ਬਾਬਾ ਨਜਮੀ ਦੇ ਨਿਵੇਕਲੇ ਅੰਦਾਜ਼ ਅਤੇ ਸ਼ਾਇਰੀ ਨੇ ਸਰੋਤਿਆਂ ਨੂੰ ਮੋਹ ਲਿਆ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬਾਬਾ ਨਜਮੀ ਦਾ ਸਨਮਾਨ

(ਸਰੀ) – ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਚ ਕਰਵਾਏ ਗਏ ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਨਾਮਵਰ ਪੰਜਾਬੀ ਸ਼ਾਇਰ ਬਾਬਾ ਨਜਮੀ ਨੇ ਆਪਣੇ ਨਿਵੇਕਲੇ ਅੰਦਾਜ਼ ਅਤੇ ਸ਼ਾਇਰੀ ਰਾਹੀਂ ਸਰੋਤਿਆਂ ਦੀ ਖੂਬ ਵਾਹ ਵਾਹ ਖੱਟੀ।

ਇਸ ਮੌਕੇ ਬਾਬਾ ਨਜਮੀ ਅਤੇ ਉਨ੍ਹਾਂ ਦੀ ਸ਼ਾਇਰੀ ਬਾਰੇ ਵਿਚਾਰ ਪੇਸ਼ ਕਰਦਿਆਂ ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ ਬਾਬਾ ਨਜਮੀ ਆਪਣੀ ਸ਼ਾਇਰੀ ਰਾਹੀਂ  150 ਦੇਸ਼ਾਂ ਵਿਚ ਵਸ ਰਹੇ ਗਲੋਬਲ ਪੰਜਾਬ ਦੇ ਪੰਜਾਬੀਆਂ ਨੂੰ ਧਰਮ, ਰੰਗ, ਨਸਲ, ਜਾਤ ਪਾਤ ਦੀਆਂ ਵਲਗਣਾ ਨੂੰ ਤਿਆਗਣ, ਆਪਣੀ ਮਾਂ ਬੋਲੀ ਨਾਲ ਨੂੰ ਪਿਆਰ ਕਰਨ ਅਤੇ ਪੰਜਾਬੀਆਂ ਦੀ ਸਾਂਝ ਨੂੰ ਪਕੇਰਾ ਕਰਨ ਦਾ ਬਹੁਤ ਵੱਡਾ ਕਾਰਜ ਕਰ ਰਹੇ ਹਨ। ਉਹ ਇਨਸਾਨੀਅਤ ਦਾ ਸੁਨੇਹਾ ਦੇ ਰਹੇ ਹਨ ਅਤੇ ਮਜ਼ਦੂਰਾਂ, ਦੱਬੇ ਕੁਚਲੇ ਲੋਕਾਂ ਨੂੰ ਆਪਣੀ ਤਾਕਤ ਪਛਾਨਣ ਦਾ ਹੋਕਾ ਦੇ ਰਹੇ ਹਨ। ਕੈਨੇਡਾ ਦੇ ਸਾਹਿਤਕ ਅਤੇ ਸੱਭਿਆਚਾਰ ਖੇਤਰ ਦੀ ਨਾਮਵਰ ਸ਼ਖ਼ਸੀਅਤ ਇਕਬਾਲ ਮਾਹਲ ਨੇ ਬਾਬਾ ਨਜਮੀ ਨਾਲ ਆਪਣੀ ਦੋਸਤੀ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਸਮੁੱਚੀ ਸ਼ਾਇਰੀ ਨੂੰ ਗੁਰਮੁਖੀ ਲਿਪੀਅੰਤਰ ਵਿਚ ਕਿਤਾਬੀ ਰੂਪ ਵਿਚ ਪਾਠਕਾਂ ਤੀਕ ਪੁਚਾਉਣ ਦੇ ਆਪਣੇ ਕਾਰਜ ਬਾਰੇ ਦੱਸਿਆ। ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਇੰਦਰ ਪਾਲ ਸੰਧੂ, ਸੰਤੋਖ ਸਿੰਘ ਮੰਡੇਰ, ਸ਼ੌਕਤ ਅਲੀ ਖਾਨ, ਪ੍ਰੋ. ਕਸ਼ਮੀਰਾ ਸਿੰਘ, ਸੁਰਜੀਤ ਕਲਸੀ ਅਤੇ ਪਰਮਿੰਦਰ ਸਵੈਚ ਨੇ ਵੀ ਬਾਬਾ ਨਜਮੀ ਨੂੰ ਕ੍ਰਾਂਤੀਕਾਰੀ ਮਹਾਨ ਕਵੀ ਕਿਹਾ। ਹਰਚੰਦ ਸਿੰਘ ਗਿੱਲ, ਬਿੱਕਰ ਸਿੰਘ ਖੋਸਾ, ਸੁਰਜੀਤ ਮਾਧੋਪੁਰੀ, ਹਰਚੰਦ ਬਾਗੜੀ ਅਤੇ ਹਰਚੰਦ ਸਿੰਘ ਗਿੱਲ ਨੇ ਕਾਵਿਕ ਰਚਨਾਵਾਂ ਰਾਹੀਂ ਬਾਬਾ ਨਜਮੀ ਨੂੰ ਜੀ ਆਇਆਂ ਕਿਹਾ।

ਬਾਬਾ ਨਜਮੀ ਨੇ ਆਪਣੇ ਮਿਹਨਤਕਸ਼ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਨੇ ਗਰੀਬੀ, ਮਜ਼ਦੂਰੀ, ਤੰਗਦਸਤੀ ਆਪਣੇ ਪਿੰਡੇ ਤੇ ਹੰਢਾਈ ਹੈ ਅਤੇ ਇਹ ਸ਼ਾਇਰੀ ਵੀ ਉਸੇ ਮਿਹਨਤੀ ਪਸੀਨੇ ਦੀ ਉਪਜ ਹੈ। ਉਨ੍ਹਾਂ ਲਗਾਤਾਰ ਆਪਣੀਆਂ ਕਵਿਤਾਵਾਂ, ਗ਼ਜ਼ਲਾਂ, ਸ਼ਿਅਰਾਂ ਦੀ ਬੁਲੰਦ ਪੇਸ਼ਕਾਰੀ ਰਾਹੀਂ ਸਰੋਤਿਆਂ ਤੋਂ ਖੂਬ ਦਾਦ ਹਾਸਲ ਕੀਤੀ।

ਦਿਲ ਸਮੁੰਦਰ ਰਹਿਣ ਨਹੀਂ ਦਿੱਤਾ ਫਾਦਰ, ਪੰਡਤ, ਮੁੱਲਾਂ ਨੇ।

ਸਭ ਨੂੰ ਰਲ ਕੇ ਬਹਿਣ ਨਹੀਂ ਦਿੱਤਾ ਫਾਦਰ, ਪੰਡਤ, ਮੁੱਲਾਂ ਨੇ।

ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।

ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ ।
ਭਾਂਬੜ ਜਹੀਆਂ ਧੁੱਪਾਂ ਵਿਚ ਵੀ, ਮੇਰੇ ਲੀੜੇ ਗਿੱਲੇ ਰਹੇ ।

ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ ।

ਸਭਾ ਵੱਲੋਂ ਇਸ ਮੌਕੇ ਬਾਬਾ ਨਜਮੀ ਅਤੇ ਇਕਬਾਲ ਮਾਹਲ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਸਾਹਿਤ ਅਤੇ ਵਿਦਿਅਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।

(ਹਰਦਮ ਮਾਨ) +1 604 308 6663

maanbabushahi@gmail.com