਂ, ਘੋੜਾ-ਦੌੜਾਂ ਟੈਨਿਸ, ਫੁੱਟਬਾਲ ਅਤੇ ਕ੍ਰਿਕਟ ਜਿਹੀਆਂ ਖੇਡਾਂ ਦੀ ਕਵਰੇਜ ਕੀਤੀ ਤਾਂ ਇਸਦੀ ਪ੍ਰਸਿੱਧੀ ਵਧਣ ਲੱਗੀ। ਇਸਨੇ ਸ਼ੁਰੂ ਤੋਂ ਹੀ ਸਥਾਨਕ ਦੀ ਬਜਾਏ ਕੌਮੀ ਸਰੋਤਿਆਂ ਦਰਸ਼ਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ। ਨਤੀਜੇ ਵਜੋਂ ਹੌਲੀ-ਹੌਲੀ ਇਸਦਾ ਪ੍ਰਸਾਰਨ-ਦਾਇਰਾ ਹੋਰ ਵੱਧਦਾ ਗਿਆ।

ਆਰੰਭ ਤੋਂ ਹੀ ਮਿਆਰ ਅਤੇ ਨਿਰਪੱਖਤਾ ਨੂੰ ਬਣਾਈ ਰੱਖਣ ʼਤੇ ਜ਼ੋਰ ਦਿੱਤਾ ਗਿਆ। ਸਿੱਧੇ ਜਾਂ ਅਸਿੱਧੇ ਤੌਰ ʼਤੇ ਨੁਕਸਾਨ ਪਹੁੰਚਾਉਣ ਵਾਲੀ ਵਿਸ਼ਾ-ਸਮੱਗਰੀ ਦਾ ਪ੍ਰਸਾਰਨ ਰੋਕ ਲਿਆ ਜਾਂਦਾ।

ਬੀ ਬੀ ਸੀ ਨੇ ਆਪਣੀ ਟੈਲੀਵਿਜ਼ਨ ਸੇਵਾ ਤਜਰਬੇ ਦੇ ਤੌਰ ʼਤੇ 1929 ਵਿਚ ਆਰੰਭ ਕੀਤੀ। ਇਸਨੂੰ 1934 ਵਿਚ ਰੋਜ਼ਾਨਾ ਕੀਤਾ ਗਿਆ ਅਤੇ 1936 ਦੇ ਅਖੀਰ ਵਿਚ ਬੀ ਬੀ ਸੀ ਟੈਲੀਵਿਜ਼ਨ ਸਰਵਿਸ ਦੀ ਬਕਾਇਦਾ ਸ਼ੁਰੂਆਤ ਕੀਤੀ ਗਈ।

ਜਿਵੇਂ-ਜਿਵੇਂ ਬੀ ਬੀ ਸੀ ਰੇਡੀਓ, ਟੈਲੀਵਿਜ਼ਨ ਚਰਚਿਤ ਹੁੰਦੇ ਗਏ ਤਿਵੇਂ-ਤਿਵੇਂ ਇਸਨੂੰ ਬਾਕੀ ਮੀਡੀਆ ਅਤੇ ਕਲਾਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਦੂਜੀ ਵਿਸ਼ਵ ਜੰਗ ਵੇਲੇ ਬੀ ਬੀ ਸੀ ਦੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ। ਨਤੀਜੇ ਵਜੋਂ 1939 ਤੋਂ 1946 ਦੌਰਾਨ ਟੀ.ਵੀ. ਪ੍ਰਸਾਰਨ ਬੰਦ ਰੱਖਿਆ ਗਿਆ। ਰੇਡੀਓ ਪ੍ਰਸਾਰਨ ਜਾਰੀ ਰੱਖਿਆ ਗਿਆ ਤਾਂ ਜੋ ਦੇਸ਼ ਵਾਸੀਆਂ ਦੇ ਹੌਂਸਲੇ ਨੂੰ ਬਣਾਈ ਰੱਖਿਆ ਜਾ ਸਕੇ। ਪਰੰਤੂ ਹਾਲਾਤ ਦੇ ਮੱਦੇ-ਨਜ਼ਰ ਸਟੂਡੀਓ ਲੰਡਨ ਤੋਂ ਬੈਡਫੋਰਡ ਬਦਲ ਦਿੱਤਾ ਗਿਆ। ਬੀ ਬੀ ਸੀ ਦਾ ਰੋਜ਼ਾਨਾ ਰੇਡੀਓ ਪ੍ਰਸਾਰਨ 1941 ਤੋਂ 1945 ਦੌਰਾਨ ਬੈਡਫੋਰਡ ਤੇ ਸਟੂਡੀਓ ਤੋਂ ਹੁੰਦਾ ਰਿਹਾ।

