ਬਿਲਕੀਸ ਬਾਨੋ ਜਬਰ ਜਨਾਹ ਤੇ ਕਤਲ ਕੇਸ ਦੇ ਗਿਆਰਾਂ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਨਾਲ ਕੇਵਲ ਪੀੜ੍ਹਤ ਬਾਨੋ ਦਾ ਹਿਰਦਾ ਹੀ ਨਹੀਂ ਵਲੂੰਧਰਿਆ ਗਿਆ, ਬਲਕਿ ਭਾਰਤ ਦੀ ਹਰ ਇੱਕ ਔਰਤ ਇਹ ਮਹਿਸੂਸ ਕਰਦਿਆਂ ਨਿਰਾਸ਼ ਤੇ ਉਦਾਸ ਹੋਈ ਹੈ, ਕਿ ਭਾਜਪਾ ਦੇ ਰਾਜ ਭਾਗ ‘ਚ ਔਰਤਾਂ ਨਾਲ ਅਨਿਆਂ ਹੋ ਰਿਹਾ ਹੈ। ਇੱਥੇ ਹੀ ਬੱਸ ਨਹੀਂ ਅਜਿਹੇ ਖਤਰਨਾਕ ਅਪਰਾਧੀਆਂ ਨੂੰ ਜੇਲ੍ਹ ਤੋਂ ਬਾਹਰ ਆਉਣ ਤੇ ਹਿੰਦੂ ਸੰਗਠਨਾਂ ਵੱਲੋਂ ਸਨਮਾਨਿਤ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਮੰਨੇ ਜਾਂਦੇ ਭਾਰਤ ਦੇਸ ਦੇ ਮੱਥੇ ਤੇ ਕਲੰਕ ਦਾ ਟਿੱਕਾ ਲਾ ਦਿੱਤਾ ਗਿਆ ਹੈ। ਅੱਜ ਦੁਨੀਆਂ ਭਰ ਦੇ ਬੁੱਧੀਜੀਵੀ ਤੇ ਮਨੁੱਖੀ ਅਧਿਕਾਰ ਸੰਗਠਨ ਇਸ ਸਮੁੱਚੇ ਮਾਮਲੇ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ, ਕਿਉਂਕਿ ਰਿਹਾਅ ਕੀਤੇ ਫ੍ਰਿਕਾਪ੍ਰਸਤ ਖਤਰਨਾਕ ਅਪਰਾਧੀ ਗਰਭਵਤੀ ਔਰਤ ਨਾਲ ਜਬਰ ਜਨਾਹ, ਨੰਨ੍ਹੀ ਬੱਚੀ ਸਮੇਤ ਸੱਤ ਪਰਿਵਾਰਕ ਮੈਂਬਰਾਂ ਨੂੰ ਕਤਲ ਕਰਕੇ ਉਹਨਾਂ ਦੀਆਂ ਖੋਪੜੀਆਂ ਲਾਹੁਣ ਵਰਗੇ ਘਿਨਾਉਣੇ ਦੋਸ਼ਾਂ ਲਈ ਸਜ਼ਾ ਭੁਗਤ ਰਹੇ ਸਨ।
ਸਮੁੱਚੇ ਘਟਨਾਕ੍ਰਮ ਤੇ ਨਿਗਾਹ ਮਾਰੀ ਜਾਵੇ ਤਾਂ ਗੁਜਰਾਤ ਦੇ ਗੋਧਰਾ ਵਿਖੇ ਇੱਕ ਰੇਲ ਗੱਡੀ ਸਾਬਰਮਤੀ ਐਕਸਪ੍ਰੈਸ ਨੂੰ ਅੱਗ ਲਾ ਦਿੱਤੇ ਜਾਣ ਦੰਗੇ ਭੜਕ ਗਏ ਸਨ, ਹਿੰਦੂ ਫਿਰਕਾਪ੍ਰਸਤ ਗੁੰਡਿਆਂ ਨੇ ਮੁਸਲਮਾਨਾਂ ਦੇ ਘਰ ਉਜਾੜਣੇ ਸੁਰੂ ਕਰ ਦਿੱਤੇ ਸਨ, ਕਤਲੋਗਾਰਦ ਹੋ ਰਹੀ ਸੀ। 