ਕਵਿਤਾਵਾਂ, ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫੀ, ਭੰਗੜਾ, ਗਿੱਧਾ, ਮੁੰਡੇ-ਕੁੜੀਆ ਦੇ ਹੋਏ ਡੈ੍ਰਸ ਮੁਕਾਬਲੇ-ਊੜੇ-ਐੜੇ ਵਾਲੇ ਬੱਚੇ ਛਾਏ
(ਔਕਲੈਂਡ):ਜੀਵਨ ਸੇਧਾਂ ਦੇਣ ਵਾਲਿਆਂ ਦੇ ਦੇਸ਼-ਵਿਦੇਸ਼ ਜਨਮ ਦਿਨ ਮਨਾਉਣੇ, ਸਮਾਗਮ ਕਰਨੇ, ਬੱਚਿਆਂ ਤੇ ਵੱਡਿਆਂ ਨੂੰ ਜੀਵਨ ਸੇਧਾਂ ਦਿੰਦੇ ਸ਼ੰਦੇਸ਼ ਦੇਣੇ ਅਸਲ ਵਿਚ ਦੇਸ਼ ਕੌਮ ਲਈ ਕੁਰਬਾਨ ਹੋਣ ਵਾਲਿਆਂ ਨੂੰ ਖੁਸ਼ੀ ਦਿੰਦੇ ਹੋਣਗੇ। ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਜਨਮ ਦਿਵਸ ਤਾਂ ਪੂਰੀ ਦੁਨੀਆ ਮਨਾਉਂਦੀ ਹੈ, ਪਰ ਦੇਸ਼ ਕੌਮ ਦੇ ਸ਼ਹੀਦਾਂ ਦਾ ਜਨਮ ਦਿਵਸ ਮਨਾਉਣਾ ਕਿਸੀ ਕਿਸੀ ਕੌਮੀ ਜਜ਼ਬੇ ਭਰੇ ਲੋਕਾਂ ਦੇ ਹਿੱਸੇ ਆਉਂਦਾ ਹੈ। ਨਿਊਜ਼ੀਲੈਂਡ ਦੇ ਵਿਚ ‘ਵਾਇਕਾਟੋ ਸ਼ਹੀਦ-ਏ-ਆਜ਼ਿਮ ਸ. ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ’ ਹਮਿਲਟਨ ਵੱਲੋਂ ਇਕ ਸ਼ਹੀਦ ਨਹੀਂ ਬਹੁਤਾਤ ਸ਼ਹੀਦਾਂ ਦਾ ਸਾਂਝਾ ਜਨਮ ਦਿਵਸ ਅੱਜ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ 22 ਰਿਚਮੰਡ ਸਟ੍ਰੀਟ ਹਮਿਲਟਨ ਵਿਖੇ ਮਨਾਇਆ ਗਿਆ। ਸਟੇਜ ਸੰਚਾਲਨ ਸ਼ਮਿੰਦਰ ਅਤੇ ਹਰਜੀਤ ਨੇ ਪੂਰਾ ਕੀਤਾ ਤੇ ਜਰਨੈਲ ਸਿੰਘ ਰਾਹੋਂ ਹੋਰਾਂ ਨੇ ਇਸ ਦੌਰਾਨ ਸਾਥ ਦਿੱਤਾ। ਆਏ ਮਹਿਮਾਨਾਂ ਦੇ ਵਿਚ ਹਮਿਲਟਨ ਦੀ ਮੇਅਰ ਸ੍ਰੀਮਤੀ ਪਾਉਲਾ ਸਾਊਥਗੇਟ, ਸਥਾਨਕ ਸਾਂਸਦ ਸ੍ਰੀ ਗੌਰਵ ਸ਼ਰਮਾ, ਸ. ਚਰਨਜੀਤ ਸਿੰਘ ਢਿੱਲੋਂ, ਕਰਨਦੀਪ ਸਿੰਘ ਜੰਜੂਆ, ਰਵਿੰਦਰ ਸਿੰਘ ਪੁਆਰ, ਸ.ਤਾਰਾ ਸਿੰਘ ਬੈਂਸ. ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ, ਸ. ਗੁਰਜਿੰਦਰ ਸਿੰਘ ਘੁੰਮਣ, ਸ੍ਰੀ ਮਨਜੀਤ ਸੰਧੂ ਹੇਸਟਿੰਗਜ਼, ਸ. ਸੁੱਚਾ ਸਿੰਘ ਰੰਧਾਵਾ, ਸ੍ਰੀਮਤੀ ਸੁਮਨ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਅਮਨਦੀਪ ਕੌਰ ਨੇ ਕਵਿਤਾ ਨਾਲ ਕੀਤੀ।
