ਕੈਥਲਿਕ ਚਰਚ ਦਾ ਅਪਮਾਨ ਭਾਈਚਾਰਕ ਏਕਤਾ ਤੇ ਅਖੰਡਤਾ ਨੂੰ ਚੁਣੌਤੀ: ਸ਼ੁਭ ਕਰਮਨ ਸੁਸਾਇਟੀ

ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਦੇ ਸਰਪ੍ਰਸਤ ਰਸ਼ਪਾਲ ਸਿੰਘ, ਸਕੱਤਰ ਡਾ: ਪਰਮਿੰਦਰ ਸਿੰਘ ਅਤੇ ਕਾਰਜਕਾਰੀ ਮੈਂਬਰ ਪ੍ਰਿੰ: ਗੁਰਦੇਵ ਸਿੰਘ ਬੈਂਚਾਂ ਨੇ ਪੱਟੀ ਦੇ ਪਿੰਡ ਠੱਕਰਪੁਰਾ ਨੇੜੇ ਕੈਥਲਿਕ ਚਰਚ ਵਿਚ ਮਾਤਾ ਮਰੀਅਮ ਅਤੇ ਪ੍ਰਭੂ ਯਿਸੂ ਮਸੀਹ ਦੀਆਂ ਮੂਰਤੀਆਂ ਦੀ ਭੰਨਤੋੜ ਕਰਨ ਦੀ ਅਤੇ ਪਾਦਰੀ ਦੀ ਕਾਰ ਨੂੰ ਅੱਗ ਲਗਾਉਣ ਦੀ ਸ਼ਰਮਨਾਕ ਘਟਨਾ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅਜਿਹੀਆਂ ਸਾਜਿਸ਼ੀ ਕਾਰਵਾਈਆਂ ਸਮਾਜ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹਨ ਅਤੇ ਸਭ ਧਰਮਾਂ ਲਈ ਚੁਣੌਤੀ ਹਨ।
ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਹਰ ਧਰਮ ਨੂੰ ਆਪਣਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਅਧਿਕਾਰ ਦਿੰਦਾ ਹੈ, ਪਰ ਕਿਸੇ ਧਰਮ ਵਿਚ ਕੀਤੀ ਜਾਂਦੀ ਦਖ਼ਲਅੰਦਾਜ਼ੀ ਅਧਾਰਮਿਕ ਪਹੁੰਚ ਹੈ। ਜਬਰੀ ਧਰਮ ਪਰਿਵਰਤਨ ਅਤੇ ਸਾਜਿਸ਼ੀ ਧਰਮ ਪਰਿਵਰਤਨ ਦਾ ਵਰਤਾਰਾ ਜਿੱਥੇ ਸਮਾਜ ਅੰਦਰ ਕੜੱਤਣ ਪੈਦਾ ਕਰਦਾ ਹੈ, ਉੱਥੇ ਧਰਮ ਦੇ ਸੱਚੇ-ਸੁੱਚੇ ਕਿਰਦਾਰ ਨੂੰ ਵੀ ਕਲੰਕਿਤ ਕਰਦਾ ਹੈ। ਜਿਸ ਲਈ ਆਪਣੇ ਦਾਇਰੇ ਵਿਚ ਰਹਿ ਕੇ ਪਰਸਪਰ ਪਿਆਰ ਦਾ ਫਰਜ਼ ਅਦਾ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਧਰਮ ਪ੍ਰਤੀ ਤ੍ਰਿਸਕਾਰ ਪੈਦਾ ਕਰਨ ਦੇ ਤਰੀਕਾਕਾਰ ਨੂੰ ਕੋਈ ਥਾਂ ਨਹੀਂ ਦੇਣਾ ਚਾਹੀਦਾ।
ਸ਼ੁਭ ਕਰਮਨ ਸੁਸਾਇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਜੇਕਰ ਧਰਮ ਪ੍ਰਚਾਰ-ਪ੍ਰਸਾਰ ਕਰਨਾ ਹੋਵੇ ਤਾਂ ਇਹ ਵੀ ਸਾਵਧਾਨੀ ਵਰਤੀ ਜਾਵੇ ਕਿ ਪੰਜਾਬ ਅੰਦਰ ਕਦੇ ਦਲਿਤ-ਜੱਟ ਵਿਵਾਦ ਅਤੇ ਕਦੇ ਇਸਾਈ-ਸਿੱਖ ਵਿਵਾਦ ਖੜ੍ਹੇ ਕਰਨ ਪਿੱਛੇ ਕੌਣ ਹਨ ਅਤੇ ਇਸ ਦਾ ਲਾਭ ਕੌਣ ਲੈਣਾ ਚਾਹੁੰਦੇ ਹਨ। ਨਫ਼ਰਤ ਫੈਲਾਉਣ ਵਾਲੇ ਲੋਕਾਂ ਦੀ ਮਨਸ਼ਾ ਨੂੰ ਸਮਝਣਾ ਸਮੇਂ ਦੀ ਮੰਗ ਹੈ।
ਸਿਰਮੌਰ ਸੰਸਥਾਵਾਂ ਅਤੇ ਜਥੇਦਾਰ ਸਾਹਿਬਾਨ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੋਈ ਵੀ ਬਿਆਨ ਜਾਂ ਐਲਾਨ ਤੋਂ ਪਹਿਲਾਂ ਯਕੀਨੀ ਬਣਾਉਣ ਕਿ ਸਿੱਖ-ਪੰਥ ਕਿਸੇ ਸਾਜਿਸ਼ ਦਾ ਹਿੱਸਾ ਨਾ ਬਣਦਾ ਹੋਵੇ ਅਤੇ ਨਾ ਹੀ ਵਿਸ਼ਵ ਵਿਚ ਵਸਦਿਆਂ ਕਿਸੇ ਸੰਕਟ ਵਿਚ ਘਿਰਦਾ ਹੋਵੇ।ਸਿੱਖ ਧਰਮ ਦਾ ਇਹ ਨਿਆਰਾਪਨ ਤੇ ਨਿਰਾਲਾਪਨ ਹੈ ਕਿ ਉਹ ਸਭ ਧਰਮਾਂ ਦੇ ਸਭ ਪੂਜਾ ਢੰਗਾਂ ਤੇ ਚਿੰਨ੍ਹਾਂ ਨੂੰ ਮਾਨਤਾ ਨਹੀਂ ਦਿੰਦਾ ਪਰ ਕਿਸੇ ਦਾ ਅਪਮਾਨ ਕਰਨ ਦੀ ਆਗਿਆ ਵੀ ਨਹੀਂ ਦਿੰਦਾ। ਇਨਸਾਨੀਅਤ ਦੀ ਰਾਖੀ ਲਈ ਕੁਰਬਾਨ ਹੋ ਜਾਣ ਦਾ ਸੰਦੇਸ਼ ਹੀ ਨਹੀਂ ਦਿੰਦਾ ਬਲਕਿ ਅਮਲ ਨੂੰ ਪਹਿਲ ਦਿੰਦਾ ਹੈ, ਜਿਸ ਦਾ ਪ੍ਰਤੱਖ ਸਬੂਤ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਚਾਂਦਨੀ ਚੌਂਕ ਦਿੱਲੀ ਵਿਚ ਸ਼ਹੀਦੀ ਦੇਣਾ ਹੈ।