ਫਰਵਰੀ 1950 ਵਿਚ ਯੂਰਪੀਅਨ ਬ੍ਰਾਡਕਾਸਟਿੰਗ ਯੂਨੀਅਨ ਦਾ ਗਠਨ ਹੋਇਆ ਜਿਸ ਵਿਚ 23 ਪ੍ਰਸਾਰਨ ਜਥੇਬੰਦੀਆਂ ਸ਼ਾਮਲ ਸਨ। ਬੀ ਬੀ ਸੀ ਨੂੰ 1955 ਵਿਚ ਉਦੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਦ ਆਈ ਟੀ ਵੀ ਨੈਟਵਰਕ ਹੋਂਦ ਵਿਚ ਆਇਆ ਜਿਹੜਾ ਅਜ਼ਾਦਾਨਾ ਢੰਗ ਨਾਲ ਕੰਮ ਕਰਦਾ ਸੀ ਅਤੇ ਇਸ਼ਤਿਹਾਰਬਾਜ਼ੀ ਨੂੰ ਤਰਜੀਹ ਦਿੰਦਾ ਸੀ। ਫਿਰ ਜਦ 1973 ਵਿਚ ਯੂਕੇ ਦੀ ਨਿੱਜੀ ਪ੍ਰਸਾਰਨ ਸੰਸਥਾ ਆਈ ਬੀ ਏ ਨੇ ਯੂਕੇ ਦਾ ਪਹਿਲਾ ਰੇਡੀਓ ਸਟੇਸ਼ਨ ਸਥਾਪਿਤ ਕੀਤਾ ਤਾਂ ਬੀ ਬੀ ਸੀ ਦੇ ਏਕਾਧਿਕਾਰ ਨੂੰ ਵੱਡੀ ਸੱਟ ਵੱਜੀ। ਪਰੰਤੂ ਇਸਤੋਂ ਪਹਿਲਾਂ 1960-65 ਦਰਮਿਆਨ ਬੀ ਬੀ ਸੀ ਆਪਣੇ ਮਿਆਰੀ ਪ੍ਰਸਾਰਨ ਸਦਕਾ ਆਪਣੀ ਧਾਂਕ ਜਮ੍ਹਾਂ ਚੁੱਕਾ ਸੀ। ਨਤੀਜੇ ਵਜੋਂ ਇਸਦੇ ਟੈਲੀਵਿਜ਼ਨ ਚੈਨਲਾਂ ਦੀ ਗਿਣਤੀ ਵਧਾ ਦਿੱਤੀ ਗਈ ਅਤੇ ਇਸਨੂੰ ਤਰ੍ਹਾਂ-ਤਰ੍ਹਾਂ ਦੇ ਐਵਾਰਡ ਮਿਲਣ ਲੱਗੇ। ਜੁਲਾਈ 1967 ਤੋਂ ਇਨ੍ਹਾਂ ਦਾ ਪ੍ਰਸਾਰਨ ਰੰਗਦਾਰ ਕਰ ਦਿਤਾ ਗਿਆ। ਇਹ ਉਹ ਸਮਾਂ ਸੀ ਜਦੋਂ ਬੀ ਬੀ ਸੀ ਰੇਡੀਓ ਅਤੇ ਬੀ ਬੀ ਸੀ ਟੈਲੀਵਿਜ਼ਨ ਸੇਵਾਵਾਂ ਵਿਚ ਲਗਾਤਾਰ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਅਤੇ 1979 ਤੱਕ ਪਹੁੰਚਦਿਆਂ ਇਹ ਮੁਕੰਮਲ ਤੌਰ ʼਤੇ ਆਪਣੀ ਮਲਕੀਅਤ ਵਾਲੀ ਲਿਮਟਡ ਕੰਪਨੀ ਬਣ ਗਈ।

1980 ਤੋਂ ਇਸ਼ਤਿਹਾਰਬਾਜ਼ੀ ਖੇਤਰ ਵਿਚ ਬੀ ਬੀ ਸੀ ਨੂੰ ਹੋਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਨੌਬਤ ਇਥੋਂ ਤੱਕ ਪਹੁੰਚ ਗਈ ਕਿ ਸੰਸਥਾ ਦੇ ਕਈ ਹਿੱਸੇ ਵੇਚ ਦਿੱਤੇ ਗਏ। ਹਲਟਨ ਪ੍ਰੈਸ ਲਾਇਬਰੇਰੀ 1988 ਵਿਚ ਵੇਚੀ ਗਈ। ਰੇਡੀਓ ਤੇ ਟੈਲੀਵਿਜ਼ਨ ਦੀ ਪ੍ਰਬੰਧਕੀ ਟੀਮ ਨੂੰ 1987 ਵਿਚ ਇਕੱਠਾ ਕਰ ਦਿੱਤਾ ਗਿਆ। ਵਧੇਰੇ ਆਮਦਨ ਲਈ 1995 ਵਿਚ ਬੀ ਬੀ ਸੀ ਦਾ ਪੁਨਰਗਠਨ ਕਰਕੇ ਇਸਨੂੰ ਬੀ ਬੀ ਸੀ ਵਰਲਡਵਾਈਡ ਲਿਮਟਡ ਵਜੋਂ ਮੁੜ ਤੋਂ ਲਾਂਚ ਕੀਤਾ ਗਿਆ।

1990 ਤੋਂ ਬਾਅਦ ਰੇਡੀਓ ਅਤੇ ਟੈਲੀਵਿਜ਼ਨ ਦੇ ਕਈ ਵਿਸ਼ੇਸ਼ ਚੈਨਲ ਆਰੰਭ ਕੀਤੇ ਗਏ ਜਾਂ ਪਹਿਲਾਂ ਤੋਂ ਚਲ ਰਹੇ ਚੈਨਲਾਂ ਨੂੰ ਵਿਸ਼ੇਸ਼ ਦਾ ਰੂਪ ਦੇ ਦਿੱਤਾ ਗਿਆ। ਉਦਾਹਰਨ ਵਜੋਂ ਖੇਡ ਚੈਨਲ, ਸਿੱਖਿਆ ਚੈਨਲ, ਲਾਈਵ ਚੈਨਲ, ਨਿਊਜ਼ ਚੈਨਲ, ਮਨੋਰੰਜਨ ਚੈਨਲ, ਪਾਰਲੀਮੈਂਟੀ ਚੈਨਲ (ਬੀ ਬੀ ਸੀ ਪਾਰਲੀਮੈਂਟ), ਬੀ ਬੀ ਸੀ ਨੌਲਜ, ਮਲਟੀ ਮੀਡੀਆ ਚੈਨਲ, ਬੀ ਬੀ ਸੀ ਆਨਲਾਈਨ, ਬੀ ਬੀ ਸੀ ਮਿਊਜ਼ਿਕ, ਬੀ ਬੀ ਸੀ ਚੌਇਸ, ਬੀ ਬੀ ਸੀ ਅਲਬਾ, ਬੀ ਬੀ ਸੀ ਅਰਥ ਆਦਿ। ਇਹ ਸਿਲਸਿਲਾ 2010-11 ਤੱਕ ਲਗਾਤਾਰ ਚੱਲਦਾ ਰਿਹਾ।

ਇਸੇ ਦੌਰਾਨ ਬੀ ਬੀ ਸੀ ਨੇ ਆਪਣੇ ਵੱਧ ਰਹੇ ਖਿਲਾਰੇ ਨੂੰ ਘਟਾਉਣ ਲਈ ਆਪਣੀਆਂ ਬਹੁਤ ਸਾਰੀਆਂ ਸ਼ਾਖਾਵਾਂ ਨਿੱਜੀ ਕੰਪਨੀਆਂ ਨੂੰ ਵੇਚ ਦਿੱਤੀਆਂ। ਇਸੇ ਦੌਰਾਨ 2004 ਵਿਚ ਬੀ ਬੀ ਸੀ ਦੀ ਪੱਤਰਕਾਰੀ ਦੇ ਮਿਆਰ ਦੇ ਸਵਾਲ ʼਤੇ ਆਈ ਹਲਟਨ ਜਾਂਚ ਰਿਪੋਰਟ ਨਾਲ ਚੰਗਾ ਵਾਵੇਲਾ ਮੱਚਿਆ ਅਤੇ ਬਹੁਤ ਸਾਰੇ ਅਧਿਕਾਰੀਆਂ ਨੂੰ ਅਸਤੀਫ਼ੇ ਦੇਣੇ ਪਏ।

2007 ਦੇ ਅਖੀਰ ਵਿਚ ਇਕ ਸਮਾਂ ਉਹ ਵੀ ਆਇਆ ਜਦ ਬੀ ਬੀ ਸੀ ਦੇ ਡਾਇਰੈਕਟਰ ਜਨਰਲ ਮਾਰਕ ਥੌਂਪਸਨ ਨੇ ਬੜੀ ਵਿਵਾਦਤ ਯੋਜਨਾ ਦੀ ਘੋਸ਼ਨਾ ਕੀਤੀ। ਇਸ ਯੋਜਨਾ ਦਾ ਮਨੋਰਥ ਵੱਡੀਆਂ ਕਟੌਤੀਆਂ ਕਰਕੇ ਬੀ ਬੀ ਸੀ ਸੰਸਥਾ ਦਾ ਆਕਾਰ ਛੋਟਾ ਕਰਨਾ ਸੀ। ਕਰਮਚਾਰੀਆਂ ਦੀ ਯੂਨੀਅਨ ਵੱਲੋਂ ਇਸਦਾ ਤਿੱਖਾ ਵਿਰੋਧ ਕੀਤਾ ਗਿਆ। ਪਰੰਤੂ ਇਸ ਯੋਜਨਾ ਨੂੰ ਇਹ ਕਹਿ ਕੇ ਲਾਗੂ ਕਰ ਦਿੱਤਾ ਗਿਆ ਕਿ ਬੀ ਬੀ ਸੀ ਨੂੰ ਅੱਗੇ ਲੈ ਜਾਣ ਅਤੇ ਮਿਆਰ ਨੂੰ ਬਰਕਰਾਰ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।

ਇਸੇ ਦੌਰਾਨ ਲਾਇਸੈਂਸ ਫੀਸ ਅਤੇ ਬੀ ਬੀ ਸੀ ਨੂੰ ਚਲਾਉਣ ਲਈ ਵਿੱਤੀ ਵਿਉਂਤਬੰਦੀ ਸਬੰਧੀ ਵੀ ਵਿਚਾਰ-ਚਰਚਾ ਚਲਦੀ ਰਹੀ। ਇਸੇ ਤਹਿਤ 2011 ਤੋਂ 2016 ਦੌਰਾਨ ਖਰਚੇ ਘਟਾਉਣ ਲਈ ਕਈ ਕਦਮ ਚੁੱਕੇ ਗਏ। ਕਰਮਚਾਰੀਆਂ ਦੀ ਛਾਂਟੀ ਕਰਨ ਦੇ ਨਾਲ-ਨਾਲ ਬਹੁਤ ਸਾਰੇ ਮੁਲਾਜ਼ਮਾਂ ਨੂੰ ਲੰਡਨ ਤੋਂ ਬਾਹਰ ਹੋਰਨਾਂ ਸ਼ਹਿਰਾਂ ਵਿਚ ਭੇਜਿਆ ਗਿਆ। ਕਈ ਚੈਨਲ ਬੰਦ ਕੀਤੇ ਗਏ ਅਤੇ ਕਈਆਂ ਦਾ ਅਦਲ ਬਦਲ ਕੀਤਾ ਗਿਆ।

ਦੁਨੀਆਂ ਭਰ ਦੇ ਦਰਸ਼ਕ ਬੀ ਬੀ ਸੀ ਦੇ ਖਰਚਿਆਂ ਅਤੇ ਆਮਦਨ ਸਬੰਧੀ ਕਿਆਸ ਅਰਾਈਆਂ ਕਰਦੇ ਰਹਿੰਦੇ ਹਨ। 2018-19 ਦੀ ਸਲਾਨਾ ਰਿਪੋਰਟ ਵਿਚ ਬੀ ਬੀ ਸੀ ਨੇ ਦੱਸਿਆ ਕਿ ਇਸਦੀ ਕੁਲ ਆਮਦਨ 4889 ਬਿਲੀਅਨ ਪੌਂਡ ਰਹੀ ਹੈ। ਜਿਹੜੀ 2017-18 ਵਿਚ 5062 ਬਿਲੀਅਨ ਪੌਂਡ ਸੀ। ਸਾਲ 2018-19 ਦੀ ਆਮਦਨ ਵਿਚ 3690 ਬਿਲੀਅਨ ਪੌਂਡ ਲੋਕਾਂ ਦੁਆਰਾ ਭਰੀ ਲਾਇਸੈਂਸ ਫੀਸ ਤੋਂ ਇਕੱਤਰ ਹੋਏ ਸਨ ਅਤੇ 1199 ਬਿਲੀਅਨ ਪੌਂਡ ਇਸ਼ਤਿਹਾਰਬਾਜ਼ੀ ਅਤੇ ਪ੍ਰੋਗਰਾਮ ਸਲੌਟ ਵੇਚਣ ਤੋਂ ਮਿਲੇ ਸਨ।

