ਨਿਰੰਜਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਈ.ਡੀ. ਵੀ ਹਸਪਤਾਲ ਦੇ ਪ੍ਰਬੰਧਾਂ ਤੋਂ ਪ੍ਰੇਸ਼ਾਨ

ਨਿਰੰਜਣ ਸਿੰਘ ਨੇ ਮੈਡੀਕਲ ਸਟਾਫ ਸਮੇਤ ਮਰੀਜ਼ਾਂ ਨਾਲ ਵੀ ਕੀਤੀ ਗੱਲਬਾਤ : ਚੰਦਬਾਜਾ

(ਫ਼ਰੀਦਕੋਟ):- ਭਾਵੇਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਨੂੰ ਮਾਲਵਾ ਖੇਤਰ ਸਮੇਤ ਗੁਆਂਢੀ ਰਾਜਾਂ ਦੇ ਕੁਝ ਜ਼ਿਲਿਆਂ ਦੇ ਮਰੀਜ਼ਾਂ ਲਈ ਮਿੰਨੀ ਪੀਜੀਆਈ ਦੇ ਤੌਰ ‘ਤੇ ਮੰਨਿਆ ਅਤੇ ਪ੍ਰਚਾਰਿਆ ਜਾਂਦਾ ਹੈ ਪਰ ਜਦ ਵੀ ਕੋਈ ਮੰਤਰੀ ਜਾਂ ਉੱਚ ਅਧਿਕਾਰੀ ਉੱਥੋਂ ਦੇ ਹਾਲਾਤ ਦੇਖਦਾ ਹੈ ਤਾਂ ਉਸ ਲਈ ਹੈਰਾਨ ਤੇ ਪ੍ਰੇਸ਼ਾਨ ਹੋਣਾ ਸੁਭਾਵਿਕ ਹੈ। ਉੱਥੇ ਦਾਖਲ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਨਿਰੰਜਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਈ.ਡੀ. ਵੱਲੋਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੌਰਾ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ, ਉਸ ਤੋਂ ਬਾਅਦ ਡਾ. ਸਲੇਖ ਮਿੱਤਲ ਮੈਡੀਕਲ ਸੁਪਰਡੈਂਟ ਨਾਲ ਇਹਨਾਂ ਮੁਸ਼ਕਿਲਾਂ ਸਬੰਧੀ ਸ੍ਰ ਨਿਰੰਜਣ ਸਿੰਘ ਵਲੋਂ ਗੱਲਬਾਤ ਵੀ ਕੀਤੀ ਗਈ। ਨਿਰੰਜਣ ਸਿੰਘ ਮਰੀਜਾਂ ਨੂੰ ਆ ਰਹੀਆਂ ਮੁਸ਼ਕਿਲਾਂ, ਹਸਪਤਾਲ ਦੇ ਬਾਕੀ ਪ੍ਰਬੰਧਾਂ ਦੀ ਘਾਟ ਦੇਖ ਕੇ ਖੁਦ ਹੈਰਾਨ ਹੋਏ। ਉਹਨਾਂ ਨੂੰ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਮੈਂਬਰ ਮੈਡੀਕਲ ਸੁਧਾਰ ਕਮੇਟੀ ਨੇ ਦੱਸਿਆ ਕਿ ਪਿਛਲੀ ਅਤੇ ਹੁਣ ਵਾਲੀ ਸਰਕਾਰ ਦੇ ਮੰਤਰੀਆਂ ਸਮੇਤ ਫਰੀਦਕੋਟ ਅਤੇ ਕੋਟਕਪੂਰਾ ਦੇ ਐੱਮ.ਐੱਲ.ਏ. ਸਹਿਬਾਨ, ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮੈਡੀਕਲ ਪ੍ਰਸ਼ਾਸ਼ਨ ਦੀ ਹਾਜਰੀ ‘ਚ ਵੀ.ਸੀ. ਤੱਕ ਉਕਤ ਮੁਸ਼ਕਿਲਾਂ ਸਬੰਧੀ ਅਵਾਜ਼ ਉਠਾਉਂਦੇ ਰਹੇ ਪਰ ਵੀ.ਸੀ. ਨੇ ਇਹਨਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੋਈ ਕੰਮ ਨਹੀਂ ਕੀਤਾ, ਪਿਛਲੇ ਸਮੇਂ ਤੋਂ ਪ੍ਰਬੰਧਾਂ ਦੀ ਘਾਟ ਅਤੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਹਸਪਤਾਲ ਦਾ ਬੁਰਾ ਹਾਲ ਹੋ ਗਿਆ ਹੈ, ਜਿਸ ਕਰਕੇ ਪੰਜਾਬ ਦੇ 9 ਜ਼ਿਲੇ ਅਤੇ ਇਸ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾ ਦੇ ਮਰੀਜਾਂ ਤੇ ਉਹਨਾਂ ਦੇ ਵਾਰਸਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਰੰਜਣ ਸਿੰਘ ਨੇ ਕਿਹਾ ਕਿ ਮੈਂ ਇਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਜਰੂਰ ਭੇਜਾਂਗਾ। ਚੰਦਬਾਜਾ ਮੁਤਾਬਿਕ ਨਿਰੰਜਣ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੈਂਸਰ ਵਿਭਾਗ, ਐੱਮ.ਆਰ.ਆਈ., ਸੀ.ਆਰ. ਦਫਤਰ, ਅਲਟਰਾਸਾਊਂਡ, ਨਿਊਕਲੀਅਰ ਮੈਡੀਸਨ ਸਮੇਤ ਵੱਖ-ਵੱਖ ਵਾਰਡਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡੀਕਲ ਦੇ ਇੰਪਲਾਈਜ਼ ਯੂਨੀਅਨ ਦੇ ਆਗੂ ਜਸਵੀਰ ਸਿੰਘ ਅਤੇ ਵਿਕਾਸ ਅਰੋੜਾ ਆਦਿ ਵੀ ਹਾਜਰ ਸਨ।