ਫਿਰ ਚੱਲ ਸੋ ਚੱਲ ਪ੍ਰੋਗਰਾਮ ਚੱਲਿਆ ਜਿਸ ਦੇ ਵਿਚ ਜੈਸਨਾਇਨਾ ਨੇ ਗੀਤ, ਵਾਇਕਾਟੋ ਮਲਟੀ ਕਲਚਰਲ ਸੰਸਥਾ ਵੱਲੋਂ ਐਕਸ਼ਨ ਗੀਤ, ਜਸਨੀਤ ਕੌਰ ਵੱਲੋਂ ਨਸ਼ਿਆਂ ਉਤੇ ਗੀਤ, ਉ. ਅ. ਟੀਮ ਵੱਲੋਂ ਬੱਚਿਆਂ ਰਾਹੀਂ ਪੰਜਾਬੀ ਪੈਂਤੀ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ। ਹਰ ਅੱਖਰ ਦੇ ਅਰਥ ਸਮਝਾਉਂਦੇ ਇਸ਼ਾਰੇ ਅਤੇ ਸੰਦੇਸ਼ ਵਧੀਆ ਪੰਜਾਬੀ ਮਾਹੌਲ ਸਿਰਜ ਗਏ। ਜਤਿੰਦਰ ਕੌਰ ਨੇ ਕਵਿਤਾ ਸੁਣਾਈ, ਗੁਰਜਿੰਦਰ ਕੌਰ ਬੱਬੂ ਨੇ ਗੀਤ ‘ਸਾਡੀ ਵੀਹੀ ਵਿਚ ਚੂੜੀਆਂ ਦਾ ਹੋਕਾ…’ ਗਾਇਆ, ਅਰਸ਼, ਕੋਮਲ ਅਤੇ ਜੱਸੀ ਨੇ ਗੀਤ ਗਾਇਆ। ਬੱਚਿਆਂ ਦੇ ਸੁੰਦਰ ਪੁਸ਼ਾਕ ਮੁਕਾਬਲੇ ਹੋਏ। ਚਰਨਜੀਤ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ। ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ, ਡੇਲੀ ਖਬਰ ਤੋਂ ਸ਼ਰਨਦੀਪ ਸਿੰਘ ਅਤੇ ਪੰਜਾਬੀ ਹੈਰਲਡ ਤੋਂ ਸ.ਹਰਜਿੰਦਰ ਸਿੰਘ ਬਸਿਆਲਾ ਨੂੰ ਸਨਮਾਨਿਤ ਕੀਤਾ ਗਿਆ।

ਹਮਿਲਟਨ ਵਿਖੇ ਗਿੱਧੇ ਭੰਗੜੇ ਦੀ ਤਿਆਰ ਹੋਈ ਟੀਮ ਜਿਸ ਦੇ ਵਿਚ ਬਹੁਤਾਤ ਬੱਚਿਆਂ ਦੀਆਂ ਮਾਵਾਂ ਦੀ ਸੀ, ਨੇ ਭੰਗੜਾ ਪਾ ਕੇ ਖੂਬ ਮਾਹੌਲ ਬੰਨਿ੍ਹਆ। ਪੰਜਾਬੀ ਸਕੂਲ ਦੇ ਬੱਚਿਆਂ ਨੇ ਅਤੇ ਪਿ੍ਰਤਪਾਲ ਬਰਾੜ ਦੇ ਗੀਤ ਨੂੰ ਸੋਹਣਾ ਰੰਗ ਬੰਨ੍ਹ ਗਏ। ਡ੍ਰੈਸ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਸ੍ਰੀ ਮਨਜੀਤ ਸੰਧੂ ਹੇਸਟਿੰਗਜ਼, ਜੇ.ਬੀ. ਸਿੰਘ ਪ੍ਰਧਾਨ ਸੀਨੀਅਰ ਸਿਟੀਜ਼ਨ, ਸ੍ਰੀਮਤੀ ਪਰਮਵੀਰ ਕੌਰ ਗਿੱਲ ਅਤੇ ਸ.ਸੁੱਚਾ ਸਿੰਘ ਰੰਧਾਵਾ ਨੇ ਨਿਭਾਈ। ਪਹਿਲਾ ਇਨਾਮ (ਲੜਕੇ) ਨਵਤਾਜ ਸੰਘੇੜਾ ਪਹਿਲੇ ਨੰਬਰ ’ਤੇ, ਦੂਜੇ ਨੰਬਰ ਉਤੇ ਇਆਨ ਪੁਰੇਵਾਲ ਅਤੇ ਤੀਜੇ ਨੰਬਰ ਉਤੇ ਰਿਆਨ ਪੁਰੇਵਾਲ ਰਹੇ। ਲੜਕੀਆਂ ਦੇ ਵਿਚ ਪਰਲ ਮੈਥਿਊ ਪਹਿਲੇ ਨੰਬਰ ਉਤੇ, ਇਨਾਇਕ ਕੌਰ ਦੂਜੇ ਅਤੇ ਤੀਜੇ ਉਤੇ ਭਵਰੀਤ ਸੈਣੀ।
ਸਟੇਜ ਉਤੇ ਅਰਸ਼ ਬਰਾੜ, ਮੋਨਿਕਾ ਪੁਰੇਵਾਲ, ਹਰਗੁਣਜੀਤ ਸਿੰਘ ਅਤੇ ਮਨੀਸ਼ਾ ਨਾਗਰਾ ਨੇ ਵਾਰੋ-ਵਾਰੀ ਸਟੇਜ ਉਤੇ ਰੌਣਕਾਂ ਲਾਈ ਰੱਖੀਆਂ। ਸਮਾਗਮ ਦੇ ਅੰਤ ਵਿਚ ਮੋਨਿਕਾ ਥੋਰ ਪੁਰੇਵਾਲ ਨੇ ਆਏ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਸ਼ਹੀਦਾਂ ਦੇ ਜਨਮ ਦਿਨ ਉਤੇ ਜੀਵਨ ਸੇਧਾਂ ਦਿੰਦਾ ਇਹ ਸਮਾਗਮ ਖੁਸ਼ੀ-ਖੁਸ਼ੀ ਖਤਮ ਹੋ ਗਿਆ।