ਬੀ ਬੀ ਸੀ ਅਤੇ ਸਰਕਾਰ ਨੂੰ ਲਾਇਸੈਂਸ ਫੀਸ ਦੇ ਹੋ ਰਹੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜੋਕੇ ਸਮਿਆਂ ਵਿਚ ਜਦੋਂ ਸ਼ੋਸ਼ਲ ਮੀਡੀਆ ਦਾ ਬੋਲਬਾਲਾ ਹੈ ਅਤੇ ਸੈਂਕੜੇ ਚੈਨਲ ਉਪਲਬਧ ਹਨ ਤਾਂ ਟੀ.ਵੀ. ਸੈਟ ਲਈ ਲਾਇਸੈਂਸ ਫੀਸ ਦੀ ਕੋਈ ਤੁਕ ਨਹੀਂ ਬਣਦੀ ਹੈ। ਇਸ ਮਾਮਲੇ ਸਬੰਧੀ ਸਰਕਾਰ ਕਾਫ਼ੀ ਦਬਾਅ ਹੇਠ ਹੈ। ਲਗਾਤਾਰ ਆਲੋਚਨਾ ਹੋ ਰਹੀ ਹੈ। ਹਰੇਕ ਸਾਲ ਇਕ ਟੀ.ਵੀ. ਸੈਟ ਲਈ 159 ਪੌਂਡ (16000 ਰੁਪਏ) ਦੇਣੇ ਹੁੰਦੇ ਹਨ।

ਓਧਰ ਲਾਇਸੈਂਸ ਫ਼ੀਸ ਉਗਰਾਹੁਣ ਲਈ ਸਮੇਂ-ਸਮੇਂ ਸਰਕਾਰਾਂ ਵੱਲੋਂ ਪ੍ਰਚਾਰ ਮੁਹਿੰਮ ਚਲਾਈ ਜਾਂਦੀ ਹੈ। ਅਜਿਹੀ ਹੀ ਇਕ ਪ੍ਰਚਾਰ ਮੁਹਿੰਮ ਦਾ ਮੌਜੂਦਾ ਪ੍ਰਧਾਨ ਮੰਤਰੀ ਨੇ ਉਦੋਂ ਵਿਰੋਧ ਕੀਤਾ ਸੀ ਜਦੋਂ ਉਹ ਵਿਰੋਧੀ ਧਿਰ ਦੇ ਐਮ ਪੀ ਸਨ। ਇਹ ਨਹੀਂ ਬੀ ਬੀ ਸੀ ਦਾ ਆਰੰਭ ਤੋਂ ਹੀ ਵਿਵਾਦਾਂ ਨਾਲ ਨੇੜੇ ਦਾ ਨਾਤਾ ਰਿਹਾ ਹੈ। ਚਾਹੇ ਧਾਰਮਿਕ ਮੁੱਦੇ ਹੋਣ, ਰਾਜਨੀਤੀ ਹੋਵੇ, ਇਰਾਕ ਯੁੱਧ ਜਾਂ ਐਥਿਕਸ ਦਾ ਸਵਾਲ ਹੋਵੇ। ਅਨੇਕਾਂ ਵਾਰ ਕਈ ਪ੍ਰੋਗਰਾਮ ਅਤੇ ਕਈ ਨਿਊਜ਼ ਸਟੋਰੀ ਵਿਵਾਦ ਦਾ ਵਿਸ਼ਾ ਬਣੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਆਰਥਿਕ ਦਸ਼ਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਸ਼ਕਾਇਤਾਂ ਹੀ ਹੁਣ ਬੀ ਬੀ ਸੀ ਦਾ ਭਵਿੱਖ ਨਿਰਧਾਰਤ ਕਰਨਗੀਆਂ।