1 ਮਾਰਚ 2002 ਨੂੰ ਅਜਿਹੇ ਦੰਗਾਕਾਰੀ ਬਿਲਕੀਸ ਬਾਨੋ ਦੇ ਘਰ ਪਹੁੰਚ ਗਏ, ਉਸ ਸਮੇਂ ਘਰ ਵਿੱਚ 21 ਸਾਲਾ ਗਰਭਵਤੀ ਬਾਨੋ, ਉਸਦੀ ਤਿੰਨ ਸਾਲ ਦੀ ਪੁੱਤਰੀ ਸਮੇਤ ਕੁੱਲ 16 ਮੈਂਬਰ ਸਨ। ਹਮਲਾਵਰ ਗੁੰਡਿਆਂ ਨੇ ਬਾਨੋ, ਉਸਦੀ ਮਾਂ ਅਤੇ ਤਿੰਨ ਹੋਰ ਪਰਿਵਾਰਕ ਔਰਤਾਂ ਨਾਲ ਦੁਰਵਿਵਹਾਰ ਕੀਤਾ। ਸਾਰਿਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਪਰਿਵਾਰ ਦੇ ਸੱਤ ਮੈਂਬਰ ਮਾਰ ਦਿੱਤੇ ਗਏ, 6 ਮੈਂਬਰ ਲਾਪਤਾ ਹੋ ਗਏ। ਜੁਲਮ ਦੀ ਇੰਤਹਾ ਹੀ ਸੀ ਕਿ ਪੰਜ ਮਹੀਨੇ ਦੀ ਗਰਭਵਤੀ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਉਸਦੀ ਨੰਨ੍ਹੀ ਬੱਚੀ ਨੂੰ ਪੈਰਾਂ ਤੋਂ ਫੜ ਕੇ ਪਟਕਾ ਕੇ ਫ਼ਰਸ ਤੇ ਮਾਰ ਕੇ ਉਸਦਾ ਕਤਲ ਕੀਤਾ ਗਿਆ। ਪਰਿਵਾਰ ਵਿੱਚੋਂ ਸਿਰਫ਼ ਬਾਨੋ, ਇੱਕ ਪੁਰਸ਼ ਤੇ ਇੱਕ 3 ਸਾਲ ਦਾ ਬੱਚਾ ਹੀ ਬਚੇ ਸਨ।
ਬੇਹੋਸ਼ੀ ਚੋਂ ਬਾਹਰ ਨਿਕਲਣ ਤੇ ਪੀੜ੍ਹਤ ਬਾਨੋ ਸਬੰਧਤ ਥਾਨੇ ਵਿੱਚ ਰਿਪੋਰਟ ਦਰਜ ਕਰਵਾਉਣ ਗਈ ਤਾਂ ਉੱਥੇ ਤਾਇਨਾਤ ਹੌਲਦਾਰ ਨੇ ਉਸਦੇ ਬਿਆਨਾਂ ਨੂੰ ਮੋੜ ਮਰੋੜ ਕੇ ਮੁਕੱਦਮਾ ਦਰਜ ਕੀਤਾ। ਇਸ ਉਪਰੰਤ ਜਦ ਕੌਮੀ ਮਨੁੱਖੀ ਅਧਿਕਾਰ ਸੰਸਥਾ ਨੇ ਆਵਾਜ ਉਠਾਈ ਤਾਂ ਦੇਸ ਦੀ ਸਰਵ ਉੱਚ ਅਦਾਲਤ ਨੇ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ। ਸੀ ਬੀ ਆਈ ਨੇ ਪੜਤਾਲ ਲਈ ਲਾਸਾਂ ਨੂੰ ਕਢਵਾਇਆ ਤਾਂ ਉਹਨਾਂ ਦੇ ਸਿਰਾਂ ਤੇ ਖੋਪੜੀਆਂ ਨਹੀਂ ਸਨ, ਇੱਥੇ ਹੀ ਬੱਸ ਨਹੀਂ ਲਾਸਾਂ ਦੀ ਸਨਾਖਤ ਹੋਣ ਤੋਂ ਰੌਲ ਘਚੋਲਾ ਪਾਉਣ ਲਈ ਪੋਸਟ ਮਾਰਟਮ ਕਰਨ ਤੋਂ ਬਾਅਦ ਉਹਨਾਂ ਦੇ ਸਿਰ ਧੜਾਂ ਨਾਲੋਂ ਅਲੱਗ ਕਰ ਦਿੱਤੇ ਗਏ ਸਨ। ਏਡੇ ਘਿਨਾਉਣੇ ਜੁਲਮਾਂ ਦੀ ਜਾਂਚ ਕਰਦਿਆਂ ਸੀ ਬੀ ਆਈ ਨੇ 19 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ, ਜਿਹਨਾਂ ਵਿੱਚ ਰਪਟ ਗਲਤ ਲਿਖਣ ਵਾਲਾ ਹੌਲਦਾਰ ਤੇ ਇੱਕ ਡਾਕਟਰ ਵੀ ਸ਼ਾਮਲ ਕੀਤ ਗਿਆ। ਇਹਨਾਂ ਚੋਂ ਜਸਵੰਤ, ਗੋਬਿੰਦ ਤੇ ਨਰੇਸ ਨੇ ਬਲਾਤਕਾਰ ਕੀਤਾ ਸੀ ਅਤੇ ਸ਼ੇਲੇਸ ਨੇ ਬੱਚੀ ਨੂੰ ਪਟਕਾ ਕੇ ਮਾਰਿਆ ਸੀ।
ਅਦਾਲਤ ਵਿੱਚ ਮੁਕੱਦਮਾ ਚੱਲਿਆ ਤਾਂ ਪੀੜ੍ਹਤ ਬਾਨੋ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। ਪਰ ਉਸਨੇ ਬਹੁਤ ਦਲੇਰੀ ਨਾਲ ਖੜਦਿਆਂ ਲੜਾਈ ਲੜੀ। ਅਖ਼ੀਰ ਅਦਾਲਤ ਨੇ ਜਨਵਰੀ 2008 ਵਿੱਚ 11 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦੋਸ਼ੀਆਂ ਨੇ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ, ਪਰ ਹਾਈਕੋਰਟ ਵੱਲੋਂ 2017 ਵਿੱਚ ਫੈਸਲਾ ਸੁਣਾਉਂਦਿਆਂ ਇਹ ਸਜਾ ਬਹਾਲ ਰੱਖੀ। 2019 ਵਿੱਚ ਸਰਵ ਉੱਚ ਅਦਾਲਤ ਨੇ ਇਸ ਮਾਮਲੇ ਸਬੰਧੀ ਗੁਜਰਾਤ ਸਰਕਾਰ ਨੂੰ ਹਦਾਇਤ ਕੀਤੀ ਕਿ ਪੀੜ੍ਹਤ ਔਰਤ ਬਿਲਕੀਸ ਬਾਨੋ ਨੂੰ 50 ਲੱਖ ਰੁਪਏ ਦਾ ਮੁਆਵਜਾ ਇੱਕ ਹਫ਼ਤੇ ਦੇ ਅੰਦਰ ਅੰਦਰ ਦਿੱਤਾ ਜਾਵੇ। ਇਸਤੋਂ ਬਾਅਦ ਦੋਸ਼ੀਆਂ ਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਇਰ ਕੀਤੀ ਕਿ ਉਹ ਪੰਦਰਾਂ ਸਾਲ ਤੋਂ ਵੱਧ ਸਜਾ ਭੁਗਤ ਚੁੱਕੇ ਹਨ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਇਸ ਦਰਖਾਸਤ ਤੇ ਕਾਰਵਾਈ ਕਰਦਿਆਂ ਮਾਨਯੋਗ ਅਦਾਲਤ ਨੇ ਗੁਜਰਾਤ ਸਰਕਾਰ ਨੂੰ ਗੌਰ ਕਰਨ ਲਈ ਕਿਹਾ। ਗੁਜਰਾਤ ਸਰਕਾਰ ਤਾਂ ਅਜਿਹੇ ਮੌਕੇ ਦੀ ਤਲਾਸ਼ ਵਿੱਚ ਹੀ ਸੀ। ਉਸਨੇ ਇੱਕ ਕਮੇਟੀ ਗਠਿਤ ਕਰ ਦਿੱਤੀ, ਜਿਸਨੇ ਪੀੜ੍ਹਤ ਪਰਿਵਾਰ ਨਾਲ ਸੰਪਰਕ ਕਰਨਾ ਵੀ ਜਰੂਰੀ ਨਾ ਸਮਝਿਆ। ਗੁਪਤ ਤੌਰ ਤੇ ਰਿਪੋਰਟ ਤਿਆਰ ਕਰਕੇ ਕਮੇਟੀ ਨੇ ਰਿਹਾਈ ਲਈ ਸਿਫ਼ਾਰਸ ਕਰ ਦਿੱਤੀ। ਇਸ ਸਿਫਾਰਸ ਦੇ ਅਧਾਰ ਤੇ ਸਰਕਾਰ ਨੇ 15 ਅਗਸਤ 2022 ਦੇ ਆਜ਼ਾਦੀ ਦਿਵਸ ਮੌਕੇ ਇਹਨਾਂ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ।
ਰਿਹਾਅ ਕਰਨਾ ਤਾਂ ਹਿੰਦੂ ਫਿਰਕਾਪ੍ਰਸਤੀ ਦਾ ਪਰਤੱਖ ਸਬੂਤ ਹੈ ਹੀ ਸੀ, ਉਸਤੋਂ ਵੀ ਅੱਗੇ ਵਿਸਵ ਹਿੰਦੂ ਪ੍ਰੀਸ਼ਦ ਨੇ ਰਿਹਾਅ ਕੀਤੇ ਇਹਨਾਂ ਦੋਸੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕਰਕੇ ਉਹਨਾਂ ਦੇ ਅਪਰਾਧਾਂ ਦੇ ਹੱਕ ਵਿੱਚ ਮੋਹਰ ਲਾ ਦਿੱਤੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਇੱਕ ਕਤਲ ਦੇ ਦੋਸਾਂ ਹੇਠ ਵੀ ਭਾਰਤ ਦੀਆਂ ਜੇਲ੍ਹਾਂ ਵਿੱਚ ਦੋਸੀ ਵੀਹ ਵੀਹ ਸਾਲਾਂ ਤੋਂ ਬੈਠੇ ਹਨ, ਉਹਨਾਂ ਨੂੰ ਤਾਂ ਰਿਹਾਅ ਨਹੀਂ ਕੀਤਾ ਗਿਆ। ਸਿੱਖ ਕੈਦੀਆਂ ਦੀ ਰਿਹਾਈ ਲਈ ਦੁਨੀਆਂ ਭਰ ਚੋਂ ਆਵਾਜ਼ ਬੁਲੰਦ ਹੋ ਰਹੀ ਹੈ, ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਫੇਰ ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਤੇ ਨੰਨ੍ਹੀ ਬੱਚੀ ਸਮੇਤ ਸੱਤ ਇੱਕੋ ਪਰਿਵਾਰ ਦੇ ਮੈਂਬਰਾਂ ਨੂੰ ਕਤਲ ਕਰਨ ਵਾਲੇ ਗੁੰਡਿਆਂ ਨੂੰ ਰਿਹਾਅ ਕਰਨ ਦੀ ਕੀ ਲੋੜ ਪੈ ਗਈ। ਇਸਦਾ ਅਸਲ ਜਵਾਬ ਤਾਂ ਇਹ ਹੀ ਹੈ ਭਾਜਪਾ ਸਰਕਾਰ ਘੱਟ ਗਿਣਤੀਆਂ ਅਤੇ ਔਰਤਾਂ ਤੇ ਹਮਲਾ ਕਰਨ ਵਾਲੇ ਗੁੰਡਿਆਂ ਦੇ ਪਿੱਛੇ ਢਾਲ ਬਣ ਕੇ ਖੜੀ ਹੈ।
ਅਜਾਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਔਰਤਾਂ ਦੀ ਸੁਰੱਖਿਆ ਤੇ ਸ਼ਕਤੀਕਰਨ ਦੀ ਗੱਲ ਕਰ ਰਹੇ ਸਨ, ਵੱਡੇ ਵੱਡੇ ਵਾਅਦੇ ਕਰ ਰਹੇ ਸਨ, ਦੂਜੇ ਪਾਸੇ ਗੁਜਰਾਤ ਵਿੱਚ ਇਸੇ ਦਿਹਾੜੇ ਤੇ ਔਰਤਾਂ ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਰਿਹਾਅ ਕੀਤਾ ਜਾ ਰਿਹਾ ਸੀ। ਸ੍ਰੀ ਮੋਦੀ ਦੀ ਇਹ ‘ਮੂੰਹ ‘ਚ ਰਾਮ ਰਾਮ, ਬਗਲ ਵਿੱਚ ਛੁਰੀ’ ਵਾਲੀ ਚਾਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮਾਣ ਸਨਮਾਣ ਤੇ ਸੱਟ ਮਾਰੀ ਹੈ। ਅੱਜ ਪੀੜ੍ਹਤ ਬਿਲਕੀਸ ਬਾਨੋ ਇਹ ਕਹਿਣ ਲਈ ਮਜਬੂਰ ਹੋਈ ਹੈ, ”20 ਸਾਲਾਂ ਮਗਰੋਂ ਜ਼ਖਮ ਮੁੜ ਅੱਲੇ ਹੋ ਗਏ ਹਨ, ਮੈਂ ਆਪਣੇ ਦੇਸ ਦੀਆਂ ਅਦਾਲਤਾਂ ਤੇ ਵਿਸਵਾਸ ਕੀਤਾ, ਸਿਸਟਮ ਤੇ ਯਕੀਨ ਕੀਤਾ, ਆਪਣੇ ਜ਼ਖਮਾਂ ਨਾਲ ਜਿਉਣਾ ਸਿੱਖਿਆ, ਪਰ ਮੁਜਰਮਾਂ ਦੀ ਰਿਹਾਈ ਨੇ ਮੇਰਾ ਸਕੂਨ ਖੋਹ ਲਿਆ ਅਤੇ ਨਿਆਂ ਵਿਵਸਥਾ ਵਿੱਚੋ ਮੇਰਾ ਵਿਸਵਾਸ ਟੁੱਟ ਗਿਆ।”
ਇਹ ਵਿਸਵਾਸ ਕੇਵਲ ਬਾਨੋ ਦਾ ਹੀ ਨਹੀਂ ਟੁੱਟਿਆ, ਭਾਰਤ ਦੀ ਹਰ ਔਰਤ ਦਾ ਟੁੱਟਿਆ ਹੈ, ਖਾਸ ਕਰਕੇ ਘੱਟ ਗਿਣਤੀ ਔਰਤਾਂ ਤਾਂ ਨਿਹੱਥੀਆਂ ਹੀ ਸਮਝਣ ਲਈ ਮਜਬੂਰ ਹਨ। ਜਿਸ ਦੇਸ ਦੀਆਂ ਸਰਕਾਰਾਂ ਹੀ ਘਿਨਾਉਣੇ ਅਪਰਾਧੀਆਂ ਦੀ ਮੱਦਦ ਕਰਨ ਲੱਗ ਜਾਣ ਤਾਂ ਉਸ ਦੇਸ ਦੇ ਲੋਕ ਕਿਸ ਆਸਰੇ ਸੁਰੱਖਿਅਤ ਸਮਝ ਸਕਦੇ ਹਨ। ਇਹ ਬਾਨੋ ਜਬਰ ਜਨਾਹ ਤੇ ਕਤਲ ਕੇਸ ਵਿੱਚ ਰਿਹਾਅ ਕੀਤੇ ਗੁੰਡਿਆਂ ਦੀ ਰਿਹਾਈ ਵਿਰੁੱਧ ਸਮੁੱਚੇ ਦੋਸ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ। ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਆਪਣੀ ਹੋ ਰਹੀ ਕਿਰਕਰੀ ਤੋਂ ਬਚਣ ਲਈ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਹਦਾਇਤ ਕੀਤੀ ਜਾਵੇ।