ਦੇਸ਼ ਅੰਦਰ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਤਨਖ਼ਾਹਾਂ ਵਿਚਲਾ ਫਾਸਲਾ ਹੋਵੇਗਾ ਖ਼ਤਮ…..?

ਐਂਥਨੀ ਐਲਬਨੀਜ਼ ਜਦੋਂ ਦੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਬਾਕੀ ਗੱਲਾਂ ਦੇ ਨਾਲ ਨਾਲ ਇਹ ਗੱਲ ਵੀ ਖਟਕਦੀ ਰਹੀ ਹੈ ਕਿ ਦੇਸ਼ ਅੰਦਰ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਆਦਿ ਵਿੱਚ ਅੰਤਰ ਕਿਉਂ ਹੈ…. ਅਤੇ ਇਸ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ…..?
ਹੁਣ ਸਰਕਾਰ ਫੈਸਲੇ ਕਰ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਕਤ ਬਰਾਬਰਤਾ ਨੂੰ ਇਸੇ ਸਾਲ ਦੇ ਅੰਤ ਤੱਕ ਕਾਇਮ ਕਰ ਲਿਆ ਜਾਵੇਗਾ ਅਤੇ ਏਜਡ ਕੇਅਰ ਅਤੇ ਛੋਟੇ ਬੱਚਿਆਂ ਦੀ ਦੇਖਭਾਲ ਵਾਲੇ ਕੰਮਾਂ-ਕਾਜਾਂ ਵਿੱਚ ਲੱਗੀਆਂ ਮਹਿਲਾਵਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।
ਰੌਜ਼ਗਾਰ ਅਤੇ ਕੰਮਕਾਜ ਦੀਆਂ ਥਾਂਵਾਂ ਸਬੰਧੀ ਵਿਭਾਗਾਂ ਦੇ ਮੰਤਰੀ ਟੋਨੀ ਬਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਸੱਚ ਹੈ ਕਿ ਆਸਟ੍ਰੇਲੀਆ ਅੰਦਰ ਉਪਰੋਕਤ ਥਾਂਵਾਂ ਤੇ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਪੁਰਸ਼ਾਂ ਦੀ ਬਨਿਸਪਤ 14% ਤੱਕ ਘੱਟ ਤਨਖਾਹ ਮਿਲਦੀ ਹੈ ਅਤੇ ਇਹ ਫ਼ਰਕ ਪ੍ਰਤੀ ਹਫ਼ਤੇ ਦੇ 250 ਡਾਲਰਾਂ ਤੱਕ ਪਹੁੰਚ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਕੰਮਕਾਜ ਕਰਨ ਦੇ ਤਰੀਕੇ ਅਤੇ ਘੰਟੇ ਇੱਕੋ ਹਨ ਤਾਂ ਫੇਰ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਤਨਖ਼ਾਹਾਂ ਵਿੱਚ ਅੰਤਰ ਹੋਣਾ ਹੀ ਨਹੀਂ ਚਾਹੀਦਾ ਅਤੇ ਐਲਬਨੀਜ਼ ਸਰਕਾਰ ਇਸ ਅੰਤਰ ਨੂੰ ਖ਼ਤਮ ਕਰਨ ਵਾਸਤੇ ਕਦਮ ਚੁੱਕ ਚੁਕੀ ਹੈ।