ਬੀ ਬੀ ਸੀ ਦਾ ਇੰਗਲੈਂਡ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਪ੍ਰਤੀ ਵੀ ਵੱਖ-ਵੱਖ ਰੁਖ਼ ਹੈ। ਇਸੇ ਤਰ੍ਹਾਂ ਸਿਆਸੀ ਪਾਰਟੀਆਂ ਦਾ ਇਸ ਮੀਡੀਆ ਅਦਾਰੇ ਪ੍ਰਤੀ ਨਜ਼ਰੀਆ ਵੀ ਅਲੱਗ-ਅਲੱਗ ਹੈ। ਬੀ ਬੀ ਸੀ ਦੇ ਕਈ ਅਧਿਕਾਰੀਆਂ ਤੇ ਐਂਕਰਾਂ ਦਾ ਕਹਿਣਾ ਹੈ ਕਿ ਇਹ ਨਾ ਤਾਂ ਨਿਰਪੱਖ ਹੈ ਨਾ ਸੰਤੁਲਿਤ ਹੈ। ਇਹ ਉਲਾਰ ਵੀ ਹੈ ਪੱਖਪਾਤੀ ਵੀ ਹੈ। ਬ੍ਰੈਗਜ਼ਿਟ ʼਤੇ ਵੀ ਇਸਦੀ ਅਲੱਗ ਰਾਏ ਰਹੀ ਹੈ।

ਫਰਵਰੀ 2021 ਵਿਚ ਚੀਨ ਨੇ ਇਹ ਕਹਿੰਦਿਆਂ ਬੀ ਬੀ ਸੀ ਵਰਲਡ ਨਿਊਜ਼ ʼਤੇ ਪਾਬੰਦੀ ਲਗਾ ਦਿੱਤੀ ਸੀ ਕਿ ਇਹ ਚੀਨ ਦੇ ਕੌਮੀ ਹਿੱਤਾਂ ਲਈ ਨੁਕਸਾਨਦਾਇਕ ਹੈ।

ʻਦਾ ਗਾਰਡੀਅਨʼ ਅਖ਼ਬਾਰ ਦੇ ਯੂਕੇ ਅਡੀਸ਼ਨ ਵਿਚ ਬੀਤੇ ਦਿਨੀਂ ਬੀ ਬੀ ਸੀ ਦੇ ਭਵਿੱਖ ਸਬੰਧੀ ਇਕ ਆਰਟੀਕਲ ਪ੍ਰਕਾਸ਼ਿਤ ਹੋਇਆ। ਉਸ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਕਿ ਖ਼ਬਰਾਂ ਦੇ ਮਾਮਲੇ ਵਿਚ ਬੀ ਬੀ ਸੀ ਨੂੰ ਵਧੇਰੇ ਬੋਲਡ ਹੋਣ ਦੀ ਲੋੜ ਹੈ ਅਤੇ ਦਰਸ਼ਕਾਂ ਸਰੋਤਿਆਂ ਦੀਆਂ ਉਮੀਦਾਂ ਉਮੰਗਾਂ ਅਨੁਸਾਰ ਆਪਣੇ ਪ੍ਰੋਗਰਾਮ ਢਾਲਣੇ ਚਾਹੀਦੇ ਹਨ। ਇਹ ਵੀ ਕਿਹਾ ਗਿਆ ਕਿ ਇਸਨੂੰ ਬਚਾਈ ਰੱਖਣ ਲਈ ਪਬਲਿਕ ਫੰਡਿੰਗ ਜ਼ਰੂਰੀ ਹੈ। ਲਾਇਸੈਂਸ ਫ਼ੀਸ ਨੂੰ ਲਾਹੇਵੰਦ ਦੱਸਿਆ ਗਿਆ।

ਬੀ ਬੀ ਸੀ ਦੇ ਮੌਜੂਦਾ ਆਰਥਿਕ ਮਾਡਲ ਨੂੰ 1927 ਤੱਕ ਸੁਰੱਖਿਅਤ ਕੀਤਾ ਗਿਆ ਹੈ। ਨੇੜ-ਭਵਿੱਖ ਵਿੱਚ ਕੋਈ ਵੀ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਸਮਝਿਆ ਜਾ ਰਿਹਾ ਹੈ ਕਿ ਲਾਇਸੈਂਸ ਫ਼ੀਸ ਜਾਰੀ ਰਹੇਗੀ।

ਆਰਟੀਕਲ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਬੀ ਬੀ ਸੀ ਨੂੰ ਨੌਜਵਾਨਾਂ ਨਾਲ ਜੋੜਨ ਦੇ ਰਸਤੇ ਤਲਾਸ਼ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ 10-15 ਸਾਲ ਸਰੋਤਿਆਂ-ਦਰਸ਼ਕਾਂ ਦੀ ਸੰਖਿਆ ਬਣੀ ਰਹੇ।

(ਪ੍ਰੋ. ਕੁਲਬੀਰ ਸਿੰਘ) +91 9417153513