ਆਮ ਆਦਮੀ ਕਲੀਨਿਕ ਪਿੰਡ ਬਸਿਆਲਾ -ਪਹਿਲੇ ਦੋ ਹਫਤਿਆਂ ’ਚ 639 ਮਰੀਜ਼ਾਂ ਦਾ ਹੋਇਆ ਚੈਕਅਪ-ਮਿਲੀਆਂ ਫ੍ਰੀ ਦਵਾਈਆਂ

254 ਪੁਰਸ਼ ਅਤੇ 385 ਮਹਿਲਾਵਾਂ ਪਹੁੰਚੀਆਂ ਕਲੀਨਿਕ ’ਚ

(ਔਕਲੈਂਡ): ਪਿੰਡ ਬਸਿਆਲਾ ਜਿੱਥੇ 15 ਅਗਸਤ ਆਜ਼ਾਦੀ ਦਿਵਸ ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਸਵ. ਸ. ਕਰਤਾਰ ਸਿੰਘ ਚੰਡੀਗੜ੍ਹ ਵਾਲਿਆਂ ਦੀ ਯਾਦ ਵਿਚ ‘ਆਮ ਆਦਮੀ ਕਲੀਨਿਕ’ ਖੋਲ੍ਹਿਆ ਗਿਆ ਸੀ, ਹੌਲੀ-ਹੌਲੀ ਰਫਤਾਰ ਫੜ ਗਿਆ ਹੈ। ਇਥੇ ਹੁਣ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਫ੍ਰੀ ਡਾਕਟਰੀ ਚੈਕਅੱਪ ਵਾਸਤੇ ਆ ਰਹੇ ਹਨ ਅਤੇ ਫ੍ਰੀ ਦਵਾਈਆਂ ਦਾ ਫਾਇਦਾ ਉਠਾ ਕੇ ਸਿਹਤਯਾਬੀ ਵੱਲ ਵਧ ਰਹੇ ਹਨ। ਕਲੀਨਿਕ ਦੇ ਡਾਕਟਰ ਸ੍ਰੀ  ਨਰਿੰਦਰ ਕੁਮਾਰ ਅਨੁਸਾਰ 15 ਅਗਸਤ ਤੋਂ 31 ਅਗਸਤ ਤੱਕ ਮਿਲੇ ਵੇਰਵੇ ਅਨੁਸਾਰ ਇਥੇ ਹੁਣ ਤੱਕ 639 ਲੋਕ ਫ੍ਰੀ ਡਾਕਟਰੀ ਸਲਾਹ ਦਾ ਫਾਇਦਾ ਲੈ ਚੁੱਕੇ ਹਨ ਅਤੇ ਦਵਾਈਆਂ ਵੀ ਫ੍ਰੀ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਵਿਚ 254 ਪੁਰਸ਼ ਅਤੇ 385 ਮਹਿਲਾਵਾਂ ਸ਼ਾਮਿਲ ਹਨ, ਜਿਨ੍ਹਾਂ ਨੇ ਕਲੀਨਿਕ ਵਿਖੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਫਾਇਦਾ ਚੁੱਕਿਆ। ਔਸਤਨ ਰੋਜ਼ਾਨਾ 45 ਤੋਂ 50 ਦੇ ਕਰੀਬ ਲੋਕ ਆ ਰਹੇ ਹਨ ਅਤੇ ਕੁਝ ਦਿਨਾਂ ਦੇ ਵਿਚ ਇਹ ਗਿਣਤੀ 65 ਅਤੇ 67 ਵੀ ਰਹੀ ਹੈ।
ਵਰਨਣਯੋਗ ਹੈ ਕਿ ਇਹ ਹਸਪਤਾਲ ਸੋਮਵਾਰ ਤੋਂ ਸ਼ਨੀਵਾਰ ਰੋਜ਼ਾਨਾ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਦਾ ਹੈ। ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਇਹ ਹਸਪਤਾਲ ਬੰਦ ਰਹਿੰਦਾ ਹੈ। ਇਥੇ ਸਰਕਾਰ ਵੱਲੋਂ ਦਵਾਈਆਂ ਦੇਣ ਵਾਸਤੇ ਪੱਕੇ ਫਾਰਮਾਸਿਸਟ ਦੀ ਨਿਯੁਕਤੀ ਵੀ ਹੁਣ ਕਰ ਦਿੱਤੀ ਗਈ ਹੈ। ਬਾਕੀ ਦੇ ਦੋ ਹੋਰ ਸਟਾਫ ਮੈਂਬਰ ਅਜੇ ਆਰਜੀ ਹਨ ਅਤੇ ਜਲਦੀ ਹੀ ਪੱਕੇ ਤੌਰ ਉਤੇ ਨਵਾਂ ਸਟਾਫ ਆਉਣ ਦੀ ਸੰਭਾਵਨਾ ਹੈ।